ਵਿਜੀਲੈਂਸ ਬਿਊਰੋ ਵਲੋਂ ਰਜਿਸਟਰੀ ਲਿਖਾਈ ਦੇ ਵੱਧ ਪੈਸੇ ਵਸੂਲਣ ਦੇ ਦੋਸ਼ ’ਚ ਧਨੌਲਾ ਦਾ ਵਸੀਕਾ ਨਵੀਸ ਵਿਪਨ ਸਿੰਘ ਸਿੱਧੂ ਗ੍ਰਿਫ਼ਤਾਰ

ਬਰਨਾਲਾ, 2 ਜੂਨ (ਰਾਕੇਸ਼ ਜੇਠੀ): ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਵਲੋਂ ਸਬ ਤਹਿਸੀਲ ਧਨੌਲਾ ਦੇ ਇਕ ਵਸੀਕਾ ਨਵੀਸ ਨੂੰ ਵਸੀਕਾ ਲਿਖਣ ਬਦਲੇ ਸਰਕਾਰ ਵਲੋਂ ਨਿਰਧਾਰਤ ਰਜਿਸਟਰੀ ਲਿਖਾਈ ਤੋਂ ਇਲਾਵਾ ਵੱਧ ਪੈਸੇ ਵਸੂਲਣ ਦੇ ਦੋਸ਼ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਰਮਜੀਤ ਸਿੰਘ ਦੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਸਬ ਤਹਿਸੀਲ ਧਨੌਲਾ ਵਿਖੇ ਕੰਮ ਕਰ ਰਹੇ ਵਸੀਕਾ ਨਵੀਸ ਵਿਪਨ ਸਿੰਘ ਸਿੱਧੂ ਦੇ ਖ਼ਿਲਾਫ਼ ਰਜਿਸਟਰੀ ਸਬੰਧੀ ਵੱਧ ਪੈਸੇ ਲੈਣ ਦਾ ਲਗਾਇਆ ਦੋਸ਼ ਸਹੀ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਪਰਮਜੀਤ ਸਿੰਘ ਵਲੋਂ ਪੇਸ਼ ਕੀਤੀ ਆਡੀਓ ਵੀਡੀਓ ਰਿਕਾਰਡਿੰਗ ਨੂੰ ਵਾਚਣ ’ਤੇ ਸਾਹਮਣੇ ਆਇਆ ਕਿ ਵਿਪਨ ਸਿੰਘ ਸਿੱਧੂ ਵਲੋਂ ਵਸੀਕਾ ਲਿਖਣ ਬਦਲੇ ਸਰਕਾਰ ਵਲੋਂ ਨਿਰਧਾਰਿਤ ਰਜਿਸਟਰੀ ਲਿਖਾਈ ਤੋਂ ਇਲਾਵਾ ਵੱਧ ਪੈਸੇ ਵਸੂਲ ਕਰਨੇ ਸਾਬਿਤ ਹੋਏ ਹਨ।
ਇਸ ਤਰ੍ਹਾਂ ਉਸ ਵਲੋਂ ਆਮ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਸੀ। ਜੋ ਕਾਨੂੰਨਨ ਅਪਰਾਧ ਬਣਦਾ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਪਰਮਜੀਤ ਸਿੰਘ ਵਲੋਂ ਖਰੀਦ ਕੀਤੇ ਰੂੜੀ ਵਾਲੇ ਪਲਾਟ ਦਾ ਵਸੀਕਾ ਵਿਪਨ ਸਿੰਘ ਸਿੱਧੂ ਨੇ ਆਪਣੇ ਦਫ਼ਤਰ ਸਬ ਤਹਿਸੀਲ ਧਨੌਲਾ ਵਿਖੇ ਡਰਾਫਟ ਕੀਤਾ। ਪ੍ਰੰਤੂ ਉਕਤ ਵਸੀਕਾ ’ਤੇ ਵਿਪਨ ਸਿੰਘ ਸਿੱਧੂ ਨੇ ਆਪਣੀ ਮੋਹਰ ਲਗਾਉਣ ਦੀ ਬਜਾਏ ਗੁਲਸ਼ਨ ਕੁਮਾਰ ਐਡਵੋਕੇਟ ਜ਼ਿਲ੍ਹਾ ਕਚਹਿਰੀਆਂ ਬਰਨਾਲਾ ਦੀ ਮੋਹਰ ਲਗਾ ਕੇ ਜਾਅਲੀ ਦਸਤਖ਼ਤ ਕੀਤੇ। ਜਦਕਿ ਵਿਪਨ ਸਿੰਘ ਸਿੱਧੂ ਕੋਲ ਆਪਣਾ ਵਸੀਕਾ ਲਿਖਣ ਸਬੰਧੀ ਅਧਿਕਾਰਤ ਲਾਇਸੰਸ 1\ਡੀਡਵਲਯੂਐੱਲ\ ਬੀਐੱਨਐੱਲ1996 ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਅਗਲੇਰੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਗੁਲਸ਼ਨ ਕੁਮਾਰ ਅਗਰਵਾਲ ਜ਼ਿਲ੍ਹਾ ਕਚਹਿਰੀ ਬਰਨਾਲਾ ਵਿਖੇ ਹੀ ਬਤੌਰ ਪੇਸ਼ੇਵਰ ਵਕੀਲ ਤੇ ਨੋਟਰੀ ਦਾ ਕੰਮ ਕਰਦਾ ਹੈ। ਗੁਲਸ਼ਨ ਕੁਮਾਰ ਉਕਤ ਵਲੋਂ ਇਹ ਵਸੀਕਾ ਡਰਾਫਟ ਨਹੀਂ ਕੀਤਾ ਗਿਆ ਤੇ ਨਾ ਹੀ ਕਦੇ ਉਹ ਸਬ ਤਹਿਸੀਲ ਧਨੌਲਾ ਵਿਖੇ ਗਿਆ ਹੈ ਤੇ ਨਾ ਹੀ ਉਕਤ ਵਸੀਕੇ ਨਾਲ ਸਬੰਧਿਤ ਵਿਅਕਤੀਆਂ ਨੂੰ ਉਹ ਜਾਣਦਾ ਹੈ। ਜਿਸ ਤੋਂ ਸਾਬਤ ਹੋਇਆ ਕਿ ਵਿਪਨ ਸਿੰਘ ਸਿੱਧੂ ਵਲੋਂ ਆਮ ਪਬਲਿਕ ਨੂੰ ਧੋਖੇ ’ਚ ਰੱਖ ਕੇ ਵਸੀਕਿਆਂ ਉੱਪਰ ਜਾਅਲੀ ਮੋਹਰ ਤੇ ਜਾਅਲੀ ਦਸਤਖ਼ਤ ਕਰਕੇ ਸਬ ਰਜਿਸਟਾਰ ਧਨੌਲਾ ਪਾਸੋਂ ਰਜਿਸਟਰ ਕਰਵਾਏ ਜਾਂਦੇ ਹਨ ਤੇ ਇਹ ਰਜਿਸਟਰੀਆਂ ਕਰਨ ਬਦਲੇ ਵਿਪਨ ਸਿੰਘ ਸਿੱਧੂ ਵਲੋਂ ਆਮ ਲੋਕਾਂ ਤੋਂ ਸਰਕਾਰ ਵਲੋਂ ਨਿਰਧਾਰਿਤ ਰਜਿਸਟਰੀ ਲਿਖਾਈ ਫੀਸ ਤੋਂ ਇਲਾਵਾ ਨਜਾਇਜ਼ ਪੈਸੇ ਵਸੂਲ ਕੀਤੇ ਜਾਂਦੇ ਸਨ ਤੇ ਆਪਣੇ ਲਿਖੇ ਹੋਏ ਵਸੀਕੇ ਉੱਪਰ ਆਪਣੀ ਮੋਹਰ ਲਗਾਉਣ ਦੀ ਬਜਾਏ ਕਿਸੇ ਹੋਰ ਦੀ ਮੋਹਰ ਲਗਾ ਕੇ ਜਾਅਲੀ ਦਸਤਖ਼ਤ ਕਰਕੇ ਵਸੀਕੇ ਰਜਿਸਟਰ ਕਰਵਾਏ ਜਾਂਦੇ ਸਨ। ਜੋ ਕਿ ਇਕ ਘੋਰ ਅਪਰਾਧ ਬਣਦਾ ਹੈ।
ਉਨ੍ਹਾਂ ਦੱਸਿਆ ਕਿ ਰਾਜਪ੍ਰਿਤਪਾਲ ਸਿੰਘ ਤਹਿਸੀਲਦਾਰ ਧਨੌਲਾ ਵਲੋਂ ਵੀ ਬਿਆਨ ਦਰਜ ਕਰਵਾਏ ਗਏ ਹਨ ਕਿ ਜੇਕਰ ਰਜਿਸਟਰੀ ਕਲਰਕ ਜਾਂ ਸਬੰਧਿਤ ਵਸੀਕਾ ਨਵੀਸ ਵਲੋਂ ਖਰੀਦਦਾਰ ਪਾਸੋਂ ਕੋਈ ਵਾਧੂ ਅਦਾਇਗੀ ਹਾਸਿਲ ਕੀਤੀ ਗਈ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ। ਜਿਸ ਤੋਂ ਬਾਅਦ ਵਿਪਨ ਸਿੰਘ ਸਿੱਧੂ ਵਸੀਕਾ ਨਵੀਸ ਸਬ ਤਹਿਸੀਲ ਧਨੌਲਾ ਜ਼ਿਲ੍ਹਾ ਬਰਨਾਲਾ ਪੁੱਤਰ ਸੁਰਿੰਦਰ ਸਿੰਘ ਸਿੱਧੂ ਵਾਸੀ ਪੱਤੀ ਸੇਖਵਾਂ ਰੋਡ ਬਰਨਾਲਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
