ਸਫਾਈ ਸੇਵਕਾਂ ਦੀ ਹੜਤਾਲ ਦਾ ਛੇਵਾਂ ਦਿਨ: ਹੰਡਿਆਇਆ ‘ਚ ਕੂੜੇ ਦੇ ਢੇਰਾਂ ਕਾਰਨ ਲੋਕ ਪਰੇਸ਼ਾਨ, ਸਰਕਾਰ ਤੋਂ ਤੁਰੰਤ ਹੱਲ ਦੀ ਮੰਗ

PrtimekhabarPunjab Safai

ਹੰਡਿਆਇਆ, 11 ਮਈ(ਰਾਕੇਸ਼ ਜੇਠੀ) — ਪੰਜਾਬ ਸਫਾਈ ਯੂਨੀਅਨ ਦੇ ਸੱਦੇ ’ਤੇ ਸਫਾਈ ਯੂਨਿਟ ਹੰਡਿਆਇਆ ਵੱਲੋਂ ਕੀਤੀ ਜਾ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ ਛੇਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਹੜਤਾਲ ਦੇ ਚਲਦੇ ਕਸਬਾ ਹੰਡਿਆਇਆ ਦੇ ਵੱਖ-ਵੱਖ ਇਲਾਕਿਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਲੀਆਂ ਅਤੇ ਮੁੱਖ ਸੜਕਾਂ ਦੇ ਕਿਨਾਰਿਆਂ ’ਤੇ ਇਕੱਠੇ ਹੋ ਰਹੇ ਕੂੜੇ ਕਾਰਨ ਇਲਾਕੇ ਵਿੱਚ ਬਦਬੂ ਫੈਲ ਰਹੀ ਹੈ ਅਤੇ ਲੋਕਾਂ ਲਈ ਉਥੋਂ ਲੰਘਣਾ ਵੀ ਮੁਸ਼ਕਿਲ ਬਣਿਆ ਹੋਇਆ ਹੈ।
ਹੜਤਾਲ ਲੰਬੀ ਖਿੱਚਣ ਕਾਰਨ ਹੁਣ ਸਿਹਤ ਸੰਬੰਧੀ ਖਤਰੇ ਵੀ ਵਧਣ ਲੱਗ ਪਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਲਦ ਹੱਲ ਨਾ ਨਿਕਲਿਆ ਤਾਂ ਗਰਮੀ ਦੇ ਮੌਸਮ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਹੋਰ ਵੀ ਵਧ ਸਕਦਾ ਹੈ।
ਇਸ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਮਨੀ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਫਾਈ ਸੇਵਕਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲੰਮੇ ਸਮੇਂ ਤੱਕ ਅਣਡਿੱਠਾ ਕਰਨਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਸਫਾਈ ਸੇਵਕ ਸਮਾਜ ਦਾ ਬਹੁਤ ਹੀ ਅਹਿਮ ਹਿੱਸਾ ਹਨ, ਜੋ ਹਰ ਰੋਜ਼ ਲੋਕਾਂ ਨੂੰ ਸਾਫ-ਸੁਥਰਾ ਮਾਹੌਲ ਮੁਹੱਈਆ ਕਰਵਾਉਣ ਲਈ ਸੇਵਾ ਨਿਭਾਉਂਦੇ ਹਨ।
ਮਨੀ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਸਫਾਈ ਸੇਵਕ ਯੂਨੀਅਨ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢੇ ਅਤੇ ਹੜਤਾਲ ਖਤਮ ਕਰਵਾਏ, ਤਾਂ ਜੋ ਕਸਬੇ ਵਿੱਚ ਲੱਗੇ ਕੂੜੇ ਦੇ ਢੇਰ ਹਟ ਸਕਣ ਅਤੇ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਮਸਲਾ ਹੋਰ ਲੰਮਾ ਚੱਲਿਆ ਤਾਂ ਲੋਕਾਂ ਦੀ ਸਿਹਤ ’ਤੇ ਗੰਭੀਰ ਅਸਰ ਪੈ ਸਕਦਾ ਹੈ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।

About The Author