ਭਾਂਡੇ ਖੜਕਾ ਕੇ ਸਰਕਾਰ ਨੂੰ ਜਗਾਉਣ ਨਿਕਲੀਆਂ ਆਸ਼ਾ ਵਰਕਰਾਂ, ਕਿਹਾ- ਵਾਅਦਿਆਂ ਦੀ ਸਰਕਾਰ ਹੁਣ ਸੁੱਤੀ ਪਈ ਹੈ

PrimekhabarPunjab Asha

ਬਰਨਾਲਾ, 12 ਜੂਨ(ਰਾਕੇਸ਼ ਜੇਠੀ): ਪੰਜਾਬ ਸਰਕਾਰ ਦੀਆਂ ਸਿਹਤ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਵਾਲੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਹੁਣ ਆਪਣੀ ਹੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਸੜਕਾਂ ‘ਤੇ ਉਤਰਨਾ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਬਰਨਾਲਾ ਵੱਲੋਂ ਡੀਸੀ ਕੰਪਲੈਕਸ ਵਿਖੇ “ਭਾਂਡੇ ਖੜਕਾਓ, ਸਰਕਾਰ ਜਗਾਓ” ਰੋਸ ਪ੍ਰਦਰਸ਼ਨ ਕੀਤਾ ਗਿਆ।
ਯੂਨੀਅਨ ਆਗੂਆਂ ਲਖਬੀਰ ਕੌਰ, ਸਿਮਰਜੀਤ ਕੌਰ ਅਤੇ ਗੁਰਵਿੰਦਰ ਕੌਰ ਦੀ ਅਗਵਾਈ ਹੇਠ ਹੋਏ ਧਰਨੇ ਦੌਰਾਨ ਸੂਬਾ ਮੀਤ ਪ੍ਰਧਾਨ ਪਵਨਪ੍ਰੀਤ ਕੌਰ ਨੇ ਕਿਹਾ ਕਿ ਜਿਨ੍ਹਾਂ ਆਸ਼ਾ ਵਰਕਰਾਂ ਨੂੰ ਸਿਹਤ ਵਿਭਾਗ ਦੀ “ਰੀੜ ਦੀ ਹੱਡੀ” ਕਿਹਾ ਜਾਂਦਾ ਹੈ, ਉਹੀ ਅੱਜ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਾਰੀਆਂ ਸਿਹਤ ਸੇਵਾਵਾਂ ਨੂੰ ਡੋਰ-ਟੂ-ਡੋਰ ਲੋਕਾਂ ਤੱਕ ਪਹੁੰਚਾਉਣ ਵਾਲੀਆਂ ਵਰਕਰਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਤਪਦੀ ਧੁੱਪ ਵਿੱਚ ਸੰਘਰਸ਼ ਕਰਨਾ ਪੈ ਰਿਹਾ ਹੈ।
ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਚੋਣਾਂ ਸਮੇਂ ਵੱਡੇ-ਵੱਡੇ ਵਾਅਦੇ ਕਰਨ ਵਾਲੀ ਸਰਕਾਰ ਹੁਣ ਆਸ਼ਾ ਵਰਕਰਾਂ ਦੀਆਂ ਮੰਗਾਂ ਸੁਣਨ ਲਈ ਵੀ ਤਿਆਰ ਨਹੀਂ। ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਮਿਨੀਮਮ ਵੇਜ ਐਕਟ ਤਹਿਤ 24 ਹਜ਼ਾਰ ਰੁਪਏ ਮਹੀਨਾਵਾਰ ਤਨਖ਼ਾਹ ਦਿੱਤੀ ਜਾਵੇ, ਕੱਟੇ ਗਏ ਇਨਸੈਂਟਿਵ ਤੁਰੰਤ ਬਹਾਲ ਕੀਤੇ ਜਾਣ, ਟੂਰ ਭੱਤੇ ਵਿੱਚ ਵਾਧਾ ਕੀਤਾ ਜਾਵੇ ਅਤੇ ANM ਦਾ ਪੇਪਰ ਪਾਸ ਕਰ ਚੁੱਕੀਆਂ ਵਰਕਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ।
ਧਰਨੇ ਦੌਰਾਨ ਆਗੂਆਂ ਨੇ ਤੰਜ ਕੱਸਦਿਆਂ ਕਿਹਾ ਕਿ ਲੱਗਦਾ ਹੈ ਸਰਕਾਰ ਦੇ ਕੰਨਾਂ ਤੱਕ ਆਮ ਮੰਗਾਂ ਦੀ ਆਵਾਜ਼ ਨਹੀਂ ਪਹੁੰਚ ਰਹੀ, ਇਸ ਲਈ ਹੁਣ ਭਾਂਡੇ ਖੜਕਾ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਹੁਣ ਵੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਅਣਮਿੱਥੇ ਸਮੇਂ ਲਈ “ਕਲਮ ਛੋੜ ਹੜਤਾਲ” ਸ਼ੁਰੂ ਕੀਤੀ ਜਾਵੇਗੀ ਅਤੇ ਕੈਬਨਿਟ ਮੰਤਰੀਆਂ ਤੇ ਮੁੱਖ ਮੰਤਰੀ ਦੇ ਘਰਾਂ ਦਾ ਘਿਰਾਓ ਵੀ ਕੀਤਾ ਜਾਵੇਗਾ।
ਇਸ ਮੌਕੇ ਪਰਮਜੀਤ ਕੌਰ, ਕਰਮਜੀਤ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ, ਇੰਦਰਜੀਤ ਕੌਰ, ਨਿੱਕੀ ਕੌਰ, ਹਰਜਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਆਸ਼ਾ ਵਰਕਰਾਂ ਮੌਜੂਦ ਸਨ।
ਸਵਾਲ ਇਹ ਹੈ ਕਿ ਜਿਹੜੀਆਂ ਮਹਿਲਾਵਾਂ ਸਾਲਾਂ ਤੋਂ ਲੋਕਾਂ ਦੀ ਸਿਹਤ ਸੰਭਾਲਣ ਵਿੱਚ ਸਰਕਾਰ ਦਾ ਹੱਥ ਬਟਾ ਰਹੀਆਂ ਹਨ, ਕੀ ਸਰਕਾਰ ਹੁਣ ਉਨ੍ਹਾਂ ਦੀਆਂ ਮੰਗਾਂ ਵੱਲ ਵੀ ਧਿਆਨ ਦੇਵੇਗੀ ਜਾਂ ਫਿਰ ਇਹ ਭਾਂਡਿਆਂ ਦੀ ਆਵਾਜ਼ ਵੀ ਹੋਰ ਵਾਅਦਿਆਂ ਵਾਂਗ ਫਾਈਲਾਂ ਵਿੱਚ ਹੀ ਦੱਬ ਕੇ ਰਹਿ ਜਾਵੇਗੀ?

About The Author