27 ਘੰਟਿਆਂ ਬਾਅਦ ਪਾਣੀ ਵਾਲੀ ਟੈਂਕੀ ਤੋਂ ਉਤਰੇ ਕਲਾਲ ਮਾਜਰਾ ਦੇ ‘ਆਪ’ ਪਾਰਟੀ ਦੇ ਸਰਪੰਚ ਜਗਜੀਵਨ ਸਿੰਘ

ਮਹਿਲ ਕਲਾਂ, 6 ਮਈ (ਰਾਕੇਸ਼ ਜੇਠੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕਲਾਲਮਾਜਰਾ ’ਚ ਪੰਚਾਇਤੀ ਅਧਿਕਾਰਾਂ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਉਸ ਵੇਲੇ ਸਮਾਪਤ ਹੋਇਆ। ਜਦੋਂ ਸਰਪੰਚ ਜਗਜੀਵਨ ਸਿੰਘ ਨੂੰ 27 ਘੰਟਿਆਂ ਬਾਅਦ ਪਾਣੀ ਦੀ ਟੈਂਕੀ ਤੋਂ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ। ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ ਬਣੀ ਸਹਿਮਤੀ ਨੂੰ ਪਿੰਡ ਵਾਸੀਆਂ, ਪੰਚਾਇਤ ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਹੱਥ ਖੜੇ ਕਰਕੇ ਮਨਜ਼ੂਰੀ ਦਿੱਤੀ ਗਈ ਤੇ ਇਸ ਨੂੰ ਸੰਘਰਸ਼ ਦੀ ਵੱਡੀ ਜਿੱਤ ਕਰਾਰ ਦਿੱਤਾ ਗਿਆ। ਬੀਤੇ ਦਿਨੀਂ ਸਰਪੰਚ ਜਗਜੀਵਨ ਸਿੰਘ ਨੇ ਪੰਚਾਂ ਸਮੇਤ ਵਾਟਰ ਵਰਕਸ ਦੀ ਟੈਂਕੀ ਉੱਤੇ ਚੜ੍ਹ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਸੀ ਕਿ ਜਦੋਂ ਤਕ ਪਿੰਡ ਦੇ ਪੰਚਾਇਤੀ ਕੰਮਾਂ ਲਈ ਲਗਾਏ ਗਏ ਪ੍ਰਬੰਧਕ ਨੂੰ ਹਟਾ ਕੇ ਵਿਕਾਸ ਕਾਰਜ ਪੰਚਾਇਤ ਰਾਹੀਂ ਸ਼ੁਰੂ ਨਹੀਂ ਕਰਵਾਏ ਜਾਂਦੇ। ਉਦੋਂ ਤਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਸਿੰਘ ਖਿਆਲੀ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ, ਸੀਪੀਆਈ ਦੇ ਜ਼ਿਲ੍ਹਾ ਸਕੱਤਰ, ਮੀਤ ਪ੍ਰਧਾਨ ਤੇ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਕਿਹਾ ਕਿ ਇਕ ਪਾਸੇ ਸਰਕਾਰਾਂ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਦੇ ਦਾਅਵੇ ਕਰਦੀਆਂ ਹਨ। ਜਦਕਿ ਦੂਜੇ ਪਾਸੇ ਚੁਣੇ ਹੋਏ ਸਰਪੰਚਾਂ ਦੇ ਕੰਮਾਂ ’ਚ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਪੰਚਾਂ ਨਾਲ ਹੋ ਰਹੀ ਧੱਕੇਸ਼ਾਹੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਪੰਚਾਇਤਾਂ ਦੇ ਹੱਕਾਂ ਦੀ ਲੜਾਈ ਜਾਰੀ ਰਹੇਗੀ।ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ ਬੀਡੀਪੀਓ ਮਹਿਲ ਕਲਾਂ ਭੂਸ਼ਣ ਕੁਮਾਰ, ਤਹਿਸੀਲਦਾਰ ਸੁਖਬੀਰ ਸਿੰਘ ਤੇ ਥਾਣਾ ਮਹਿਲ ਕਲਾਂ ਦੇ ਮੁਖੀ ਕੁਲਵਿੰਦਰ ਸਿੰਘ ਭਰੇ ਇਕੱਠ ’ਚ ਪਹੁੰਚੇ ਤੇ ਭਰੋਸਾ ਦਿੱਤਾ ਕਿ ਸਰਪੰਚ ਜਗਜੀਵਨ ਸਿੰਘ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ ਤੇ ਨਾ ਹੀ ਪਿੰਡ ’ਚ ਕੋਈ ਪ੍ਰਬੰਧਕ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਕੋਰਮ ਪੂਰਾ ਕਰਕੇ ਪਿੰਡ ਦੇ ਵਿਕਾਸ ਕੰਮ ਅੱਗੇ ਵਧਾਏ। ਸਹਿਮਤੀ ਤੋਂ ਬਾਅਦ ਅਧਿਕਾਰੀਆਂ ਵਲੋਂ ਟੈਂਕੀ ਉੱਤੇ ਚੜ੍ਹ ਕੇ ਸਰਪੰਚ ਜਗਜੀਵਨ ਸਿੰਘ ਨੂੰ ਜੂਸ ਪਿਲਾਇਆ ਗਿਆ ਤੇ ਉਨ੍ਹਾਂ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਗਿਆ। ਜਿਸਦਾ ਪਿੰਡ ਵਾਸੀਆਂ ਨੇ ਹਾਰ ਪਾ ਕੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਸਨੂੰ ਸੰਘਰਸ਼ ਦੀ ਜਿੱਤ ਦੱਸਦਿਆਂ ਕਿਹਾ ਕਿ ਸਰਕਾਰ ਦੀਆਂ ਧੱਕੇਸ਼ਾਹੀਆਂ ਨੂੰ ਅੱਗੇ ਵੀ ਡਟ ਕੇ ਟੱਕਰ ਦਿੱਤੀ ਜਾਵੇਗੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਗੁਰਜੰਟ ਸਿੰਘ, ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਪੰਚ ਗੁਰਚਰਨ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।
