“4-5 ਹਜ਼ਾਰ ਵਿੱਚ ਉਮਰ ਵਧਾਓ, ਬੁੜਾਪਾ ਪੈਨਸ਼ਨ ਲਵਾਓ” ਦਾ ਸ਼ਰੇਆਮ ਚੱਲ ਰਿਹਾ ਧੰਦਾ

ਹੰਡਿਆਇਆ -11ਜਨਵਰੀ -ਪਿਛਲੇ ਕੁਝ ਸਮੇਂ ਤੋਂ ਬੁਢਾਪਾ ਪੈਨਸ਼ਨ ਲਗਵਾਉਣ ਦਾ ਹਰ ਕਿਸੇ ਨੂੰ ਕਰੇਜ ਬਣਿਆ ਹੋਇਆ ਹੈ ਕਿਉਂਕਿ ਸਰਕਾਰੀ ਪੈਸਾ ਖਾਣ ਦਾ ਸਭ ਤੋਂ ਆਸਾਨ ਤਰੀਕਾ ਪੈਨਸ਼ਨ ਹੈ। ਵਿਅਕਤੀ ਚਾਹੇ 50 ਸਾਲ ਜਾਂ 52 ਸਾਲ ਦਾ ਹੋਵੇ ਹਰ ਕੋਈ ਆਪਣੇ ਆਪ ਨੂੰ ਬੁਢਾਪਾ ਪੈਨਸ਼ਨ ਲਗਵਾਉਣ ਲਈ ਤਰਲੋ ਮੱਛੀ ਹੋਇਆ ਪਿਆ।ਚਾਹੇ ਸਰਕਾਰ ਨੇ ਬੁੜਾਪਾ ਪੈਨਸ਼ਨ ਲਈ ਮਰਦਾਂ ਦੀ 65 ਸਾਲ ਅਤੇ ਔਰਤਾਂ ਦੀ 58 ਸਾਲ ਉਮਰ ਨਿਰਧਾਰਿਤ ਕੀਤੀ ਹੋਈ ਹੈ ਪਰੰਤੂ ਅੱਜ ਕੱਲ 50-52 ਸਾਲ ਦੇ ਮਰਦ ਤੇ ਔਰਤਾਂ ਧੜਾ ਧੜ ਪੈਨਸ਼ਨਾਂ ਲਗਵਾਈ ਜਾ ਰਹੇ ਹਨ ਅਤੇ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ।
ਕੁਝ ਬਜ਼ੁਰਗਾਂ ਦੀ ਉਮਰ ਪੈਨਸ਼ਨ ਲਾਇਕ ਹੋ ਜਾਣ ਤੇ ਵੀ ਆਧਾਰ ਕਾਰਡ ਤੇ ਵੋਟਰ ਕਾਰਡ ਵਿੱਚ ਉਮਰਾਂ ਘੱਟ ਲਿਖੀਆਂ ਹੋਣ ਕਾਰਨ ਪੈਨਸ਼ਨ ਲੱਗਣ ਵਿੱਚ ਦਿੱਕਤ ਆਉਂਦੀ ਸੀ ਕਿਉਂਕਿ ਪਹਿਲਾਂ ਬਣੇ ਆਧਾਰ ਕਾਰਡ ਅੰਦਾਜੇ ਨਾਲ ਉਮਰਾ ਲਿਖਾਈਆਂ ਗਈਆਂ ਸਨ। ਜੋ ਬਜ਼ੁਰਗ ਦੀ ਉਮਰ ਪੈਨਸ਼ਨ ਲਾਇਕ ਹੋ ਗਈ ਸੀ ਉਹ ਆਪਣੇ ਦਸਤਾਵੇਜਾਂ ਨੂੰ ਠੀਕ ਕਰਵਾ ਕੇ ਪੈਨਸ਼ਨ ਲਗਵਾ ਰਹੇ ਸਨ। ਕਿਉਂਕਿ ਕੁਝ ਸਮਾਂ ਪਹਿਲਾਂ ਸੇਵਾ ਕੇਂਦਰ ਵਿੱਚ ਵਿਅਕਤੀ ਆਪਣੀ ਉਮਰ ਦੇ ਵਿੱਚ ਬਦਲਾਵ ਬੜੇ ਆਸਾਨੀ ਨਾਲ ਕਰਵਾ ਸਕਦਾ ਸੀ। ਪ੍ਰੰਤੂ ਆਪਣੀਆਂ ਉਮਰਾਂ ਵਧਾ ਕੇ ਲੋਕਾਂ ਦੁਆਰਾ ਪੈਨਸ਼ਨ ਲਗਾਉਣ ਦਾ ਰੁਝਾਨ ਇਨਾ ਕੁ ਵੱਧ ਗਿਆ ਕਿ ਸਰਕਾਰ ਦੁਆਰਾ ਆਧਾਰ ਕਾਰਡ ਵਿੱਚ ਡੇਟ ਆਫ ਬਰਥ ਵਿੱਚ ਬਦਲਾਓ ਕਰਨ ਦੇ ਕੜੇ ਨਿਯਮ ਬਣਾ ਦਿੱਤੇ ਗਏ। ਜਿਸ ਕਾਰਨ ਗਲਤ ਪੈਨਸ਼ਨ ਲਗਵਾਉਣ ਵਾਲਿਆਂ ਦੇ ਕੇਸ ਕੁਝ ਹੱਦ ਤੱਕ ਘਟ ਗਏ ਸਨ।ਆਧਾਰ ਕਾਰਡ ਵਿੱਚ ਡੇਟ ਆਫ ਬਰਥ ਠੀਕ ਕਰਾਉਣ ਲਈ ਸਰਕਾਰ ਵੱਲੋਂ ਕੁਝ ਦਸਤਾਵੇਜ਼ ਪ੍ਰਮਾਣਿਤ ਕੀਤੇ ਗਏ ਹਨ। ਜਿਨਾਂ ਵਿੱਚ ਜਨਮ ਸਰਟੀਫਿਕੇਟ, ਸਕੂਲ ਸਰਟੀਫਿਕੇਟ ਅਤੇ ਪਾਸਪੋਰਟ ਆਦਿ ਮੁੱਖ ਹਨ। ਜਿਸ ਕਾਰਨ ਸੇਵਾ ਕੇਂਦਰ ਵਿੱਚ ਬਹੁਤ ਹੀ ਘੱਟ ਲੋਕਾਂ ਦੇ ਆਧਾਰ ਕਾਰਡ ਵਿੱਚ ਡੇਟ ਆਫ ਬਰਥ ਠੀਕ ਕਰਨ ਦੇ ਕੇਸ ਆ ਰਹੇ ਹਨ।
ਪਰੰਤੂ ਕਈ ਪ੍ਰਾਈਵੇਟ ਕੈਫੇ ਵਾਲਿਆਂ ਨੇ ਆਧਾਰ ਕਾਰਡ ਵਿੱਚ ਉਮਰ ਵਧਾ ਕੇ ਲੋਕਾਂ ਦੀਆਂ ਪੈਨਸ਼ਨਾਂ ਲਗਾਉਣ ਦਾ ਨਵਾਂ ਧੰਦਾ ਸ਼ੁਰੂ ਕਰ ਦਿੱਤਾ।ਇਹ ਲੋਕ ਜਾਲੀ ਦਸਤਾਵੇਜ ਲਗਾ ਕੇ ਆਧਾਰ ਕਾਰਡ ਵਿੱਚ ਪੈਨਸ਼ਨ ਲਾਇਕ ਉਮਰ ਬਣਾ ਦਿੰਦੇ ਹਨ।ਆਧਾਰ ਕਾਰਡ ਤੋਂ ਪੈਨ ਕਾਰਡ ਅਤੇ ਵੋਟਰ ਕਾਰਡ ਵਿੱਚ ਉਮਰ ਦਾ ਬਦਲਾਵ ਕਰਵਾ ਦਿੱਤਾ ਜਾਂਦਾ ਹੈ। ਲੋਕਾਂ ਤੋਂ ਇਸ ਕੰਮ ਲਈ ਚਾਰ ਪੰਜ ਹਜ਼ਾਰ ਰੁਪਏ ਵਸੂਲ ਲਏ ਜਾਂਦੇ ਹਨ ।ਇਹਨਾਂ ਪ੍ਰਾਈਵੇਟ ਕੈਫੇ ਵਾਲਿਆਂ ਦੀ ਕਿਸੇ ਸੇਵਾ ਕੇਂਦਰ ਵਾਲੇ ਨਾਲ ਸਾਂਝ ਨੂੰ ਨਕਾਰਿਆ ਨਹੀਂ ਜਾ ਸਕਦਾ।
ਸਰਕਾਰ ਦੀ ਇਸ ਸਖਤੀ ਕਾਰਨ ਬਹੁਤ ਸਾਰੇ ਬਜ਼ੁਰਗਾਂ ਨੂੰ ਪਰੇਸ਼ਾਨੀ ਵੀ ਹੋ ਰਹੀ ਹੈ ਕਿਉਂਕਿ ਉਹਨਾਂ ਕੋਲ ਜਨਮ ਸਰਟੀਫਿਕੇਟ, ਸਕੂਲ ਸਰਟੀਫਿਕੇਟ ਜਾਂ ਪਾਸਪੋਰਟ ਆਦਿ ਦਸਤਾਵੇਜ਼ ਨਾ ਹੋਣ ਕਾਰਨ ਆਪਣੇ ਸਹੀ ਉਮਰ ਆਧਾਰ ਕਾਰਡ ਤੇ ਨਹੀਂ ਲਿਖਵਾ ਪਾ ਰਹੇ ਅਤੇ ਗਰੀਬ ਹੋਣ ਕਾਰਨ ਇਹਨਾਂ ਪ੍ਰਾਈਵੇਟ ਕੈਫੇ ਵਾਲਿਆਂ ਨੂੰ ਚਾਰ ਪੰਜ ਹਜ਼ਾਰ ਰੁਪਆ ਵੀ ਨਾ ਦੇ ਸਕਣ ਕਾਰਨ ਆਪਣੀ ਪੈਨਸ਼ਨ ਲੱਗਣ ਤੋਂ ਵਾਂਝੇ ਬੈਠੇ ਹਨ।
ਹੰਡਿਆਇਆ ਅਤੇ ਬਰਨਾਲਾ ਵਿੱਚ ਕੁਝ ਪ੍ਰਾਈਵੇਟ ਕੈਫਿਆਂ ਦੁਆਰਾ ਇਹ ਧੰਦਾ ਬੜੇ ਜ਼ੋਰਾਂ ਸ਼ੋਰਾਂ ਨਾਲ ਚਲਾਇਆ ਜਾ ਰਿਹਾ ਹੈ। ਉਹ ਸ਼ਰੇਆਮ ਕਹਿੰਦੇ ਹਨ ਕਿ ਚਾਹੇ ਵਿਅਕਤੀ 50 ਸਾਲ ਦਾ ਹੋਵੇ, ਅਸੀਂ ਕੁਝ ਹੀ ਦਿਨਾਂ ਵਿੱਚ ਪੈਨਸ਼ਨ ਲਾਇਕ ਦਸਤਾਵੇਜ ਤਿਆਰ ਕਰਕੇ ਦੇ ਦਵਾਂਗੇ। ਇਸ ਤਰ੍ਹਾਂ ਘੱਟ ਉਮਰਾਂ ਵਿੱਚ ਪੈਨਸ਼ਨ ਲਗਵਾਉਣ ਨਾਲ ਸਰਕਾਰੀ ਖਜ਼ਾਨਿਆਂ ਤੇ ਬਹੁਤ ਵੱਡਾ ਬੋਝ ਵਧ ਰਿਹਾ ਹੈ ਕਿਉਂਕਿ ਜਿਸ ਵਿਅਕਤੀ ਨੇ 50 ਸਾਲ ਦੀ ਉਮਰ ਵਿੱਚ ਪੈਨਸ਼ਨ ਲਗਵਾ ਲਈ, ਉਹ 65 ਸਾਲ ਦੀ ਉਮਰ ਤੱਕ ਪਹੁੰਚਣ ਤੇ ਪਹਿਲਾਂ ਹੀ ਸਰਕਾਰ ਪਾਸੋਂ 15 ਸਾਲ ਦੀ ਪੈਨਸ਼ਨ ਲੈ ਚੁੱਕਾ ਹੋਵੇਗਾ। ਇਸ ਬੇਲੋੜੇ ਵਾਧੂ ਬੋਝ ਕਾਰਨ ਸਰਕਾਰ ਨੂੰ ਜਰੂਰਤਮੰਦ ਪੈਨਸ਼ਨਰਾਂ ਨੂੰ ਪੈਨਸ਼ਨ ਦੇਣ ਵਿੱਚ ਵੀ ਸਮਾਂ ਲੱਗ ਜਾਂਦਾ ਹੈ। ਇਸ ਵੱਲ ਸਰਕਾਰ ਨੂੰ ਪ੍ਰਮੁੱਖਤਾ ਨਾਲ ਧਿਆਨ ਦੇਣਾ ਚਾਹੀਦਾ ਤੇ ਅਜਿਹੇ ਪ੍ਰਾਈਵੇਟ ਕੈਫੇ ਵਾਲਿਆਂ ਅਤੇ ਗਲਤ ਤਰੀਕੇ ਨਾਲ ਪੈਨਸ਼ਨ ਲਗਵਾਉਣ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।