ਸਫਾਈ ਸੇਵਕ ਯੂਨੀਅਨ ਹੰਡਿਆਇਆ ਵੱਲੋਂ EO ਤੇ ਪ੍ਰਧਾਨ ਦੇ ਪਤੀ ਖ਼ਿਲਾਫ਼ ਰੋਸ ਪ੍ਰਦਰਸ਼ਨ, ਨਾਅਰੇਬਾਜ਼ੀ

ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਨਹੀਂ ਪਾ ਰਹੇ ਮਤਾ :ਯੂਨੀਅਨ ਆਗੂ
ਹੰਡਿਆਇਆ,22ਅਗਸਤ(ਰਾਕੇਸ਼ ਜੇਠੀ)-ਅੱਜ ਸਫਾਈ ਸੇਵਕ ਯੂਨੀਅਨ ਹੰਡਿਆਇਆ ਵੱਲੋਂ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਸਰਬਜੀਤ ਕੌਰ ਦੇ ਪਤੀ ਨਿਰੰਜਨ ਸਿੰਘ ਦੇ ਖਿਲਾਫ ਨਾਰੇਬਾਜੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਫਾਈ ਸੇਵਕ ਯੂਨੀਅਨ ਹੰਡਿਆਇਆ ਦੇ ਪ੍ਰਧਾਨ ਵਿਜੇ ਕੁਮਾਰ ਖੁਡੀ ਅਤੇ ਮੀਤ ਪ੍ਰਧਾਨ ਰਾਣੀ ਕੌਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਿਛਲੇ ਦਿਨੀ 27-07-2026 ਨੂੰ ਮਾਨਯੋਗ ਲੋਕਲ ਬਾਡੀਜ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਸਫਾਈ ਸੇਵਕਾਂ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਉਹਨਾਂ ਨੇ ਆਊਟਸੋਰਸ ਤੇ ਠੇਕੇ ਤੇ ਕੰਮ ਕਰ ਰਹੇ ਸਫਾਈ ਸੇਵਕ ਮੁਲਾਜ਼ਮਾਂ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਲੋਕਲ ਪ੍ਰਸ਼ਾਸਨ ਨੂੰ ਮਤਾ ਪਾਸ ਕਰਨ ਲਈ ਕਿਹਾ ਸੀ।
ਉਸੇ ਸੰਬੰਧ ਵਿੱਚ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਅਤੇ ਪ੍ਰਧਾਨ ਸਰਬਜੀਤ ਕੌਰ ਦੇ ਪਤੀ ਨਿਰੰਜਨ ਸਿੰਘ ਨੇ ਮੀਟਿੰਗ ਕੀਤੀ ਅਤੇ ਸਰਕਾਰ ਦੁਆਰਾ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਅਨੁਸਾਰ ਮਤਾ ਨਹੀਂ ਪਾ ਰਹੇ ਸਨ, ਜਿਸ ਦਾ ਸਫਾਈ ਸੇਵਕ ਯੂਨੀਅਨ ਨੇ ਵਿਰੋਧ ਕੀਤਾ। ਜਿਸ ਕਾਰਨ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਅਤੇ ਨਿਰੰਜਨ ਸਿੰਘ ਕਿਸੇ ਵੀ ਸਫਾਈ ਸੇਵਕ ਦਾ ਬਿਨਾਂ ਕੋਈ ਮਤਾ ਪਾਸ ਕੀਤੇ ਮੀਟਿੰਗ ਛੱਡ ਕੇ ਚਲੇ ਗਏ। ਇਸ ਕਰਕੇ ਹੰਡਿਆਇਆ ਸਫਾਈ ਸੇਵਕ ਯੂਨੀਅਨ ਦੇ ਸਮੂਹ ਸਫਾਈ ਸੇਵਕਾਂ ਵਿੱਚ ਰੋਸ਼ ਹੈ ਅਤੇ ਉਹਨਾਂ ਨੇ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਅਤੇ ਨਿਰੰਜਨ ਸਿੰਘ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਨੇ ਜਲਦ ਹੀ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਸਫਾਈ ਸੇਵਕਾਂ ਦਾ ਮਤਾ ਨਹੀਂ ਪਾਇਆ ਤਾਂ ਸਮੂਹ ਸਫਾਈ ਸੇਵਕ ਅਣਮਿੱਥੇ ਸਮੇਂ ਲਈ ਹੜਤਾਲ ਕਰਨਗੇ, ਲੋੜ ਪੈਣ ਤੇ ਪੂਰੇ ਬਰਨਾਲੇ ਜਿਲੇ ਦੀ ਹੜਤਾਲ ਵੀ ਕਰਵਾਈ ਜਾ ਸਕਦੀ ਹੈ। ਜਿਸ ਦੀ ਪੂਰੀ ਜਿੰਮੇਵਾਰੀ ਕਾਰਜ ਸਾਧਕ ਅਫਸਰ ਅਤੇ ਨਿਰੰਜਣ ਸਿੰਘ ਦੀ ਹੋਵੇਗੀ, ਨਾ ਕਿ ਸਫਾਈ ਸੇਵਕ ਯੂਨੀਅਨ ਦੀ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਸਾਰੇ ਆਊਟ ਸੋਰਸ ਕਰਮਚਾਰੀਆਂ ਨੂੰ ਠੇਕੇ ਅਧੀਨ ਲਿਆਂਦਾ ਜਾਣਾ ਸੀ ਅਤੇ ਸਾਰੇ ਠੇਕੇ ਅਧੀਨ ਨੂੰ ਰੈਗੂਲਰ ਕਰਨਾ ਸੀ।ਇਸ ਮੌਕੇ ਉਹਨਾਂ ਨਾਲ ਸਕੱਤਰ ਪੰਕਜ ਕੁਮਾਰ, ਨਿਖਿਲ ਕੁਮਾਰ, ਵਿਸ਼ਾਲ ਕੁਮਾਰ, ਰਵੀ ਕੁਮਾਰ ਸਾਗਰ ਬੰਧਨਾ ਪੂਜਾ, ਕ੍ਰਿਸ਼ਨਾ, ਸ਼ੇਖਰ ਕੁਮਾਰ,ਰਾਣੀ, ਸੁਨੀਤਾ, ਕਮਲਾ ਤੇ ਕਿਰਨਾ ਤੋਂ ਇਲਾਵਾ ਸਫਾਈ ਸੇਵਕ ਮੌਜੂਦ ਸਨ।
ਜਦੋਂ ਇਸ ਸਬੰਧੀ ਨਗਰ ਪੰਚਾਇਤ ਹੰਡਿਆਇਆ ਦੀ ਪ੍ਰਧਾਨ ਸਰਬਜੀਤ ਕੌਰ ਦੇ ਪਤੀ ਨਿਰੰਜਨ ਸਿੰਘ ਨਾਲ ਗੱਲਬਾਤ ਕਰੀ ਤਾਂ ਉਹਨਾਂ ਦੱਸਿਆ ਕਿ ਕੱਲ ਦੀ ਮੀਟਿੰਗ ਵਿੱਚ ਕਾਰਜ ਸਾਧਕ ਅਫਸਰ ਦੇ ਨਾਲ ਸਾਰੇ ਐਮਸੀ ਸਾਹਿਬਾਨ ਮੌਜੂਦ ਸਨ। ਸਭ ਦੀ ਮੌਜੂਦਗੀ ਵਿੱਚ ਸਰਕਾਰੀ ਹਦਾਇਤਾਂ ਅਨੁਸਾਰ 5 ਸਫਾਈ ਸੇਵਕਾਂ ਨੂੰ ਕਟਰੈਕਟ ਤੋਂ ਰੈਗੂਲਰ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ ਅਤੇ 10-15 ਦਿਨਾਂ ਦੇ ਅੰਦਰ ਅੰਦਰ ਆਊਟ ਸੋਰਸ ਸਫਾਈ ਸੇਵਕਾਂ ਨੂੰ ਕੋਂਟਰੈਕਟ ਦੇ ਵਿੱਚ ਕਰਨ ਦਾ ਮਤਾ ਪਾਸ ਕਰ ਦਿੱਤਾ ਜਾਵੇਗਾ।
