ਕੈਸ਼ੀਅਰ, ਖਾਤਾ ਧਾਰਕਾਂ ਦੇ ਲੱਖਾਂ ਰੁਪਏ ਲੈ ਕੇ ਫ਼ਰਾਰ

ਗੁਰਦਾਸਪੁਰ-13 ਜਨਵਰੀ-ਸ਼ਹਿਰ ਦੇ ਇੱਕ ਨਾਮੀ ਬੈਂਕ ਕੈਸ਼ੀਅਰ ਦੁਆਰਾ ਲੋਕਾਂ ਦੇ ਲੱਖਾਂ ਰੁਪਈਏ ਲੈ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ I ਜਾਣਕਾਰੀ ਅਨੁਸਾਰ ਬੈਂਕ ਆਫ ਬੜੋਦਾ ਸ਼ਾਖਾ ਗੁਰਦਾਸਪੁਰ ਵਿਖੇ ਕੰਮ ਕਰ ਰਹੇ ਇੱਕ ਕੈਸ਼ੀਅਰ ਨੇ ਕਈ ਖਾਤਾ ਧਾਰਕਾਂ ਨਾਲ ਧੋਖਾਧੜੀ ਕੀਤੀ ਹੈ। ਉਥੋਂ ਦੇ ਸੰਤ ਨਗਰ ਵਾਸੀ ਰੋਹੀ ਭਗਤ, ਰਜੇਸ਼ ਕੁਮਾਰ, ਕੁਲਦੀਪ ਕੌਰ ਆਦਿ ਨੇ ਦੱਸਿਆ ਕਿ ਉਹਨਾਂ ਨੇ ਬੈਂਕ ਕਰਮਚਾਰੀ ਤਲਜਿੰਦਰ ਸਿੰਘ, ਜੋ ਕਿ ਉਹਨਾਂ ਦੇ ਮਹੱਲੇ ਦਾ ਰਹਿਣ ਵਾਲਾ ਹੈ, ਦੁਬਾਰਾ ਗੱਲ ਸੁਣੀ ਸੀ ਕਿ ਬੈਂਕ ਵੱਲੋਂ 20% ਵਿਆਜ ਦੀ ਸਕੀਮ ਹੈ। ਇਸ ਸਕੀਮ ਵਿੱਚ ਪੈਸਾ ਲਗਾਉਣ ਲਈ ਉਹਨਾਂ ਨੇ ਚੈੱਕ ਦੇ ਦਿੱਤੇ ਪ੍ਰੰਤੂ ਬੈਂਕ ਵੱਲੋਂ ਉਹਨਾਂ ਨੂੰ ਕੋਈ ਮੈਸੇਜ ਨਾ ਆਇਆ, ਜਿਸ ਤੇ ਤਲਜਿੰਦਰ ਸਿੰਘ ਉਹਨਾਂ ਨੂੰ ਬਹਾਨੇ ਬਣਾਉਂਦਾ ਰਿਹਾ।
ਬਾਅਦ ਵਿੱਚ ਪਤਾ ਲੱਗਾ ਕਿ ਉਹ ਲੋਕਾਂ ਦੇ ਲੱਖਾਂ ਰੁਪਏ ਲੈ ਕੇ ਫਰਾਰ ਹੋ ਚੁੱਕਾ ਹੈ। ਬੈਂਕ ਅਧਿਕਾਰੀ ਪਵਨ ਨੇ ਦੱਸਿਆ ਕਿ ਬੈਂਕ ਵਿੱਚ ਕੰਮ ਕਰਦੇ ਤਲਜਿੰਦਰ ਨਾਮਕ ਕੈਸ਼ੀਅਰ ਨੇ ਗ੍ਰਾਹਕਾਂ ਤੋਂ ਚੈੱਕ ਅਤੇ ਨਗਦ ਰਕਮ ਲਈ ਅਤੇ ਉਹਨਾਂ ਨੂੰ ਰਸੀਦਾ ਵੀ ਦਿੱਤੀਆਂ।ਪਰੰਤੂ ਪੈਸੇ ਖਾਤਾ ਧਾਰਕਾਂ ਦੇ ਖਾਤੇ ਵਿੱਚ ਜਮਾ ਨਾ ਕਰਕੇ ਆਪਣੇ, ਆਪਣੇ ਪਤਨੀ ਅਤੇ ਆਪਣੇ ਹੋਰ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰਦਾ ਰਿਹਾ। ਜਦੋਂ ਇਸ ਧੋਖਾਧੜੀ ਦਾ ਪਤਾ ਲੱਗਾ ਤਾਂ ਬੈਂਕ ਨੇ ਐਸਐਸਪੀ ਬਟਾਲਾ ਨੂੰ ਲਿਖਤੀ ਸ਼ਿਕਾਇਤ ਦਿੱਤੀ।ਇਸ ਮਾਮਲੇ ਵਿੱਚ ਤਲਜਿੰਦਰ ਫਿਲਹਾਲ ਫਰਾਰ ਹੈ ਅਤੇ ਪੁਲਿਸ ਉਸ ਦੀ ਖੋਜ ਕਰ ਰਹੀ ਹੈ। ਪੁਲਿਸ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।