ਏਟੀਐਮ ਜਾਣ ਲੱਗੇ, ਹੋ ਜਾਓ ਸਾਵਧਾਨ….

ਬਰਨਾਲਾ-09ਜਨਵਰੀ-ਜਿਵੇਂ ਜਿਵੇਂ ਆਧੁਨਿਕ ਯੁਗ ਵਿੱਚ ਜਿੰਦਗੀ ਨੂੰ ਆਸਾਨ ਬਣਾਉਣ ਲਈ ਨਵੀਆਂ ਤਕਨੀਕਾਂ ਦਾ ਇਜਾਦ ਕੀਤਾ ਜਾ ਰਿਹਾ ਹੈ, ਉਸੇ ਤਰਾਂ ਠੱਗਾ ਦੁਆਰਾ ਵੀ ਠੱਗੀਆਂ ਮਾਰਨ ਲਈ ਨਵੇਂ ਤਰੀਕੇ ਵਰਤੇ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਸਟੇਟ ਬੈਂਕ ਆਫ ਇੰਡੀਆ ਦੇ ਏਟੀਐਮ ਤੇ ਦੇਖਣ ਨੂੰ ਮਿਲਿਆ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀਆਰਟੀਸੀ ਵਿਭਾਗ ਦੇ ਮੁਲਾਜ਼ਮ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਬਰਨਾਲਾ ਬੱਸ ਸਟੈਂਡ ਦੇ ਸਾਹਮਣੇ ਸਟੇਟ ਬੈਂਕ ਆਫ ਇੰਡੀਆ ਦੇ ਏਟੀਐਮ ਵਿੱਚੋਂ ਪੈਸੇ ਕਢਵਾਉਣ ਗਏ ਸਨ। ਜਦੋਂ ਉਹਨਾਂ ਏਟੀਐਮ ਤੇ 5000 ਕਢਵਾਉਣ ਲਈ ਐਂਟਰੀ ਕਰੀ ਤਾਂ ਏਟੀਐਮ ਮਸ਼ੀਨ ਰਾਹੀਂ ਪੈਸੇ ਗਿਣਨ ਦੀ ਆਵਾਜ਼ ਆਈ ਪਰੰਤੂ ਪੈਸੇ ਬਾਹਰ ਨਹੀਂ ਆਏ। ਉਹਨਾਂ ਸੋਚਿਆ ਸ਼ਾਇਦ ਏਟੀਐਮ ਵਿੱਚ ਪੈਸੇ ਨਹੀਂ ਹਨ ,ਇਸ ਲਈ ਪੈਸੇ ਬਾਹਰ ਨਹੀਂ ਆਏ ਤਾਂ ਉਹ ਏਟੀਐਮ ਵਿੱਚੋਂ ਬਾਹਰ ਜਾਣ ਲੱਗੇ। ਉਸੇ ਵਕਤ ਉਹਨਾਂ ਦੇ ਮੋਬਾਇਲ ਤੇ 5000 ਵਿਦਡਰਾਲ ਹੋ ਜਾਣ ਦਾ ਮੈਸੇਜ ਆ ਗਿਆ।
ਉਹਨਾਂ ਨੂੰ ਕੁਝ ਸ਼ੰਕਾ ਹੋਈ ਜਿਸ ਕਾਰਨ ਉਹ ਵਾਪਸ ਏਟੀਐਮ ਅੰਦਰ ਗਏ ਤੇ ਮਸ਼ੀਨ ਨੂੰ ਚੈੱਕ ਕਰਨ ਲੱਗੇ। ਉਹਨਾਂ ਦੇਖਿਆ ਕਿ ਕਿਸੇ ਨੇ ਪੈਸੇ ਵਿਡਰੋਲ ਵਾਲੀ ਜਗ੍ਹਾ ਤੇ ਟੇਪ ਲਗਾ ਰੱਖੀ ਸੀ।ਜਦੋਂ ਉਹਨਾਂ ਨੇ ਚਪਕਾਈ ਹੋਈ ਟੇਪ ਨੂੰ ਹਟਾਇਆ ਤਾਂ 5000 ਬਾਹਰ ਆ ਗਏ। ਅਵਤਾਰ ਸਿੰਘ ਨੇ ਤੁਰੰਤ ਇਸ ਦੀ ਸੂਚਨਾ ਬੈਂਕ ਨੂੰ ਦਿੱਤੀ ਅਤੇ ਇਸ ਦੀ ਗਹਿਰਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਤਾਂ ਜੋ ਦੋਸ਼ੀ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਹੋਰ ਵਿਅਕਤੀ ਠੱਗੇ ਜਾਣ ਤੋਂ ਬਚ ਸਕਣ।ਏਟੀਐਮ ਵਿੱਚ ਕੈਮਰਾ ਲੱਗੇ ਹੋਣ ਕਾਰਨ ਉਸ ਵਿਅਕਤੀ ਦੀ ਪਹਿਚਾਣ ਕਰਨਾ ਆਸਾਨ ਹੋ ਜਾਵੇਗਾ, ਜਿਸ ਨੇ ਇਹ ਟੇਪ ਚਿਪਕਾਈ ਸੀ।ਉਹਨਾਂ ਸ਼ੰਕਾ ਜਤਾਈ ਕਿ ਅਜਿਹਾ ਕਰਨ ਵਾਲਾ ਵਿਅਕਤੀ ਜਰੂਰ ਏਟੀਐਮ ਦੇ ਆਸ ਪਾਸ ਹੀ ਖੜਾ ਹੁੰਦਾ ਹੋਵੇਗਾ ਤਾਂ ਜੋ ਗ੍ਰਾਹਕ ਦੇ ਏਟੀਐਮ ਤੋਂ ਬਾਹਰ ਜਾਣ ਬਾਅਦ ਉਹ ਤੁਰੰਤ ਪੈਸੇ ਕੱਢ ਕੇ ਲਿਜਾ ਸਕੇ।