ਖੜੀ ਕਾਰ ਵਿੱਚੋਂ ਮਿਲੇ 52 ਕਿਲੋ ਸੋਨਾ ਅਤੇ 11 ਕਰੋੜ ਕੈਸ਼

ਖਜ਼ਾਨਾ ਦੇਖ ਪੁਲਿਸ ਦੇ ਉਡੇ ਹੋਸ਼
ਭੋਪਾਲ-20 ਦਸੰਬਰ-ਮੱਧ ਪ੍ਰਦੇਸ਼ ਪੁਲਿਸ ਅਤੇ ਆਮਦਨ ਕਰ ਅਧਿਕਾਰੀਆਂ ਨੇ ਰਾਜਧਾਨੀ ਭੋਪਾਲ ਵਿੱਚ ਇੱਕ ਲਾਵਾਰਸ ਕਾਰ ਵਿੱਚੋਂ 52 ਕਿਲੋ ਸੋਨਾ ਅਤੇ 11 ਕਰੋੜ ਰੁਪਏ ਕੈਸ਼ ਬਰਾਮਦ ਕੀਤਾ ਹੈ। ਸੋਨੇ ਦੀ ਕੀਮਤ ਲਗਭਗ 40 ਕਰੋੜ 47 ਲੱਖ ਰੁਪਏ ਹੈ।
ਡਿਪਟੀ ਕਮਿਸ਼ਨਰ (ਭੋਪਾਲ ਜੋਨ-1) ਪ੍ਰਿਅੰਕਾ ਸ਼ੁਕਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵੀਰਵਾਰ ਰਾਤ ਨੂੰ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਰਤੀਬੜ ਥਾਣਾ ਇਲਾਕੇ ਦੇ ਮੈਂਡੋਰੀ ਕੌਸ਼ਲਪੁਰ ਰੋਡ ਦੇ ਕੋਲ ਇੱਕ ਲਾਵਾਰਸ ਕਾਰ ਖੜੀ ਹੈ।ਇਸ ਉੱਪਰ ਕਾਰਵਾਈ ਕਰਦੇ ਹੋਏ ਪੁਲਿਸ ਮੌਕੇ ਤੇ ਪਹੁੰਚੀ ਅਤੇ ਦੇਖਿਆ ਕਿ ਕਾਰ ਅੰਦਰ ਕਰੀਬ ਸੱਤ-ਅੱਠ ਬੈਗ ਪਏ ਸਨ। ਇਹ ਸੰਦੇਹ ਸੀ ਕਿ ਪਿਛਲੇ ਕੁਝ ਦਿਨਾਂ ਵਿੱਚ ਆਈਟੀ ਅਤੇ ਹੋਰ ਵਿਭਾਗਾਂ ਦੀ ਛਾਪੇਮਾਰੀ ਕਾਰਨ ਕੋਈ ਵਿਅਕਤੀ ਆਪਣਾ ਸਮਾਨ ਛੱਡ ਗਿਆ ਹੋਵੇਗਾ। ਬਾਅਦ ਵਿੱਚ ਪੁਲਿਸ ਨੇ ਮਾਮਲੇ ਦੀ ਸੂਚਨਾ ਆਮਦਨ ਕਰ ਵਿਭਾਗ ਨੂੰ ਦਿੱਤੀ। ਜਿਸ ਨੇ ਬਾਅਦ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਗੱਡੀ ਦਾ ਸ਼ੀਸ਼ਾ ਤੋੜ ਕੇ ਕਾਰ ਅੰਦਰ ਰੱਖੇ ਥੈਲਿਆਂ ਨੂੰ ਬਾਹਰ ਕੱਢਿਆ। ਅਧਿਕਾਰੀਆਂ ਨੇ ਇਸ ਘਟਨਾ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਹਨਾਂ ਥੈਲਿਆਂ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਤਕਰੀਬਨ 40 ਕਰੋੜ ਰੁਪਏ ਕੀਮਤ ਦਾ 52 ਕਿਲੋ ਸੋਨਾ ਅਤੇ ਤਕਰੀਬਨ 11 ਕਰੋੜ ਨਗਦੀ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਦੁਆਰਾ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਕਾਰ ਨੰਬਰ ਪਲੇਟ ਐਮਪੀ 07 (ਗਵਾਲੀਅਰ ਆਰਟੀਓ) ਲੱਗੀ ਹੋਈ ਸੀ ਜੋ ਕਿ ਚੇਤਨ ਸਿੰਘ ਨਾਮ ਦੇ ਵਿਅਕਤੀ ਤੇ ਦਰਜ ਸੀ। ਜਿਹੜਾ ਕਿ ਮੂਲ ਰੂਪ ਨਾਲ ਗਵਾਲੀਅਰ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਭੋਪਾਲ ਵਿੱਚ ਰਹਿ ਰਿਹਾ ਹੈ।ਮਾਮਲੇ ਦੀ ਜਾਂਚ ਚੱਲ ਰਹੀ ਹੈ।