ਔਰਤ ਨੇ ਨਹਿਰ ਵਿੱਚ ਛਾਲ ਮਾਰ ਕੇ ਕੀਤੀ ਆਤਮਹੱਤਿਆ….

ਰੂੜੇਕੇ ਕਲਾ-06 ਜੂਨ – ਮਾਨਸਿਕ ਰੂਪ ਨਾਲ ਪਰੇਸ਼ਾਨ ਇੱਕ ਮਹਿਲਾ ਦੁਆਰਾ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਰੂੜੇਕੇ ਕਲਾ ਦੇ ਇੰਚਾਰਜ ਐਸਐਚਓ ਗੁਰਮੇਲ ਸਿੰਘ ਨੇ ਦੱਸਿਆ ਕਿ ਅੱਜ ਇੱਕ ਔਰਤ ਦੀ ਲਾਸ਼ ਪਿੰਡ ਰੱਲਾ ਦੀ ਨਹਿਰ ਵਿੱਚੋਂ ਮਿਲੀ ਹੈ ਜਿਸ ਦੀ ਪਹਿਚਾਣ ਮਨਪ੍ਰੀਤ ਕੌਰ ਉਮਰ 38 ਸਾਲ ਵਾਸੀ ਮਾਨਾਪੱਤੀ ਰੂੜੇ ਕੇ ਕਲਾ ਦੇ ਤੌਰ ਤੇ ਹੋਈ ਹੈ। ਉਹਨਾਂ ਦੱਸਿਆ ਕਿ ਮਨਪ੍ਰੀਤ ਕੌਰ ਦੇ ਪਿਤਾ ਕੌਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਬਿਆਨਾਂ ਦੇ ਅਨੁਸਾਰ ਮਨਪ੍ਰੀਤ ਕੌਰ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੀ ਸੀ। ਉਸ ਨੇ ਅੱਜ ਸਵੇਰੇ ਪਿੰਡ ਰੱਲੇ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਉਹਨਾਂ ਦੱਸਿਆ ਕਿ ਮਨਪ੍ਰੀਤ ਕੌਰ ਦਾ ਪਤੀ ਪਿਛਲੇ ਕਈ ਸਾਲਾਂ ਤੋਂ ਘਰ ਵਾਰ ਛੱਡ ਕੇ ਨਹਿੰਗ ਸਿੰਘਾਂ ਨਾਲ ਰਲਿਆ ਹੋਇਆ ਸੀ। ਇਸ ਦੇ ਤਿੰਨ ਬੱਚੇ ਹਨ ਜਿਨਾਂ ਵਿੱਚੋਂ ਇੱਕ ਬੱਚਾ ਨਾਨਕੇ ਘਰ ਅਤੇ ਦੋ ਬੱਚੇ ਇਸ ਦੇ ਕੋਲ ਹੀ ਰਹਿੰਦੇ ਹਨ। ਐਸਐਚ ਓ ਗੁਰਮੇਲ ਸਿੰਘ ਨੇ ਅੱਗੇ ਗੱਲਬਾਤ ਕਰਦੇ ਦੱਸਿਆ ਕਿ ਲਾਸ ਦਾ ਪੋਸਟਮਾਰਟਮ ਕਰਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।