ਨਾੜ ਦੀ ਅੱਗ ਨੇ ਲੱਕੜ ਦੇ ਆਰੇ ਨੂੰ ਲਪੇਟਿਆ, ਹੰਡਿਆਇਆ ਕੈਂਚੀਆਂ ‘ਤੇ ਮਚੀ ਹਫੜਾ-ਦਫੜੀ

PrimeKhabarPunjab Aara

ਹੰਡਿਆਇਆ- 7ਮਈ(ਰਾਕੇਸ਼ ਜੇਠੀ)- ਹੰਡਿਆਇਆ ਕੈਂਚੀਆਂ ਨੇੜੇ ਉਸ ਸਮੇਂ ਅਫੜਾ-ਤਫਰੀ ਦਾ ਮਾਹੌਲ ਬਣ ਗਿਆ ਜਦੋਂ ਇੱਕ ਲੱਕੜ ਦੇ ਆਰੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕਿ ਉੱਚੇ-ਉੱਚੇ ਭਾਂਬੜ ਦੂਰੋਂ ਹੀ ਦਿਖਾਈ ਦੇਣ ਲੱਗ ਪਏ। ਅੱਗ ਲੱਗਣ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕ ਵੱਡੀ ਗਿਣਤੀ ਵਿੱਚ ਮੌਕੇ ‘ਤੇ ਇਕੱਠੇ ਹੋ ਗਏ।
ਜਾਣਕਾਰੀ ਅਨੁਸਾਰ ਇਹ ਆਰਾ ਗੁਰਮੇਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਹੰਡਿਆਇਆ ਦਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰੇ ਦੇ ਮੁਨਸ਼ੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਆਰੇ ਦੇ ਨਜ਼ਦੀਕ ਖੇਤਾਂ ਵਿੱਚ ਕਿਸਾਨਾਂ ਵੱਲੋਂ ਨਾੜ ਨੂੰ ਅੱਗ ਲਗਾਈ ਗਈ ਸੀ। ਇਸ ਦੌਰਾਨ ਤੇਜ਼ ਹਵਾਵਾਂ ਚੱਲਣ ਕਾਰਨ ਅੱਗ ਦੀਆਂ ਲਪਟਾਂ ਆਰੇ ਵਿੱਚ ਪਈ ਸੁੱਕੀ ਲੱਕੜ ਤੱਕ ਪਹੁੰਚ ਗਈਆਂ, ਜਿਸ ਕਾਰਨ ਅੱਗ ਨੇ ਕੁਝ ਹੀ ਮਿੰਟਾਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ।
ਅੱਗ ਲੱਗਣ ਦੀ ਸੂਚਨਾ ਤੁਰੰਤ ਆਰੇ ਦੇ ਮਾਲਕ ਗੁਰਮੇਲ ਸਿੰਘ ਅਤੇ ਬਰਨਾਲਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਬਰਨਾਲਾ ਤੋਂ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਇੱਕ ਤਪਾ ਤੋਂ ਅਤੇ ਇੱਕ ਆਈਓਐਲ ਫੈਕਟਰੀ ਧੌਲਾ ਤੋਂ ਮੌਕੇ ‘ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੇ ਲਗਾਤਾਰ ਬੜੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ ਅਤੇ ਵੱਡੇ ਨੁਕਸਾਨ ਤੋਂ ਬਚਾਵ ਕੀਤਾ।
ਫਾਇਰ ਬ੍ਰਿਗੇਡ ਦੀ ਟੀਮ ਵਿੱਚ ਹਰਮਨਦੀਪ ਸਿੰਘ ਫਾਇਰਮੈਨ, ਮਨਦੀਪ ਸਿੰਘ ਡਰਾਈਵਰ, ਦਵਿੰਦਰ ਪਾਲ ਸਿੰਘ ਡਰਾਈਵਰ, ਗੁਰਪਿੰਦਰ ਪਾਲ ਸਿੰਘ ਡਰਾਈਵਰ, ਸੁਖਪ੍ਰੀਤ ਸਿੰਘ ਫਾਇਰਮੈਨ, ਅੰਮ੍ਰਿਤਪਾਲ ਸਿੰਘ ਫਾਇਰਮੈਨ, ਧਰਮਪ੍ਰੀਤ ਸਿੰਘ ਫਾਇਰਮੈਨ ਅਤੇ ਯਾਦਵਿੰਦਰ ਸਿੰਘ ਫਾਇਰਮੈਨ ਹਾਜ਼ਰ ਸਨ, ਜਿਨ੍ਹਾਂ ਨੇ ਬੜੀ ਦਲੇਰੀ ਅਤੇ ਫੁਰਤੀ ਨਾਲ ਅੱਗ ਬੁਝਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਹਰ ਸਾਲ ਵੱਡੇ ਖਤਰੇ ਦਾ ਕਾਰਨ ਬਣਦੀਆਂ ਹਨ, ਪਰ ਇਸਦੇ ਬਾਵਜੂਦ ਲੋਕ ਸਾਵਧਾਨੀ ਨਹੀਂ ਵਰਤਦੇ। ਸਮੇਂ ਸਿਰ ਫਾਇਰ ਬ੍ਰਿਗੇਡ ਦੀ ਕਾਰਵਾਈ ਨਾ ਹੁੰਦੀ ਤਾਂ ਇਹ ਅੱਗ ਹੋਰ ਵੀ ਵੱਡਾ ਰੂਪ ਧਾਰ ਸਕਦੀ ਸੀ ਅਤੇ ਆਸ-ਪਾਸ ਦੀਆਂ ਹੋਰ ਜਾਇਦਾਦਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਸਕਦੀ ਸੀ।

About The Author