ਆਪ ਵਿਧਾਇਕ ਗੋਗੀ ਦੀ ਗੋਲ਼ੀ ਲੱਗਣ ਕਾਰਨ ਮੌਤ

ਲੁਧਿਆਣਾ-11 ਜਨਵਰੀ-“ਆਪ” ਦੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ੁੱਕਰਵਾਰ ਦੇਰ ਰਾਤ ਘਰ ਵਿੱਚ ਹੀ ਸ਼ੱਕੀ ਹਾਲਾਤਾਂ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਗੋਲੀ ਗੋਗੀ ਦੇ ਸਿਰ ਵਿੱਚ ਲੱਗੀ ਸੀ, ਪਰ ਗੋਲੀ ਕਿਵੇਂ ਚੱਲੀ ਅਤੇ ਕਿਸਨੇ ਚਲਾਈ, ਇਸ ਬਾਰੇ ਸਪਸ਼ਟਤਾ ਨਹੀਂ ਹੋ ਸਕੀ ਹੈ।
ਗੋਲੀ ਦੀ ਆਵਾਜ਼ ਸੁਣ ਕੇ ਘਰ ਦੇ ਲੋਕ ਅਤੇ ਸੁਰੱਖਿਆ ਵਿਚ ਤਾਇਨਾਤ ਮੁਲਾਜ਼ਮ ਕਮਰੇ ਵਿੱਚ ਪਹੁੰਚੇ, ਜਿੱਥੇ ਉਹ ਖੂਨ ਨਾਲ ਲੱਥਪੱਥ ਪਏ ਸਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੂਚਨਾ ਮਿਲਣ ’ਤੇ ਪੁਲੀਸ ਦੇ ਉੱਚ ਅਧਿਕਾਰੀ ਅਤੇ ਥਾਣਾ ਡਵੀਜ਼ਨ ਅੱਠ ਦੀ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ। ਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਉਨ੍ਹਾਂ ਨੂੰ (ਗੁਰਪ੍ਰੀਤ ਗੋਗੀ) ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਘਟਨਾ ਰਾਤ ਦੇ ਲਗਭਗ 12 ਵਜੇ ਵਾਪਰੀ। ਮੌਤ ਦਾ ਸਹੀ ਕਾਰਨ ਪਤਾ ਕਰਨ ਲਈ ਪੋਸਟਮਾਰਟਮ ਕੀਤਾ ਜਾਵੇਗਾ।