ਨਗਰ ਪੰਚਾਇਤ ਹੰਡਿਆਇਆ ਦੇ ਸਫਾਈ ਕਰਮਚਾਰੀਆਂ ਨੇ ਕੀਤੀ ਅਣਮਿੱਥੇ ਸਮੇਂ ਲਈ ਹੜਤਾਲ…..

ਹੰਡਿਆਇਆ-04ਅਪ੍ਰੈਲ-ਨਗਰ ਪੰਚਾਇਤ ਹੰਡਿਆਇਆ ਦੇ ਸਫਾਈ ਕਰਮਚਾਰੀਆਂ ਨੇ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ ਨੇ ਦੱਸਿਆ ਕਿ ਸਾਡੇ ਦੁਆਰਾ ਵਾਰ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਸਾਡੀਆਂ ਕੁਝ ਮੰਗਾਂ ਤੇ ਪਿਛਲੇ ਲੰਬੇ ਸਮੇਂ ਤੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਜਿਸ ਵਿੱਚ ਚਾਰ ਆਊਟਸੋਰ ਸਫਾਈ ਸੇਵਕਾਂ ਨੂੰ ਮਤਾ ਪਾ ਕੇ ਕੰਟਰੈਕਟ ਬੇਸ ਤੇ ਕਰਨ ਸਬੰਧੀ, ਵਿਜੇ ਕੁਮਾਰ ਪੁੱਤਰ ਮਲਰਾਮ ਦੀ ਮੌਤ ਨੂੰ ਦੋ ਸਾਲ ਹੋ ਜਾਣ ਉਪਰੰਤ ਵੀ ਉਸ ਦੇ ਪੀਐਫ ਦਾ ਬਕਾਇਆ ਨਾ ਦੇਣ ਸਬੰਧੀ ਅਤੇ ਪੱਕੇ ਸਫਾਈ ਸੇਵਕਾਂ ਦਾ ਪਿਛਲੇ ਲੰਬੇ ਸਮੇਂ ਤੋਂ ਖਾਤੇ ਵਿੱਚ ਜੀਪੀਐਫ ਜਮਾ ਨਾ ਕੀਤੇ ਜਾਣ ਸਬੰਧੀ ਹਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਨਾਇਬ ਸਿੰਘ ਕਲਰਕ ਵੱਲੋਂ ਕੰਮ ਕਰਨ ਦੇ ਬਾਵਜੂਦ ਸਫਾਈ ਸੇਵਕਾਂ ਦੀਆਂ ਗੈਰ ਹਾਜ਼ਰੀਆਂ ਲਗਾ ਕੇ ਤਨਖਾਹਾਂ ਕੱਟੀਆਂ ਜਾ ਰਹੀਆਂ ਹਨ। ਇਹਨਾਂ ਸਾਰੀਆਂ ਗੱਲਾਂ ਕਾਰਜ ਸਾਧਕ ਅਫਸਰ ਅਤੇ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਦੇ ਧਿਆਨ ਵਿੱਚ ਲਿਆ ਦਿੱਤੀਆਂ ਗਈਆਂ ਹਨ ਪ੍ਰੰਤੂ ਉਹਨਾਂ ਵੱਲੋਂ ਕੋਈ ਵੀ ਪੁਖਤਾ ਕਦਮ ਨਹੀਂ ਚੁੱਕੇ ਜਾ ਰਹੇ। ਜਿਸ ਕਾਰਨ ਸਾਨੂੰ ਮਜਬੂਰਨ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣਾ ਪਿਆ ਹੈ।ਜਦੋਂ ਇਸ ਸਬੰਧੀ ਕਾਰਜ ਸਾਧਕ ਅਫਸਰ ਵਿਸ਼ਾਲ ਦੀਪ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਲਦੀ ਹੀ ਸਮੂਹ ਐਮਸੀ ਸਾਹਿਬਾਨ ਨਾਲ ਮੀਟਿੰਗ ਵਿੱਚ ਸਫਾਈ ਸੇਵਕਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
