ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ — ਛੁੱਟੀਆਂ ਦੌਰਾਨ ਸਕੂਲ ਬੁਲਾਉਣ ’ਤੇ ਉੱਠੇ ਸਵਾਲ

ਹੰਡਿਆਇਆ, 2 ਜੂਨ(ਰਾਕੇਸ਼ ਜੇਠੀ): ਹੰਡਿਆਇਆ ਕੈਂਚੀਆਂ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਅਧਿਆਪਕਾ ਦੀ ਮੌਤ ਹੋ ਗਈ, ਜਦਕਿ ਦੂਜੀ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਮਦਰ ਟੀਚਰ ਸਕੂਲ ਜਾ ਰਹੀਆਂ ਦੋ ਅਧਿਆਪਕਾਵਾਂ ਦੀ ਸਕੂਟਰੀ ਨੂੰ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ।
ਪ੍ਰਾਪਤ ਵੇਰਵਿਆਂ ਮੁਤਾਬਕ ਸਕੂਟਰੀ ਨੰਬਰ PB 19N 1922 ’ਤੇ ਸਵਾਰ ਸਰਬਜੀਤ ਕੌਰ ਅਤੇ ਅਮਨਦੀਪ ਕੌਰ, ਦੋਵੇਂ ਵਾਸੀ ਸੇਖਾ, ਮਦਰ ਟੀਚਰ ਸਕੂਲ ਜਾ ਰਹੀਆਂ ਸਨ। ਇਸ ਦੌਰਾਨ ਕੈਂਟਰ ਨੰਬਰ HR 57B 0867 ਨਾਲ ਹੋਈ ਟੱਕਰ ਕਾਰਨ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ।ਕੈਂਟਰ ਡਰਾਈਵਰ ਹਰੀਸ਼ ਕੁਮਾਰ, ਸਿਰਸਾ ਦਾ ਰਹਿਣ ਵਾਲਾ ਹੈ।
ਹਾਦਸੇ ਦੀ ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ (SSF) ਹੰਡਿਆਇਆ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਬਰਨਾਲਾ ਪਹੁੰਚਾਇਆ। ਡਾਕਟਰਾਂ ਨੇ ਅਮਨਦੀਪ ਕੌਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਆਦੇਸ਼ ਹਸਪਤਾਲ ਭੁੱਚੋ ਮੰਡੀ (ਬਠਿੰਡਾ) ਰੈਫਰ ਕਰ ਦਿੱਤਾ, ਪਰ ਆਦੇਸ਼ ਹਸਪਤਾਲ ਵਿੱਚ ਉਹ ਜ਼ਿੰਦਗੀ ਦੀ ਜੰਗ ਹਾਰ ਗਈ। ਅਮਨਦੀਪ ਕੌਰ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਸ ਦਰਦਨਾਕ ਘਟਨਾ ਤੋਂ ਬਾਅਦ ਲੋਕਾਂ ਵਿੱਚ ਇੱਕ ਹੋਰ ਚਰਚਾ ਛਿੜ ਗਈ ਹੈ। ਸਵਾਲ ਉੱਠ ਰਹੇ ਹਨ ਕਿ ਜਦੋਂ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਤਾਂ ਅਧਿਆਪਕਾਂ ਨੂੰ ਮਦਰ ਟੀਚਰ ਸਕੂਲ ਵਿੱਚ ਕਿਸ ਕੰਮ ਲਈ ਬੁਲਾਇਆ ਜਾ ਰਿਹਾ ਸੀ?
