ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਤੇ ਚੱਲੀਆਂ ਗੋਲੀਆਂ, ਏਐਸਆਈ ਜ਼ਖਮੀ…..

ਤਰਨਤਾਰਨ- 1 ਮਾਰਚ-ਸੂਚਨਾ ਮਿਲਣ ਤੇ ਨਸ਼ਾ ਤਸਕਰ ਦੇ ਘਰ ਛਾਪਾ ਮਾਰਨ ਗਈ ਪੁਲਿਸ ਉੱਪਰ ਨਸ਼ਾ ਤਸਕਰ ਦੇ ਸਾਥੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਇੱਕ ਏਐਸਆਈ ਜ਼ਖਮੀ ਹੋ ਗਿਆ। ਡੀਐਸਪੀ ਗੋਇੰਦਵਾਲ ਸਾਹਿਬ ਅਤਲ ਸੋਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 25 ਫਰਵਰੀ ਨੂੰ ਹਰਦੇਵ ਸਿੰਘ ਨਾਮ ਦੇ ਵਿਅਕਤੀ ਨੂੰ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਪੁੱਛਕਿਛ ਦੌਰਾਨ ਉਸ ਨੇ ਦੱਸਿਆ ਕਿ ਇਹ ਨਸ਼ਾ ਜੋਬਨਜੀਤ ਸਿੰਘ ਉਰਫ ਰਾਜਾ ਤੋਂ ਪ੍ਰਾਪਤ ਕੀਤਾ ਸੀ। ਇਸ ਲਈ ਪੁਲਿਸ ਪਾਰਟੀ ਦੁਆਰਾ ਜੋਬਨਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਛਾਪਾ ਮਾਰਿਆ ਗਿਆ। ਪ੍ਰੰਤੂ ਉਸ ਦੇ ਸਾਥੀਆਂ ਵੱਲੋਂ ਉਸ ਨੂੰ ਛੜਾਉਣ ਲਈ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਇੱਟਾਂ ਰੋੜੇ ਵੀ ਸੁੱਟੇ ਗਏ।
ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਫਾਇਰਿੰਗ ਕੀਤੀ ਅਤੇ ਜੋਬਨਜੀਤ ਸਿੰਘ ਅਤੇ ਉਸ ਦੇ ਭਰਾ ਜਗਜੀਤ ਸਿੰਘ ਉਰਫ ਜੱਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਈ ਹਮਲਾਵਰ ਫਰਾਰ ਹੋ ਗਏ। ਜਿਸ ਵਿੱਚ ਜਗਜੀਤ ਸਿੰਘ ਜਖਮੀ ਹੋ ਗਿਆ ਸੀ। ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਗੋਲੀਬਾਰੀ ਵਿੱਚ ਏਐਸਆਈ ਸੁਰਜੀਤ ਸਿੰਘ ਜ਼ਖਮੀ ਹੋ ਗਏ ਜਿਨਾਂ ਦਾ ਇਲਾਜ ਚੱਲ ਰਿਹਾ ਹੈ।ਇਸ ਮੌਕੇ ਤੇ ਥਾਣਾ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਤੇ ਹੋਰ ਕਰਮਚਾਰੀ ਵੀ ਮੌਜੂਦ ਸਨ।