ਨਗਰ ਪੰਚਾਇਤ ਹੰਡਿਆਇਆ ਤੇ ਪੁਲਿਸ ਦੀ ਸਾਂਝੀ ਕਾਰਵਾਈ, ਨਾਜਾਇਜ਼ ਉਸਾਰੀ ਢਾਹੀ

ਹੰਡਿਆਇਆ, 25 ਅਗਸਤ (ਰਾਕੇਸ਼ ਜੇਠੀ): ਕਸਬਾ ਹੰਡਿਆਇਆ ਦੀ ਕਿਲ੍ਹਾ ਪੱਤੀ, ਵਾਰਡ ਨੰਬਰ 4 ਵਿੱਚ ਨਗਰ ਪੰਚਾਇਤ ਹੰਡਿਆਇਆ ਅਤੇ ਬਰਨਾਲਾ ਪੁਲਿਸ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਇੱਕ ਪਰਿਵਾਰ ਨਾਲ ਸਬੰਧਤ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ ਗਿਆ। ਪੁਲਿਸ ਅਨੁਸਾਰ ਉਕਤ ਪਰਿਵਾਰ ਦੇ ਕਈ ਮੈਂਬਰਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਨਸ਼ਾ ਤਸਕਰੀ ਨਾਲ ਸਬੰਧਤ ਮਾਮਲੇ ਦਰਜ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. (ਡੀ) ਸੰਜੀਵ ਕੁਮਾਰ ਸਿੰਗਲਾ ਨੇ ਦੱਸਿਆ ਕਿ ਰਾਜੂ ਸਿੰਘ ਪੁੱਤਰ ਬੂਟਾ ਸਿੰਘ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ 11 ਮਾਮਲੇ ਦਰਜ ਹਨ। ਉਹ ਦੋ ਵਾਰ ਜੇਲ੍ਹ ਵੀ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਰਾਜੂ ਸਿੰਘ ਦੀ ਪਤਨੀ ਗੇਲ ਕੌਰ ਖ਼ਿਲਾਫ਼ 7 ਮਾਮਲੇ, ਪੁੱਤਰ ਸੰਨੀ ਖ਼ਿਲਾਫ਼ 9 ਮਾਮਲੇ, ਪੁੱਤਰ ਹੈਪੀ ਖ਼ਿਲਾਫ਼ 6 ਮਾਮਲੇ, ਪੁੱਤਰ ਗਗੂ ਖ਼ਿਲਾਫ਼ 2 ਮਾਮਲੇ ਅਤੇ ਪੁੱਤਰ ਅਜੈ ਖ਼ਿਲਾਫ਼ 1 ਮਾਮਲਾ ਦਰਜ ਹੈ। ਪੁਲਿਸ ਮੁਤਾਬਕ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਖ਼ਿਲਾਫ਼ ਕੁੱਲ 36 ਮਾਮਲੇ ਦਰਜ ਹਨ।
ਐਸ.ਪੀ. (ਡੀ) ਸੰਜੀਵ ਕੁਮਾਰ ਸਿੰਗਲਾ ਨੇ ਦੱਸਿਆ ਕਿ ਰਾਜੂ ਸਿੰਘ ਦੀ ਪਤਨੀ ਅਤੇ ਪੁੱਤਰ ਸੰਨੀ ਇਸ ਸਮੇਂ ਜੇਲ੍ਹ ਵਿੱਚ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਨਾਲ ਜੁੜੇ ਵਿਅਕਤੀਆਂ ਵਿਰੁੱਧ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਸ਼ਿਕਾਇਤ ਦੇ ਆਧਾਰ ’ਤੇ ਨਾਜਾਇਜ਼ ਉਸਾਰੀ ਖ਼ਿਲਾਫ਼ ਕਾਰਵਾਈ
ਨਗਰ ਪੰਚਾਇਤ ਦੇ ਡੀ.ਐਮ. ਮਨਸਾਹਿਬ ਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਪਰਿਵਾਰ ਵੱਲੋਂ ਕੀਤੀ ਗਈ ਨਾਜਾਇਜ਼ ਉਸਾਰੀ ਸਬੰਧੀ ਨਗਰ ਪੰਚਾਇਤ ਕੋਲ ਸ਼ਿਕਾਇਤ ਪ੍ਰਾਪਤ ਹੋਈ ਸੀ। ਸ਼ਿਕਾਇਤ ਦੇ ਆਧਾਰ ’ਤੇ ਅੱਜ ਪੁਲਿਸ ਦੀ ਮੌਜੂਦਗੀ ਵਿੱਚ ਕਾਰਵਾਈ ਕਰਦਿਆਂ ਨਾਜਾਇਜ਼ ਉਸਾਰੀ ਢਾਹੀ ਗਈ। ਉਨ੍ਹਾਂ ਕਿਹਾ ਕਿ ਹੰਡਿਆਇਆ ਵਿੱਚ ਹੋਰ ਵੀ ਜਿੱਥੇ ਨਾਜਾਇਜ਼ ਉਸਾਰੀਆਂ ਪਾਈਆਂ ਗਈਆਂ ਹਨ, ਉਨ੍ਹਾਂ ਖ਼ਿਲਾਫ਼ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਡੀ.ਐਸ.ਪੀ. ਰਜਿੰਦਰ ਸਿੰਘ, ਡੀ.ਐਸ.ਪੀ. ਜਸਵਿੰਦਰ ਕੌਰ, ਇੰਚਾਰਜ ਬਲਜੀਤ ਸਿੰਘ ਚੀਮਾ, ਥਾਣਾ ਸਦਰ ਇੰਚਾਰਜ ਜਗਜੀਤ ਸਿੰਘ, ਚੌਂਕੀ ਇੰਚਾਰਜ ਤਰਸੇਮ ਸਿੰਘ, ਏ.ਐਸ.ਆਈ. ਸੁਖਚੈਨ ਸਿੰਘ, ਏ.ਐਸ.ਆਈ. ਜਸਵਿੰਦਰ ਕੌਰ, ਏ.ਐਸ.ਆਈ. ਦੀਪਕ ਕੁਮਾਰ, ਏ.ਐਸ.ਆਈ. ਮੁਕੇਸ਼ ਕੁਮਾਰ, ਨਗਰ ਪੰਚਾਇਤ ਕਲਰਕ ਵਰਿੰਦਰ ਸਿੰਘ, ਨਾਇਬ ਸਿੰਘ, ਹੌਲਦਾਰ ਸੁਰਜੀਤ ਸਿੰਘ, ਹੌਲਦਾਰ ਗੁਰਪ੍ਰੀਤ ਕੌਰ, ਲਵਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਅਤੇ ਨਗਰ ਪੰਚਾਇਤ ਦਾ ਸਟਾਫ਼ ਹਾਜ਼ਰ ਸੀ।
