ਬਰਨਾਲਾ ’ਚ ਵੱਡਾ ਹਾਦਸਾ: ਏਸੀ ਦੀ ਮੁਰੰਮਤ ਦੌਰਾਨ ਕੰਪ੍ਰੈਸਰ ਫਟਣ ਕਾਰਨ ਜ਼ੋਰਦਾਰ ਧਮਾਕਾ, ਠੀਕਰੀਵਾਲਾ ਦੇ 25 ਸਾਲਾ ਨੌਜਵਾਨ ਮਕੈਨਿਕ ਦੀ ਮੌਤ

ਬਰਨਾਲਾ, 13 ਜੂਨ (ਰਾਕੇਸ਼ ਜੇਠੀ): ਬਰਨਾਲਾ ਦੇ ਕੇਸੀ ਰੋਡ ਸਥਿਤ ਗਲੀ ਨੰਬਰ 11 ’ਚੋਂ ਇਕ ਬੇਹੱਦ ਮੰਦਭਾਗੀ ਤੇ ਦਿਲ-ਕੰਬਾਊ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਘਰ ਦੇ ਅੰਦਰ ਚੱਲ ਰਹੇ ਏਸੀ ਦੀ ਮੁਰੰਮਤ ਕਰਦੇ ਸਮੇਂ ਅਚਾਨਕ ਇਕ ਭਿਆਨਕ ਬਲਾਸਟ ਹੋ ਗਿਆ। ਇਸ ਜ਼ੋਰਦਾਰ ਧਮਾਕੇ ਦੀ ਲਪੇਟ ’ਚ ਆਉਣ ਕਾਰਨ ਏਸੀ ਠੀਕ ਕਰ ਰਹੇ 25 ਸਾਲਾ ਨੌਜਵਾਨ ਮਕੈਨਿਕ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸਿਕੰਦਰ ਸਿੰਘ (25) ਵਜੋਂ ਹੋਈ ਹੈ। ਜੋ ਨਜ਼ਦੀਕੀ ਪਿੰਡ ਠੀਕਰੀਵਾਲਾ ਦਾ ਰਹਿਣ ਵਾਲਾ ਸੀ। ਨੌਜਵਾਨ ਦੀ ਬੇਵਕਤੀ ਮੌਤ ਕਾਰਨ ਜਿਥੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉੱਥੇ ਹੀ ਪੂਰੇ ਪਿੰਡ ’ਚ ਮਾਤਮ ਪਸਰ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਰਮੀ ਦੇ ਸੀਜ਼ਨ ਕਾਰਨ ਸਿਕੰਦਰ ਸਿੰਘ ਆਪਣੇ ਸਾਥੀ ਮਕੈਨਿਕਾਂ ਨਾਲ ਕੇਸੀ ਰੋਡ ’ਤੇ ਸਥਿਤ ਇਕ ਰਿਹਾਇਸ਼ੀ ਘਰ ’ਚ ਖ਼ਰਾਬ ਹੋਏ ਏਸੀ ਨੂੰ ਠੀਕ ਕਰਨ ਤੇ ਉਸ ਦੀ ਸਰਵਿਸਿੰਗ ਲਈ ਗਿਆ ਹੋਇਆ ਸੀ। ਜਦੋਂ ਉਹ ਬੜੀ ਲਗਨ ਨਾਲ ਏਸੀ ਦੀ ਤਕਨੀਕੀ ਖ਼ਰਾਬੀ ਨੂੰ ਸੁਧਾਰ ਰਿਹਾ ਸੀ ਤਾਂ ਅਚਾਨਕ ਏਸੀ ਦੇ ਬਾਹਰੀ ਹਿੱਸੇ ’ਚ ਇਕ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਭਿਆਨਕ ਤੇ ਸ਼ਕਤੀਸ਼ਾਲੀ ਸੀ ਕਿ ਇਸ ਦੀ ਗੂੰਜ ਦੂਰ-ਦੂਰ ਤਕ ਸੁਣਾਈ ਦਿੱਤੀ। ਜਿਸ ਕਾਰਨ ਆਸ-ਪਾਸ ਦੇ ਪੂਰੇ ਇਲਾਕੇ ’ਚ ਹੜਕੰਪ ਮਚ ਗਿਆ। ਆਵਾਜ਼ ਸੁਣ ਕੇ ਵੱਡੀ ਗਿਣਤੀ ’ਚ ਸਥਾਨਕ ਲੋਕ ਡਰ ਕੇ ਘਰਾਂ ਤੋਂ ਬਾਹਰ ਆ ਗਏ ਤੇ ਤੁਰੰਤ ਘਟਨਾ ਵਾਲੀ ਥਾਂ ’ਤੇ ਇਕੱਠੇ ਹੋ ਗਏ। ਇਸ ਅਚਨਚੇਤ ਹੋਏ ਹਾਦਸੇ ’ਚ ਸਿਕੰਦਰ ਸਿੰਘ ਗੰਭੀਰ ਰੂਪ ’ਚ ਝੁਲਸ ਗਿਆ ਤੇ ਲਹੂ-ਲੁਹਾਨ ਹੋ ਕੇ ਡਿੱਗ ਪਿਆ। ਉਸ ਦੇ ਸਾਥੀਆਂ ਤੇ ਘਰ ਦੇ ਮੈਂਬਰਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਬਿਨਾਂ ਸਮਾਂ ਗਵਾਏ ਨੌਜਵਾਨ ਨੂੰ ਚੁੱਕ ਕੇ ਨਜ਼ਦੀਕੀ ਹਸਪਤਾਲ ਪਹੁੰਚਾਇਆ। ਪਰ ਅਫ਼ਸੋਸ ਕਿ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਸ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ। ਹਸਪਤਾਲ ਦੇ ਡਾਕਟਰਾਂ ਨੇ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਲਾਸ਼ ਨੂੰ ਪੋਸਟਮਾਰਟਮ ਲਈ ਆਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਹਿਰਾਂ ਤੇ ਸ਼ੁਰੂਆਤੀ ਤਕਨੀਕੀ ਜਾਂਚ ਦੇ ਅੰਦਾਜ਼ੇ ਮੁਤਾਬਕ ਏਸੀ ਦੀ ਮੁਰੰਮਤ ਜਾਂ ਗੈਸ ਰਿਫਿਲਿੰਗ ਦੌਰਾਨ ਕੰਪ੍ਰੈਸਰ ਦੇ ਅੰਦਰ ਗੈਸ ਦਾ ਦਬਾਅ ਲੋੜ ਤੋਂ ਵੱਧ ਜਾਣ ਜਾਂ ਕਿਸੇ ਅਚਾਨਕ ਆਏ ਸ਼ਾਰਟ-ਸਰਕਟ ਕਾਰਨ ਇਹ ਭਿਆਨਕ ਸਿਲੰਡਰ ਬਲਾਸਟ ਹੋਇਆ ਹੋ ਸਕਦਾ ਹੈ। ਹਸਪਤਾਲ ਦੇ ਡਾਕਟਰ ਗੁਰਮਹਿਰ ਢਿੱਲੋਂ ਨੇ ਦੱਸਿਆ ਕਿ ਦੁਪਹਿਰ ਤਕਰੀਬਨ 1:30 ਵਜੇ ਕੇਸੀ ਰੋਡ ਦੀ ਗਲੀ ਨੰਬਰ 11 ਤੋਂ ਇਕ ਐਮਰਜੈਂਸੀ ਕੇਸ ਹਸਪਤਾਲ ਲਿਆਂਦਾ ਗਿਆ ਸੀ। ਸਿਕੰਦਰ ਸਿੰਘ ਉੱਥੇ ਏਸੀ ਦੀ ਸਰਵਿਸਿੰਗ ਕਰ ਰਿਹਾ ਸੀ। ਜਿੱਥੇ ਅਚਾਨਕ ਏਸੀ ਦਾ ਸਿਲੰਡਰ\ਕੰਪ੍ਰੈਸਰ ਬਲਾਸਟ ਹੋ ਗਿਆ। ਇਸ ਹਾਦਸੇ ’ਚ ਨੌਜਵਾਨ ਦੇ ਸਰੀਰ ’ਤੇ ਗੰਭੀਰ ਸੱਟਾਂ ਲੱਗੀਆਂ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਸਬੰਧੀ ਪੁਲਿਸ ਥਾਣੇ ਨੂੰ ਲਿਖਤੀ ਸੂਚਨਾ ਭੇਜ ਦਿੱਤੀ ਗਈ ਹੈ ਤਾਂ ਜੋ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਜਾ ਸਕੇ।
