ਗ਼ਰੀਬ ਅਤੇ ਬੇ-ਘਰੇ ਲੋਕਾਂ ਦਾ ਉਜਾੜਾ ਰੋਕਣ

ਵੋਟਾਂ ਲੈਣ ਵਾਲੇ ਸਿਆਸੀ ਲੀਡਰ ਹੁਣ ਝੁੱਗੀ ਝੋਂਪੜੀ ਵਾਲਿਆ ਦੀ ਸਾਰ ਨਹੀਂ ਲੈ ਰਹੇ : ਆਗੂ
ਬਰਨਾਲਾ, 23 ਦਸੰਬਰ (ਬਲਵਿੰਦਰ ਅਜ਼ਾਦ/ਹਿਮਾਂਸ਼ੂ ਗੋਇਲ )-ਦਾਣਾ ਮੰਡੀ ਬਰਨਾਲਾ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਕ ਸਾਂਝੀ ਮੀਟਿੰਗ ਕੀਤੀ ਗਈ, ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਝੁੱਗੀ-ਝੌਂਪੜੀਆਂ ਵਿੱਚ ਰਹਿੰਦੇ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ, ਸੀ.ਪੀ.ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਭੋਲਾ ਸਿੰਘ ਕਲਾਲ ਮਾਜਰਾ, ਸਮਾਜ ਸੇਵੀ ਭਾਨ ਸਿੰਘ ਜੱਸੀ ਪੇਧਨੀ ਨੇ ਕਿਹਾ ਕਿ ਮੰਡੀ ਬੋਰਡ ਦੇ ਡੀ.ਐਮ.ਓ ਵੱਲੋਂ ਮੰਡੀ ਦਾ ਫ਼ੜ ਪੱਕਾ ਕਰਨ ਦੇ ਬਹਾਨੇ ਬਾਰ-ਬਾਰ ਝੁੱਗੀਆਂ ਝੌਂਪੜੀਆਂ ਵਾਲਿਆਂ ਨੂੰ ਉਜਾੜਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਦੋਂ ਕਿ ਇਹ ਲੋਕ ਪਿਛਲੇ 20 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇਸ ਜਗ੍ਹਾ ਤੇ ਆਪਣੀਆਂ ਝੁੱਗੀਆਂ ਝੌਂਪੜੀਆਂ ਬਣਾਕੇ ਰਹਿ ਰਹੇ ਹਨ ਅਤੇ ਇਥੇ ਰਹਿਣ ਵਾਲੇ ਹਜ਼ਾਰਾਂ ਮਰਦ-ਔਰਤਾਂ ਦੀਆਂ ਵੋਟਾਂ ਵੀ ਬਣੀਆਂ ਹੋਈਆਂ ਹਨ, ਜੋਂ ਸਮੇਂ ਸਮੇਂ ਤੇ ਵੋਟਾਂ ਪਾਉਂਦੇ ਰਹੇ ਹਨ। ਝੁੱਗੀ ਝੌਂਪੜੀਆਂ ਵਾਲਿਆਂ ਦੇ ਦੱਸਣ ਅਨੁਸਾਰ ਨਗਰ ਕੌਂਸਲ ਵੱਲੋਂ ਇਹਨਾਂ ਨੂੰ ਇੱਥੇ ਪਲਾਂਟ ਨੰਬਰ ਵੀ ਅਲਾਟ ਕੀਤੇ ਹੋਏ ਹਨ, ਆਗੂਆਂ ਦੱਸਿਆ ਕਿ ਵੱਡੀਆਂ ਸਿਆਸੀ ਪਾਰਟੀਆਂ ਦੇ ਲੀਡਰ ਇਹਨਾਂ ਦੀਆਂ ਝੁੱਗੀਆਂ ਵਿੱਚ ਆਕੇ ਇਹਨਾਂ ਦਾ ਵਸੇਬਾ ਪੱਕਾ ਕਰਨ ਲਈ ਇਹਨਾਂ ਦੇ ਨਾਲ ਖੜਕੇ ਫੋਟੋਆਂ ਵੀ ਖਿਚਵਾਉਂਦੇ ਰਹੇ ਹਨ। ਪਰ ਅੱਜ ਮੰਡੀ ਬੋਰਡ ਦੇ ਅਧਿਕਾਰੀ ਗ਼ਲਤ ਅਨਸਰਾਂ ਨੂੰ ਝੁੱਗੀਆਂ ਵਿੱਚ ਭੇਜਕੇ ਡਰਾ ਧਮਕਾ ਰਹੇ ਹਨ, ਆਗੂਆਂ ਕਿਹਾ ਕਿ ਹਰ ਬਾਰ ਸਿਆਸੀ ਪਾਰਟੀਆਂ ਦੇ ਆਗੂ ਅਤੇ ਮਿਉਂਸਪਲ ਕੌਂਸਲਰ ਵੋਟਾਂ ਲੈਣ ਲਈ ਝੁੱਗੀਆਂ ਵਿੱਚ ਆਕੇ ਹੱਥ ਬਨਦੇ ਰਹੇ ਪਰ ਹੁਣ ਸਿਆਸੀ ਲੀਡਰ ਇਹਨਾਂ ਨਾਲ ਹੋ ਰਹੀ ਧੱਕੇਸ਼ਾਹੀ ਲਈ ਅੱਗੇ ਨਹੀਂ ਆ ਰਿਹਾ। ਮੀਟਿੰਗ ਵਿੱਚ ਇਹਨਾਂ ਗ਼ਰੀਬ ਲੋਕਾਂ ਦੀਆਂ ਮੁਸਕਲਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਤੇਰਾਂ ਮੈਂਬਰਾਂ ਦੇ ਅਧਾਰਿਤ ” ਝੁੱਗੀ ਝੌਂਪੜੀ ਬਚਾਓ ਕਮੇਟੀ” ਬਣਾਈ ਗਈ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜੇਕਰ ਪੋਹ-ਮਾਘ ਦੇ ਦਿਨਾਂ ਵਿੱਚ ਉੱਚ ਅਧਿਕਾਰੀਆਂ ਵੱਲੋਂ ਇਹਨਾਂ ਬੇਘਰੇ ਲੋਕਾਂ ਨੂੰ ਉਜਾੜਨਾ ਬੰਦ ਨਾ ਕੀਤਾ ਗਿਆ, ਤਾਂ ਸੰਘਰਸ਼ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਵੇਗਾ। ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਇਹਨਾਂ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਗਿਆ ਤਾਂ ਬਰਨਾਲਾ ਜ਼ਿਲ੍ਹੇ ਦਾ ਸਮੁੱਚਾ ਪ੍ਰਸ਼ਾਸ਼ਨ ਜ਼ਿਮੇਵਾਰ ਹੋਵੇਗਾ। ਮੀਟਿੰਗ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਵਿੱਚ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਵੱਲੋਂ ਕਾਮਰੇਡ ਜਗਰਾਜ ਰਾਮਾ, ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਨਛੱਤਰ ਸਿੰਘ ਰਾਮਨਗਰ, ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਕਮੇਟੀ ਵੱਲੋਂ ਡਾ ਸੋਹਨ ਸਿੰਘ ਮਾਝੀ, ਬਿੱਕਰ ਸਿੰਘ ਔਲਖ, ਜਗਜੀਤ ਸਿੰਘ ਢਿੱਲਵਾਂ ਆਦਿ ਆਗੂਆਂ ਤੋਂ ਇਲਾਵਾ ਅਲੀ ਖਾਨ , ਸ੍ਰੀ ਰਾਮ, ਮੀਰਾਂ ਰਾਣੀ ਅਤੇ ਪਾਰਵਤੀ ਦੇਵੀ ਵੀ ਹਾਜ਼ਰ ਸਨ।