ਭਾਜਪਾ ਦੇ ਤਿੰਨ ਵਾਰ ਰਹੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਢਿਆਇਆ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਮਾਮਲਾ ਨਗਰ ਪੰਚਾਇਤ ਹੰਢਿਆਇਆ ਦੇ ਚੁਣਾਵ ਵਿਚ ਟਿਕਟ ਨਾ ਮਿਲਣ ਦਾ
ਬਰਨਾਲਾ-11 ਦਸੰਬਰ- (ਹਿਮਾਂਸ਼ੂ ਗੋਇਲ) ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਕਾਰਜ਼ ਕਰਨੀ ਮੈਂਬਰ ਅਤੇ ਤਿੰਨ ਵਾਰ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਭਾਜਪਾ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਹੰਢਿਆਇਆ ਨੇ ਬੀਜੇਪੀ ਨੂੰ ਅਲਵਿਦਾ ਕਹਿ ਕਿ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਹੈ।
ਕੀ ਹੈ ਮਾਮਲਾ: ਨਗਰ ਪੰਚਾਇਤ ਹੰਢਿਆਇਆ ਦੇ 21 ਦਿਸੰਬਰ ਨੂੰ ਹੋਣ ਵਾਲੀ ਚੋਣ ਲਈ ਬੀਜੇਪੀ ਵਲੋਂ 13 ਵਾਰਡਾਂ ਵਿਚੋਂ 11 ਉਮੀਦਵਾਰਾਂ ਦੀ ਸੂਚੀ ਜ਼ਾਰੀ ਕੀਤੀ ਸੀ ਜਿਨ੍ਹਾਂ 11 ਵਾਰਡਾਂ ਵਿਚੋਂ ਵਾਰਡ ਨੰਬਰ 6 ਵਿੱਚ ਗੁਰਮੀਤ ਸਿੰਘ ਹੰਢਿਆਇਆ ਚੋਣ ਲੜਨਾ ਚਾਹੁੰਦੇ ਸਨ ਕਿਉਕਿ ਉਹ ਪਹਿਲਾਂ ਵੀ ਦੋ ਵਾਰ ਨਗਰ ਪੰਚਾਇਤ ਹੰਢਿਆਇਆ ਦੇ 2 ਵਾਰ ਕੌਂਸਲਰ ਰਹਿ ਚੁੱਕੇ ਹਨ, ਪਰ ਇਸ ਵਾਰ ਉਹਨਾਂ ਦੀ ਟਿਕਟ ਨੂੰ ਕੱਟ ਕੇ ਉਸ ਦੀ ਥਾਂ ਹੰਢਿਆਇਆ ਦੇ ਮੰਡਲ ਪ੍ਰਧਾਨ ਗੋਰਾ ਲਾਲ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਗਿਆ। ਜਿਸ ਤੋਂ ਖ਼ਫ਼ਾ ਹੋ ਕਿ ਗੁਰਮੀਤ ਸਿੰਘ ਹੰਢਿਆਇਆ ਨੇ ਬੀਜੇਪੀ ਤੋਂ ਬਾਗ਼ੀ ਹੋ ਕਿ ਪਹਿਲਾ ਅਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਪਰ ਬਾਅਦ ਦੁਪਹਿਰ ਸੋਸ਼ਲ ਮੀਡੀਆ ਰਾਹੀਂ ਓਹਨਾਂ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਹੋਣ ਦੀ ਪ੍ਰਤੱਖ ਪੁਸ਼ਟੀ ਕਰ ਦਿਤੀ।
ਇੱਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਜ਼ਿਮਨੀ ਚੋਣਾਂ ਦੌਰਾਨ ਭਾਜਪਾ ਦੇ ਸੂਬਾ ਆਗੂ ਧੀਰਜ ਕੁਮਾਰ ਦੱਦਾਹੂਰ, ਨੌਜਵਾਨ ਵਪਾਰੀ ਆਗੂ ਨੀਰਜ ਜਿੰਦਲ ਨੇ ਭਾਜਪਾ ਦਾ ਕਮਲ ਛੱਡ ਕੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਸੀ।
ਜਦੋਂ ਇਸ ਸਬੰਧੀ ਫੋਨ ਰਾਹੀਂ ਗੁਰਮੀਤ ਸਿੰਘ ਹੰਢਿਆਇਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਭਾਰਤੀ ਜਨਤਾ ਪਾਰਟੀ ਪ੍ਰਤੀ ਗਿਲਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਪਿਛਲੇ 28 ਸਾਲ ਤੋਂ ਭਾਜਪਾ ਲਈ ਦਿਨ ਰਾਤ ਇਮਾਨਦਾਰੀ ਨਾਲ਼ ਕੰਮ ਕਰਦੇ ਆ ਰਹੇ ਹਨ ਅਤੇ ਜ਼ਿਲ੍ਹਾ ਪ੍ਰਧਾਨ ਹੁੰਦਿਆ ਉਹਨਾਂ ਜ਼ਮੀਨੀ ਪੱਧਰ ਤੇ ਕੰਮ ਕਰਕੇ ਓਹਨਾ ਲੋਕਾਂ ਨੂੰ ਭਾਜਪਾ ਨਾਲ਼ ਜੋੜਿਆ, ਪਰ ਭਾਜਪਾ ਦੇ ਕੁਝ ਜ਼ਿਲ੍ਹਾ ਆਗੂ ਉਹਨਾਂ ਨੂੰ ਨਜ਼ਰਅੰਦਾਜ਼ ਕਰਦੇ ਰਹੇ ਹਨ ਜਿਸ ਦਾ ਪਰਮਾਣ ਅੱਜ ਉਹਨਾਂ ਦੀ ਟਿਕਟ ਕੱਟ ਕਿ ਦਿੱਤਾ ਹੈ। ਉਹਨਾਂ ਗੱਲਬਾਤ ਜ਼ਾਰੀ ਰੱਖਦੀਆਂ ਕਿਹਾ ਕਿ ਉਹਨਾਂ ਨਾਲ ਚਰਨਜੀਤ ਸ਼ਰਮਾ ਉਰਫ਼ ਚੰਨੀ ਅਤੇ ਯੁਵਾ ਆਗੂ ਬੂਟਾ ਸਿੰਘ ਭਾਜਪਾ ਛੱਡ ਆਪ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਆਗੂ ਅਤੇ ਵਰਕਰ ਭਾਜਪਾ ਨੂੰ ਅਲਵਿਦਾ ਕਹਿਣਗੇ।
ਗੁਰਮੀਤ ਸਿੰਘ ਹੰਢਿਆਇਆ ਦੇ ਆਪ ਵਿੱਚ ਜਾਣ ਤੋਂ ਬਾਅਦ ਸਿਆਸੀ ਚਰਚਾਵਾਂ ਨੇ ਇਹ ਜ਼ੋਰ ਫੜ ਲਿਆ ਹੈ ਕਿ ਨਗਰ ਪੰਚਾਇਤ ਹੰਢਿਆਇਆ ਦੇ ਅਗਲੇ ਪ੍ਰਧਾਨ ਗੁਰਮੀਤ ਸਿੰਘ ਹੰਢਿਆਇਆ ਹੀ ਹੋਣਗੇ।