ਜ਼ਮੀਨੀ ਝਗੜੇ ਨੇ ਧਾਰ ਲਿਆ ਹਿੰਸਕ ਰੂਪ: ਪਿਤਾ ਤੇ ਭਰਾ ਵੱਲੋਂ ਹੀ ਨੌਜਵਾਨ ’ਤੇ ਹਮਲਾ, ਹਸਪਤਾਲ ਵਿੱਚ ਦਾਖਲ

ਹੰਡਿਆਇਆ,6 ਮਈ(ਰਾਕੇਸ਼ ਜੇਠੀ) – ਬੀਤੀ ਸ਼ਾਮ ਜ਼ਮੀਨ ਜਾਇਦਾਦ ਦੇ ਚੱਲ ਰਹੇ ਵਿਵਾਦ ਨੇ ਉਸ ਵੇਲੇ ਗੰਭੀਰ ਮੋੜ ਧਾਰ ਲਿਆ ਜਦੋਂ ਇੱਕ ਪਿਤਾ ਵੱਲੋਂ ਆਪਣੇ ਹੀ ਬੇਟੇ ਨਾਲ ਮਿਲ ਕੇ ਦੂਜੇ ਬੇਟੇ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਨਾਲ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣ ਗਿਆ ਹੈ।
ਜਖਮੀ ਗੁਰਮੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਸੈਦੋਪੱਤੀ ਹੰਡਿਆਇਆ ਨੇ ਦੱਸਿਆ ਕਿ ਉਸਦਾ ਆਪਣੇ ਪਰਿਵਾਰ ਨਾਲ ਪਿਛਲੇ ਕਾਫੀ ਸਮੇਂ ਤੋਂ ਜ਼ਮੀਨ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਪੁਲਿਸ ਚੌਂਕੀ ਹੰਡਿਆਇਆ ਵਿਖੇ ਮੁਹਤਬਰ ਬੰਦਿਆਂ ਦੀ ਹਾਜ਼ਰੀ ਵਿੱਚ ਲਿਖਤੀ ਸਮਝੌਤਾ ਕਰਕੇ ਜਾਇਦਾਦ ਦੀ ਵੰਡ ਕੀਤੀ ਗਈ ਸੀ।
ਉਸਨੇ ਦੱਸਿਆ ਕਿ ਪਹਿਲਾਂ ਉਸਦੇ ਪਿਤਾ ਗੁਰਮੇਲ ਸਿੰਘ ਅਤੇ ਭਰਾ ਗੁਰਪ੍ਰੀਤ ਸਿੰਘ ਸਾਰੀ ਜ਼ਮੀਨ ਦੀ ਵਹਾਈ ਕਰਦੇ ਸਨ, ਪਰ ਸਮਝੌਤੇ ਤੋਂ ਬਾਅਦ ਉਹ ਆਪਣੀ ਹਿੱਸੇ ਵਾਲੀ ਜ਼ਮੀਨ ਦੀ ਵਹਾਈ ਖੁਦ ਕਰਨਾ ਚਾਹੁੰਦਾ ਸੀ। ਇਸ ਲਈ ਜ਼ਮੀਨ ਵਿੱਚ ਵੱਟ ਪਾ ਕੇ ਹੱਦਬੰਦੀ ਕਰਨੀ ਸੀ, ਪਰ ਉਸਦੇ ਦੋਸ਼ਾਂ ਮੁਤਾਬਕ ਉਸਦੀ ਗੈਰਹਾਜ਼ਰੀ ਵਿੱਚ ਉਸਦੇ ਪਿਤਾ ਅਤੇ ਭਰਾ ਵੱਲੋਂ ਉਸਦੀ ਬਣਦੀ ਜ਼ਮੀਨ ਤੋਂ ਲਗਭਗ 20-22 ਫੁੱਟ ਪਿੱਛੇ ਵੱਟ ਕਰ ਦਿੱਤੀ ਗਈ।
ਜਦੋਂ ਗੁਰਮੀਤ ਸਿੰਘ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਦੋਸ਼ ਹੈ ਕਿ ਉਸਦੇ ਪਿਤਾ ਗੁਰਮੇਲ ਸਿੰਘ, ਭਰਾ ਗੁਰਪ੍ਰੀਤ ਸਿੰਘ ਅਤੇ ਚਾਚੇ ਦੇ ਲੜਕੇ ਸੁਖਬੀਰ ਸਿੰਘ ਨੇ ਇਕੱਠੇ ਹੋ ਕੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਤੁਰੰਤ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ।
ਜਖਮੀ ਨੇ ਪ੍ਰਸ਼ਾਸਨ ਕੋਲ ਅਪੀਲ ਕੀਤੀ ਹੈ ਕਿ ਉਕਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਸਨੂੰ ਸਮਝੌਤੇ ਅਨੁਸਾਰ ਉਸਦੀ ਬਣਦੀ ਜ਼ਮੀਨ ਦਵਾਈ ਜਾਵੇ।
ਇਸ ਸਬੰਧੀ ਜਦੋਂ ਪੁਲਿਸ ਚੌਂਕੀ ਹੰਡਿਆਇਆ ਦੇ ਤਫਤੀਸ਼ੀ ਅਫਸਰ ਹੌਲਦਾਰ ਜਗਦੇਵ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਹਸਪਤਾਲ ਤੋਂ ਰੁਕਾ ਮਿਲਣ ਉਪਰੰਤ ਗੁਰਮੀਤ ਸਿੰਘ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਘਟਨਾ ਨੇ ਇੱਕ ਵਾਰ ਫਿਰ ਪਰਿਵਾਰਕ ਜਾਇਦਾਦੀ ਝਗੜਿਆਂ ਦੇ ਭਿਆਨਕ ਨਤੀਜਿਆਂ ਨੂੰ ਉਜਾਗਰ ਕੀਤਾ ਹੈ, ਜਿੱਥੇ ਆਪਣੇ ਹੀ ਰਿਸ਼ਤੇਦਾਰ ਹਿੰਸਾ ਤੱਕ ਉਤਰ ਆਉਂਦੇ ਹਨ।
