ਫਰਦ ਕੇਂਦਰਾ ਦਾ ਕੰਮ ਸੇਵਾ ਕੇਂਦਰਾਂ ਨੂੰ ਸੋਂਪਣ ਤੇ ਫਰਦ ਕੇਂਦਰਾਂ ਦੇ ਸਟਾਫ ਵਿੱਚ ਬਣਿਆ ਬੇਰੁਜਗਾਰ ਹੋਣ ਦਾ ਡਰ

ਸ਼ੇਰਪੁਰ-04ਅਪ੍ਰੈਲ-ਸੂਬੇ ਦੇ 188 ਫਰਦ ਕੇਂਦਰਾਂ ਵਿਖੇ ਸੀ.ਐਮ.ਐਸ ਕੰਪਿਉਟਰ ਲਿਮਟਡ ਦੇ ਮੁਲਾਜਮਾਂ ਵਜੋਂ ਕੰਮ ਕਰਦੇ 950 ਡਾਟਾ ਐਂਟਰੀ ਆਪ੍ਰੇਟਰਾਂ ਨੂੰ ਆਪਣੇ ਘਰਾਂ ਦੇ ਚੁਲ੍ਹੇ ਠੰਡੇ ਪੈਣ ਦਾ ਖੋਫ ਰਾਤ ਨੂੰ ਨੀਂਦ ਨਹੀਂ ਆਉਣ ਦੇ ਰਿਹਾ ਹੈ , ਕਿਉਂਕਿ ਮੋਜੂਦਾ ਸਰਕਾਰ ਫਰਦ ਕੇਂਦਰਾਂ ਦਾ ਕੰਮ ਸੇਵਾ ਕੇਂਦਰਾਂ ਨੂੰ ਦੇਣ ਦੀ ਤਿਆਰੀ ਵਿੱਚ ਹੈ ।ਕਿਸੇ ਵੇਲੇ ਸਿਉੰਕ ਦੇ ਖਾਧੇ ਕੁਇੰਟਲਾਂ ਵਜਨ ਵਾਲੇ ਕਾਗਜਾਂ ਵਿੱਚ ਸਮਾਏ ਹੋਏ ਜਮੀਨ ਜਾਇਦਾਦ ਦੇ ਰਿਕਾਰਡਾਂ ਨੂੰ ਦਿਨ-ਰਾਤ ਇੱਕ ਕਰਕੇ ਆਨ-ਲਾਇਨ ਕਰਨ ਦਾ ਦਾਅਵਾ ਕਰਨ ਵਾਲੇ ਇਹਨਾਂ ਡਾਟਾ ਐਂਟਰੀ ਆਪ੍ਰੇਟਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਕੀਤਾ ਜਾ ਰਿਹਾ ਫੈਸਲਾ ਮੁੜ ਵਿਚਾਰਿਆ ਜਾਵੇ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਦਰਪੇਸ਼ ਆਉਣ ਵਾਲੀ ਸੰਭਾਵਿਤ ਭੁੱਖਮਰੀ ਤੋਂ ਬਚਾਇਆ ਜਾਵੇ। ਇਸ ਸਬੰਧੀ ਸਮੂਹ ਫਰਦ ਕੇਂਦਰ ਸਟਾਫ ਸਬ-ਤਹਿਸੀਲ ਸ਼ੇਰਪੁਰ ਨੇ ਅਫਸੋਸ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਦੇ ਖਜਾਨੇ ਦੀ ਰੀੜ ਦੀ ਹੱਡੀ ਵਜੋਂ ਜਾਣੇ ਜਾਂਦੇ ਮਾਲ ਵਿਭਾਗ ਦਾ ਸਾਰਾ ਕੰਮ ਸਮੇਂ ਸਿਰ ਅਤੇ ਘੱਟ ਖਰਚ ਨਾਲ ਆਨ-ਲਾਇਨ ਕਰਨ ਲਈ ਉਹਨਾਂ ਦੀ ਪਿੱਠ ਥਾਪੜਨ ਦੀ ਬਜਾਏ ਸਰਕਾਰ ਨੇ ਉਹਨਾਂ ਨੂੰ ਬੇਰੁਜਗਾਰ ਕਰਨ ਦਾ ਮਨਸੁਬਾ ਤਿਆਰ ਕਰ ਲਿਆ ਹੈ।

