ਹੰਡਿਆਇਆ ਦੇ ਨਗਰ ਪੰਚਾਇਤ ਮੁਲਾਜ਼ਮਾਂ ਵੱਲੋਂ ਸਮੂਹਿਕ ਹੜਤਾਲ ਦਾ ਸਮਰਥਨ, ਦਫ਼ਤਰੀ ਕੰਮਕਾਜ ਰਿਹਾ ਠੱਪ

ਹੰਡਿਆਇਆ, 27 ਅਗਸਤ (ਰਾਕੇਸ਼ ਜੇਠੀ)- ਪੰਜਾਬ ਮਿਊਂਸੀਪਲ ਵਰਕਰਜ਼ ਯੂਨੀਅਨ ਹੰਡਿਆਇਆ, ਜ਼ਿਲ੍ਹਾ ਬਰਨਾਲਾ ਵੱਲੋਂ ਸੂਬਾ ਮੀਤ ਪ੍ਰਧਾਨ ਨਾਇਬ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਵੱਲੋਂ ਕੀਤੀ ਗਈ ਸਮੂਹਿਕ ਹੜਤਾਲ ਦਾ ਸਮਰਥਨ ਕੀਤਾ ਗਿਆ। ਇਸ ਦੌਰਾਨ ਨਗਰ ਪੰਚਾਇਤ ਹੰਡਿਆਇਆ ਦੇ ਮੁਲਾਜ਼ਮਾਂ ਨੇ ਦਫ਼ਤਰੀ ਕੰਮਕਾਜ ਠੱਪ ਰੱਖ ਕੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਰੋਸ ਜਤਾਇਆ।
ਯੂਨੀਅਨ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਵੱਲ ਸਰਕਾਰ ਨੂੰ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਮੁੱਖ ਤੌਰ ’ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਲਈ ਇਕਜੁੱਟ ਹੋ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਨੂੰ ਇਨ੍ਹਾਂ ਮੰਗਾਂ ਦਾ ਜਲਦ ਹੱਲ ਕਰਨਾ ਚਾਹੀਦਾ ਹੈ।
ਇਸ ਮੌਕੇ ਨਗਰ ਪੰਚਾਇਤ ਹੰਡਿਆਇਆ ਦੇ ਮੁਲਾਜ਼ਮਾਂ ਵਿੱਚ ਰਣਜੀਤ ਸਿੰਘ ਕਲਰਕ, ਵਰਿੰਦਰ ਪਾਲ ਸਿੰਘ ਕਲਰਕ, ਕਮਲਦੀਪ ਕੌਰ ਕਲਰਕ, ਗੁਰਦੀਪ ਸਿੰਘ ਕਲਰਕ, ਰਵਿੰਦਰ ਸਿੰਘ ਕਲਰਕ, ਕੁਲਵੀਰ ਸਿੰਘ ਕਲਰਕ, ਲਖਵੀਰ ਸਿੰਘ, ਰਵੀ ਸਿੰਘ, ਜਗਸੀਰ ਸਿੰਘ, ਵਿਜੇ ਕੁਮਾਰ ਪ੍ਰਧਾਨ, ਰਾਣੀ, ਪੰਕਜ ਅਤੇ ਸਮੂਹ ਸਫਾਈ ਸੇਵਕ ਆਦਿ ਹਾਜ਼ਰ ਸਨ।
ਯੂਨੀਅਨ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੰਬਾ ਖਿੱਚਣ ਦੀ ਬਜਾਏ ਗੰਭੀਰਤਾ ਨਾਲ ਵਿਚਾਰ ਕਰਦਿਆਂ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ, ਤਾਂ ਜੋ ਮੁਲਾਜ਼ਮਾਂ ਵਿੱਚ ਪੈਦਾ ਹੋ ਰਹੀ ਨਾਰਾਜ਼ਗੀ ਨੂੰ ਦੂਰ ਕੀਤਾ ਜਾ ਸਕੇ।
