ਮਮਤਾ ਦਿਵਸ ਮੌਕੇ ਟੀਕਾਕਰਨ ਸੇਵਾਵਾਂ ਦਿੱਤੀਆਂ: ਐਸ.ਐਮ.ਓ ਡਾ. ਗੁਰਤੇਜਿੰਦਰ ਕੌਰ

ਮਹਿਲ ਕਲਾਂ, 11 ਦਸੰਬਰ(ਰਵੀ ਸ਼ਰਮਾ)-ਸਿਵਲ ਸਰਜਨ ਬਰਨਾਲਾ ਡਾ. ਬਲਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਬਲਾਕ ਮਹਿਲ ਕਲਾਂ ਅਧੀਨ ਵੱਖ-ਵੱਖ ਸਿਹਤ ਕੇਂਦਰਾਂ ’ਤੇ ਮਮਤਾ ਦਿਵਸ ਮਨਾਇਆ ਗਿਆ।
ਇਸ ਮੌਕੇ ਡਾ. ਗੁਰਤੇਜਿੰਦਰ ਨੇ ਕਿਹਾ ਕਿ ਮਮਤਾ ਦਿਵਸ ‘ਤੇ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ ਤਾਂ ਜੋ ਜੱਚਾ ਬੱਚਾ ਦੋਵੇਂ ਤੰਦਰੁਸਤ ਰਹਿਣ ਅਤੇ ਬੱਚਿਆਂ ਨੂੰ ਟੀਕਾਕਰਨ ਕਰਵਾ ਕੇ 10 ਮਾਰੂ ਰੋਗਾਂ ਤੋਂ ਬਚਾਇਆ ਜਾ ਸਕੇ। ਸਿਹਤ ਸੁਪਰਵਾਈਜ਼ਰ ਬਲਵਿੰਦਰ ਕੌਰ ਨੇ ਦੱਸਿਆ ਕਿ ਨਵ ਜਨਮੇਂ ਬੱਚੇ ਤੋਂ ਲੈ ਕੇ ਡੇਢ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ, ਗਲ਼-ਘੋਟੂ, ਕਾਲੀ ਖਾਂਸੀ, ਟੈਟਨਸ, ਦਿਮਾਗੀ ਬੁਖਾਰ, ਪੀਲ਼ੀਆ, ਖਸਰਾ, ਰੁਬੇਲਾ ਤੇ ਨਿਮੋਨੀਆ ਦੀ ਬਿਮਾਰੀ ਤੋਂ ਬਚਾਅ ਲਈ ਟੀਕੇ ਲਗਾਏ ਜਾਂਦੇ ਹਨ ਅਤੇ ਪੋਲੀਓ ਬੂੰਦਾਂ ਤੇ ਰੋਟਾਵਾਇਰਸ ਦੀ ਬਿਮਾਰੀ ਤੋਂ ਬਚਾਅ ਲਈ ਬੂੰਦਾਂ ਪਿਲਾਈਆਂ ਜਾਂਦੀਆਂ ਹਨ।
ਇਸ ਮੌਕੇ ਬੀ.ਈ.ਈ ਸ਼ਿਵਾਨੀ ਨੇ ਦੱਸਿਆ ਕਿ ਟੀਕਾਕਰਨ ਕਰਵਾਉਣ ਲਈ ਆਉਣ ਵਾਲੀ ਮਾਵਾਂ ਤੇ ਗਰਭਵਤੀ ਔਰਤਾਂ ਨੂੰ ਸਿਹਤ ਸੰਭਾਲ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਵਜਨਮੇ ਬੱਚੇ ਨੂੰ ਗੁੜਤੀ ਨਾ ਦਿੱੱਤੀ ਜਾਵੇ ਅਤੇ ਬੱਚੇ ਨੂੰ ਇਨਫੈਕਸ਼ਨ ਤੋਂ ਦੂਰ ਰੱਖਣ ਲਈ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋ ਕੇ ਸਾਫ ਕਰਿਆ ਜਾਵੇ ਫਿਰ ਬੱਚੇ ਨੂੰ ਚੁੱਕਿਆ ਜਾਵੇ। ਇਸ ਦੇ ਨਾਲ ਹੀ ਗਰਭਵਤੀ ਔਰਤਾਂ ਨੂੰ ਲਗਾਤਾਰ ਸਮੇਂ ਸਮੇਂ ‘ਤੇ ਆਪਣਾ ਚੈੱਕਅਪ ਨੇੜਲੇ ਸਿਹਤ ਕੇਂਦਰ ਵਿੱਚ ਕਰਵਾਉਣਾ ਚਾਹੀਦਾ ਹੈ ਤਾਂ ਜੋ ਬੱਚੇ ਦੇ ਜਨਮ ਸਮੇਂ ਕੋਈ ਮੁਸ਼ਕਲ ਪੇਸ਼ ਨਾ ਆਵੇ।