ਐਮਸੀ ਸਾਹਿਬਾਂ ਦੇ ਵਾਅਦੇ ਸੁੱਕੇ ਰਹੇ, ਪਰ ਗਲੀ ‘ਚ ਨਾਲੀ ਦਾ ਪਾਣੀ ਨਹੀਂ ਸੁੱਕਿਆ

ਹੰਡਿਆਇਆ, 7 ਮਈ (ਰਾਕੇਸ਼ ਜੇਠੀ) – ਹੰਡਿਆਇਆ ਵਿੱਚ ਪਿਛਲੇ ਕਈ ਦਿਨਾਂ ਤੋਂ ਇੱਕ ਵਿਅਕਤੀ ਆਪਣੀ ਸਮੱਸਿਆ ਨੂੰ ਲੈ ਕੇ ਸੋਸ਼ਲ ਮੀਡੀਆ ਦਾ ਸਹਾਰਾ ਲੈਣ ਲਈ ਮਜਬੂਰ ਹੋ ਗਿਆ ਹੈ। ਫੇਸਬੁੱਕ, ਯੂਟਿਊਬ ਅਤੇ ਹੋਰ ਪਲੇਟਫਾਰਮਾਂ ‘ਤੇ ਵੀਡੀਓਆਂ ਅਪਲੋਡ ਕਰਕੇ ਉਹ ਪ੍ਰਸ਼ਾਸਨ ਕੋਲ ਮਦਦ ਦੀ ਅਪੀਲ ਕਰ ਰਿਹਾ ਹੈ, ਪਰ ਲਗਦਾ ਹੈ ਕਿ ਅਧਿਕਾਰੀਆਂ ਦੀ ਨੀਂਦ ਸੋਸ਼ਲ ਮੀਡੀਆ ਦੀ ਗਤੀ ਤੋਂ ਕਿਤੇ ਜ਼ਿਆਦਾ ਗਹਿਰੀ ਹੈ।
ਹੁਣ ਉਸ ਵਿਅਕਤੀ ਵੱਲੋਂ ਨਗਰ ਪੰਚਾਇਤ ਹੰਡਿਆਇਆ ਕੋਲ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਉਸ ਨੇ ਦੱਸਿਆ ਕਿ ਉਸ ਦੀ ਦੁਕਾਨ ਸਾਹਮਣੇ ਦੋ ਪਰਿਵਾਰਾਂ ਵੱਲੋਂ ਸਰਕਾਰੀ ਨਾਲੀ ਨੂੰ ਬੰਦ ਕਰਕੇ ਉਸ ਦੀ ਥਾਂ ਸਿਰਫ਼ ਚਾਰ ਇੰਚੀ ਪਾਈਪ ਦਬਾ ਦਿੱਤੀ ਗਈ। ਨਤੀਜਾ ਇਹ ਨਿਕਲਿਆ ਕਿ ਪਿੱਛੋਂ ਆਉਣ ਵਾਲਾ ਪਾਣੀ ਉਸ ਤੰਗ ਪਾਈਪ ਵਿੱਚੋਂ ਲੰਘ ਨਹੀਂ ਸਕਦਾ ਅਤੇ ਗੰਦਾ ਪਾਣੀ ਸੜਕਾਂ ‘ਤੇ ਆ ਕੇ “ਸਵੱਛਤਾ” ਦੀ ਅਸਲੀ ਤਸਵੀਰ ਪੇਸ਼ ਕਰ ਰਿਹਾ ਹੈ।
ਹਾਲਾਤ ਇਹ ਹਨ ਕਿ ਸਾਰਾ ਦਿਨ ਉਸ ਦੀ ਦੁਕਾਨ ਅਤੇ ਨੇੜਲੇ ਘਰਾਂ ਅੱਗੇ ਗੰਦਾ ਪਾਣੀ ਖੜਾ ਰਹਿੰਦਾ ਹੈ, ਜਿਸ ਵਿੱਚੋਂ ਉੱਠਦੀ ਬਦਬੂ ਲੋਕਾਂ ਲਈ ਸਿਰਦਰਦ ਬਣੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਵੇਂ ਗਲੀ ਵਿੱਚ ਨਾਲੀ ਘੱਟ ਤੇ “ਸਥਾਈ ਛੱਪੜ” ਵੱਧ ਬਣ ਗਿਆ ਹੋਵੇ।
ਪੀੜਤ ਵਿਅਕਤੀ ਦਾ ਦਾਅਵਾ ਹੈ ਕਿ ਉਸ ਨੇ ਕਈ ਵਾਰ ਆਪਣੇ ਵਾਰਡ ਦੇ ਐਮਸੀ ਸਮੇਤ ਨੇੜਲੇ ਹੋਰ ਐਮਸੀਆਂ ਨੂੰ ਸਮੱਸਿਆ ਬਾਰੇ ਜਾਣੂ ਕਰਵਾਇਆ, ਪਰ ਹਰ ਵਾਰ ਉਸ ਨੂੰ ਸਿਰਫ਼ ਖੋਖਲੇ ਭਰੋਸਿਆਂ ਨਾਲ ਹੀ ਟਾਲ ਦਿੱਤਾ ਗਿਆ। ਲੱਗਦਾ ਹੈ ਕਿ ਚੋਣਾਂ ਵੇਲੇ ਘਰ-ਘਰ ਪਹੁੰਚਣ ਵਾਲੇ ਕੁਝ ਨੁਮਾਇੰਦੇ ਹੁਣ ਗੰਦੇ ਪਾਣੀ ਵਾਲੀ ਗਲੀ ਤੱਕ ਪਹੁੰਚਣ ਤੋਂ ਵੀ ਕਤਰਾਉਣ ਲੱਗ ਪਏ ਹਨ।
ਇੱਕ ਪਾਸੇ ਕੇਂਦਰ ਸਰਕਾਰ “ਸਵੱਛ ਭਾਰਤ ਅਭਿਆਨ” ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਲੋਕਾਂ ਨੂੰ ਸਫਾਈ ਲਈ ਜਾਗਰੂਕ ਕੀਤਾ ਜਾਂਦਾ ਹੈ, ਪਰ ਦੂਜੇ ਪਾਸੇ ਕੁਝ ਲੋਕ ਸਰਕਾਰੀ ਨਾਲੀਆਂ ‘ਤੇ ਕਬਜ਼ੇ ਕਰਕੇ ਅਤੇ ਉਨ੍ਹਾਂ ਨੂੰ ਬੰਦ ਕਰਕੇ ਬਿਮਾਰੀਆਂ ਨੂੰ ਖੁੱਲਾ ਸੱਦਾ ਦੇ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਦੀਆਂ ਅੱਖਾਂ ਸਾਹਮਣੇ ਹੋ ਰਿਹਾ ਹੈ, ਪਰ ਕਾਰਵਾਈ ਦਾ ਪਹੀਆ ਸ਼ਾਇਦ ਅਜੇ ਵੀ “ਅਰਜੀਆਂ ਦੇ ਜਾਮ” ਵਿੱਚ ਫਸਿਆ ਹੋਇਆ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਬਰਸਾਤ ਦੇ ਦਿਨਾਂ ਵਿੱਚ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਸੋਸ਼ਲ ਮੀਡੀਆ ਦੀਆਂ ਵੀਡੀਓਆਂ ਤੋਂ ਬਾਹਰ ਨਿਕਲ ਕੇ ਮੌਕੇ ‘ਤੇ ਵੀ ਪਹੁੰਚਦਾ ਹੈ ਜਾਂ ਫਿਰ “ਸਵੱਛਤਾ ਅਭਿਆਨ” ਸਿਰਫ਼ ਪੋਸਟਰਾਂ ਤੱਕ ਹੀ ਸੀਮਿਤ ਰਹੇਗਾ।
ਜਦੋਂ ਇਸ ਸਬੰਧੀ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰੀ ਤਾਂ ਉਹਨਾਂ ਕਿਹਾ ਕਿ ਇਸ ਮੌਕੇ ਸਫਾਈ ਸੇਵਕਾਂ ਦੀ ਹੜਤਾਲ ਚੱਲ ਰਹੀ ਹੈ ਅਤੇ ਇਸ ਨਾਲੀ ਨੂੰ ਬਣਾਉਣ ਲਈ ਐਸਟੀਮੇਟ ਲਿਆ ਜਾਵੇਗਾ। ਅੱਜ ਉਹ ਸੀਐਮ ਸਾਹਿਬ ਦੀ ਵਿਜਟ ਤੇ ਬਿਜ਼ੀ ਹਨ ਆਉਣ ਵਾਲੇ ਦਿਨਾਂ ਵਿੱਚ ਉਹ ਇਸ ਦਾ ਸਮਾਧਾਨ ਦੇਖਣਗੇ।
