ਮਤਾ ਨਾ ਪਾਏ ਜਾਣ ਤੋਂ ਭੜਕੇ ਸਫਾਈ ਸੇਵਕ, ਨਗਰ ਪੰਚਾਇਤ ਹੰਡਿਆਇਆ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ

ਹੰਡਿਆਇਆ, 27 ਅਗਸਤ (ਰਾਕੇਸ਼ ਜੇਠੀ)- ਨਗਰ ਪੰਚਾਇਤ ਹੰਡਿਆਇਆ ਦੇ ਸਫਾਈ ਸੇਵਕਾਂ ਵੱਲੋਂ ਆਊਟਸੋਰਸ ਕਰਮਚਾਰੀਆਂ ਨੂੰ ਕੰਟਰੈਕਟ ਬੇਸ ’ਤੇ ਲੈਣ ਸਬੰਧੀ ਮਤਾ ਪਾਸ ਨਾ ਕੀਤੇ ਜਾਣ ਦੇ ਰੋਸ ਵਜੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸਫਾਈ ਸੇਵਕਾਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਮੰਗ ਸਬੰਧੀ ਨਗਰ ਪੰਚਾਇਤ ਵੱਲੋਂ ਮਤਾ ਪਾਸ ਨਹੀਂ ਕੀਤਾ ਜਾਂਦਾ, ਹੜਤਾਲ ਜਾਰੀ ਰਹੇਗੀ।
ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ ਖੁਡੀ, ਸੀਨੀਅਰ ਮੀਤ ਪ੍ਰਧਾਨ ਰਾਣੇ ਕੌਰ ਅਤੇ ਸਕੱਤਰ ਪੰਕਜ ਕੁਮਾਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਯੂਨੀਅਨ ਵੱਲੋਂ 11 ਅਗਸਤ 2026 ਨੂੰ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਨੂੰ ਬੇਨਤੀ ਪੱਤਰ ਦੇ ਕੇ ਸਫਾਈ ਸੇਵਕਾਂ ਸਬੰਧੀ ਜਾਰੀ ਨੋਟੀਫਿਕੇਸ਼ਨ ਅਨੁਸਾਰ ਮਤਾ ਪਾਏ ਜਾਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਬੇਨਤੀ ’ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਸਫਾਈ ਸੇਵਕਾਂ ਨੂੰ ਹੜਤਾਲ ਦਾ ਰਾਹ ਅਪਣਾਉਣਾ ਪਿਆ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਸਥਾਨਕ ਸਰਕਾਰ ਡਾਇਰੈਕਟੋਰੇਟ ਵੱਲੋਂ 27 ਜੁਲਾਈ 2026 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਆਊਟਸੋਰਸ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਕੰਟਰੈਕਟ ਬੇਸ ’ਤੇ ਕੰਮ ’ਤੇ ਲਏ ਜਾਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਯੂਨੀਅਨ ਦਾ ਦੋਸ਼ ਹੈ ਕਿ ਇਸ ਨੋਟੀਫਿਕੇਸ਼ਨ ਦੇ ਬਾਵਜੂਦ ਨਗਰ ਪੰਚਾਇਤ ਹੰਡਿਆਇਆ ਵਿੱਚ ਇਸ ਸਬੰਧੀ ਮਤਾ ਪਾਸ ਨਹੀਂ ਕੀਤਾ ਗਿਆ।
ਸਫਾਈ ਸੇਵਕ ਯੂਨੀਅਨ ਨੇ ਦੋਸ਼ ਲਗਾਇਆ ਕਿ 21 ਅਗਸਤ 2026 ਨੂੰ ਹੋਈ ਮੀਟਿੰਗ ਦੌਰਾਨ ਵੀ ਸਫਾਈ ਸੇਵਕਾਂ ਨਾਲ ਸਬੰਧਤ ਮਤਾ ਪਾਸ ਨਹੀਂ ਕੀਤਾ ਗਿਆ। ਯੂਨੀਅਨ ਆਗੂਆਂ ਅਨੁਸਾਰ ਮੀਟਿੰਗ ਦੌਰਾਨ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਅਤੇ ਨਗਰ ਪੰਚਾਇਤ ਪ੍ਰਧਾਨ ਦੇ ਪਤੀ ਨਿਰੰਜਨ ਸਿੰਘ ਮੀਟਿੰਗ ਵਿਚਕਾਰੋਂ ਹੀ ਚਲੇ ਗਏ, ਜਿਸ ਕਾਰਨ ਮਾਮਲਾ ਹੱਲ ਨਹੀਂ ਹੋ ਸਕਿਆ।

ਸਥਾਨਕ ਸਰਕਾਰ ਦੁਆਰਾ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਕਾਪੀ
ਯੂਨੀਅਨ ਆਗੂਆਂ ਨੇ ਕਿਹਾ ਕਿ ਸਫਾਈ ਸੇਵਕਾਂ ਦੀ ਮੰਗ ਕੋਈ ਨਵੀਂ ਨਹੀਂ ਹੈ ਅਤੇ ਉਹ ਪਿਛਲੇ ਸਮੇਂ ਤੋਂ ਲਗਾਤਾਰ ਇਸ ਸਬੰਧੀ ਨਗਰ ਪੰਚਾਇਤ ਅਤੇ ਅਧਿਕਾਰੀਆਂ ਕੋਲ ਆਪਣੀ ਗੱਲ ਰੱਖਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨੋਟੀਫਿਕੇਸ਼ਨ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ ਤਾਂ ਸਫਾਈ ਸੇਵਕਾਂ ਨੂੰ ਰਾਹਤ ਮਿਲ ਸਕਦੀ ਹੈ, ਪਰ ਮਤਾ ਪਾਸ ਨਾ ਹੋਣ ਕਾਰਨ ਉਹ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰ ਰਹੇ ਹਨ।
ਸਫਾਈ ਸੇਵਕ ਯੂਨੀਅਨ ਨੇ ਐਲਾਨ ਕੀਤਾ ਕਿ ਜਦੋਂ ਤੱਕ ਨਗਰ ਪੰਚਾਇਤ ਹੰਡਿਆਇਆ ਵੱਲੋਂ ਸਫਾਈ ਸੇਵਕਾਂ ਸਬੰਧੀ ਮਤਾ ਪਾਸ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਹੜਤਾਲ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਪ੍ਰਭਾਵਿਤ ਹੋਣ ਦੀ ਸੂਰਤ ਵਿੱਚ ਇਸ ਦੀ ਜ਼ਿੰਮੇਵਾਰੀ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਅਤੇ ਨਿਰੰਜਨ ਸਿੰਘ ਦੀ ਹੋਵੇਗੀ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ 21 ਅਗਸਤ 2026 ਨੂੰ ਨਗਰ ਪੰਚਾਇਤ ਹੰਡਿਆਇਆ ਦੇ ਪੰਜ ਸਫਾਈ ਸੇਵਕਾਂ ਨੂੰ ਕੋਂਟਰੈਕਟ ਬੇਸ ਤੋਂ ਰੈਗੂਲਰ ਬੇਸ ਤੇ ਲਏ ਜਾਣ ਦਾ ਮਤਾ ਪਾਸ ਕਰ ਦਿੱਤਾ ਗਿਆ ਸੀ। ਹੁਣ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਜੋ ਸਫਾਈ ਕਰਮਚਾਰੀ ਆਊਟਸੋਰਸ ਤੇ ਹਨ ਉਹਨਾਂ ਨੂੰ ਜਲਦੀ ਹੀ ਕਟਰੈਕਟ ਬੇਸ ਤੇ ਕਰ ਲਿਆ ਜਾਵੇਗਾ। ਉਹਨਾਂ ਅੱਗੇ ਗੱਲਬਾਤ ਕਰਦੇ ਦੱਸਿਆ ਕਿ ਸਫਾਈ ਸੇਵਕਾਂ ਨੂੰ ਸਟੈਪ ਬਾਏ ਸਟੈਪ ਕੋਂਟਰੈਕਟ ਤੋਂ ਰੈਗੂਲਰ ਅਤੇ ਆਊਟ ਸੋਰਸ ਤੋਂ ਕਟਰੈਕਟ ਕੀਤਾ ਜਾ ਰਿਹਾ ਹੈ। ਸਾਰੇ ਪੰਜਾਬ ਵਿੱਚ ਜਿੰਨੀ ਵੀ ਕੋਂਟਰੈਕਟ ਬੇਸਡ ਕਰਮਚਾਰੀ ਸੀ, ਉਹਨਾਂ ਨੂੰ ਰੈਗੂਲਰ ਕਰ ਦਿੱਤਾ ਗਿਆ ਹੈ। ਜਲਦੀ ਹੀ ਸਾਰੇ ਆਊਟਸੋਰਸ ਸਫਾਈ ਕਰਮਚਾਰੀਆਂ ਨੂੰ ਕਟਰੈਕਟ ਬੇਸ ਤੇ ਕੀਤੇ ਜਾਣ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।
