ਰੱਖੜੀ ਦੇ ਦਿਨ ਹੰਡਿਆਇਆ ਰੋਡ ’ਤੇ ਵਾਪਰਿਆ ਦਰਦਨਾਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਤ

ਹੰਡਿਆਇਆ, 29 ਅਗਸਤ (ਰਾਕੇਸ਼ ਜੇਠੀ): ਰੱਖੜੀ ਦੇ ਤਿਉਹਾਰ ਵਾਲੇ ਦਿਨ ਬਰਨਾਲਾ ਦੇ ਹੰਡਿਆਇਆ ਰੋਡ ’ਤੇ ਡੀ-ਮਾਰਟ ਦੇ ਸਾਹਮਣੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 22 ਸਾਲਾ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਮਨਜੋਤ ਸਿੰਘ, ਵਾਸੀ ਪਿੰਡ ਖੋਖਰ ਵਜੋਂ ਹੋਈ ਹੈ।
ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਅਮਨਜੋਤ ਸਿੰਘ ਮੋਟਰਸਾਈਕਲ ’ਤੇ ਆਪਣੀ ਸਹੀ ਸਾਈਡ ਤੋਂ ਆ ਰਿਹਾ ਸੀ। ਇਸੇ ਦੌਰਾਨ ਗ਼ਲਤ ਸਾਇਡ ਵੱਲੋਂ ਇੱਕ ਛੋਟਾ ਹਾਥੀ ਤੇਜ਼ ਰਫ਼ਤਾਰ ਨਾਲ ਆਇਆ, ਜਿਸ ਕਾਰਨ ਦੋਵਾਂ ਵਾਹਨਾਂ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਅਮਨਜੋਤ ਸਿੰਘ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।
ਘਟਨਾ ਤੋਂ ਬਾਅਦ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹਾਦਸੇ ਦੇ ਕਾਰਨਾਂ ਅਤੇ ਜ਼ਿੰਮੇਵਾਰੀ ਸਬੰਧੀ ਅਸਲ ਸਥਿਤੀ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।
