ਠੀਕਰੀਵਾਲਾ ਨਰਸਿੰਗ ਕਾਲਜ: “ਵਿਦੇਸ਼ੀ ਸੁਪਨਿਆਂ” ’ਚ ਗੁੰਮ ਹੋਇਆ ਸਰਕਾਰੀ ਪ੍ਰੋਜੈਕਟ! ਵਿਧਾਇਕ ਪੰਡੋਰੀ ਦੇ ਤਰਕਾਂ ਨੇ ਲੋਕਾਂ ਨੂੰ ਕੀਤਾ ਹੈਰਾਨ

ਬਰਨਾਲਾ, 3 ਮਈ(ਰਾਕੇਸ਼ ਜੇਠੀ) – ਬਰਨਾਲਾ ਦੇ ਨੇੜਲੇ ਪਿੰਡ ਠੀਕਰੀਵਾਲਾ ਵਿੱਚ ਲੜਕੀਆਂ ਲਈ ਬਣਨ ਵਾਲੇ ਸਰਕਾਰੀ ਨਰਸਿੰਗ ਕਾਲਜ ਦਾ ਮਾਮਲਾ ਹੁਣ ਵਿਕਾਸ ਨਾਲੋਂ ਵੱਧ ਸਿਆਸੀ ਤੰਜ ਦਾ ਵਿਸ਼ਾ ਬਣ ਗਿਆ ਹੈ। ਚਾਰ ਸਾਲ ਪਹਿਲਾਂ ਕੀਤੇ ਗਏ ਵੱਡੇ ਐਲਾਨ ਅੱਜ ਵੀ ਕਾਗਜ਼ਾਂ ’ਚ ਹੀ ਸਾਹ ਲੈ ਰਹੇ ਹਨ, ਜਦਕਿ ਜ਼ਮੀਨ ’ਤੇ ਹਾਲਤ ਇਹ ਹੈ ਕਿ ਕਾਲਜ ਦੀ ਇਕ ਇੱਟ ਵੀ ਨਹੀਂ ਲੱਗੀ।
ਹਾਲ ਹੀ ਵਿੱਚ ਇੱਕ ਸਮਾਗਮ ਦੌਰਾਨ ਜਦੋਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਲ ਇਸ ਮਾਮਲੇ ’ਤੇ ਸਵਾਲ ਪੁੱਛਿਆ ਗਿਆ, ਤਾਂ ਜਵਾਬ ਦੇਣ ਲਈ ਅੱਗੇ ਆਏ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ। ਉਨ੍ਹਾਂ ਦਾ ਜਵਾਬ ਸੁਣ ਕੇ ਇਕ ਪਲ ਲਈ ਤਾਂ ਲੱਗਿਆ ਜਿਵੇਂ ਵਿਕਾਸ ਦੇ ਰਸਤੇ ’ਚ ਰੁਕਾਵਟਾਂ ਨਹੀਂ, ਸਗੋਂ “ਵਿਦੇਸ਼ ਜਾਣ ਵਾਲੀਆਂ ਫਲਾਈਟਾਂ” ਖੜੀਆਂ ਹਨ। ਵਿਧਾਇਕ ਸਾਹਿਬ ਨੇ ਦਲੀਲ ਦਿੱਤੀ ਕਿ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ’ਚ ਵਿਦੇਸ਼ ਚਲੇ ਗਏ, ਜਿਸ ਕਾਰਨ ਨਰਸਿੰਗ ਕਾਲਜਾਂ ਦੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਸਨ। ਉਨ੍ਹਾਂ ਮੁਤਾਬਕ ਅਧਿਕਾਰੀਆਂ ਨੇ ਇਸੇ ਰਿਪੋਰਟ ਦੇ ਆਧਾਰ `ਤੇ ਸਰਕਾਰ ਨੂੰ ਜਾਣੂ ਕਰਵਾਇਆ ਸੀ। ਜਿਸ ਕਾਰਨ ਦੇਰੀ ਹੋਈ। ਵਿਧਾਇਕ ਨੇ ਅੱਗੇ ਕਿਹਾ ਕਿ ਠੀਕਰੀਵਾਲਾ ਨਰਸਿੰਗ ਕਾਲਜ ਦੀਆਂ ਸੀਟਾਂ ਵਧਾਉਣ ਦਾ ਮਸਲਾ ਵੀ ਅੜਚਨ ਬਣਿਆ ਹੋਇਆ ਸੀ। ਜਿਸ ਕਾਰਨ ਫਾਈਲ ਮੁੜ ਮਨਜ਼ੂਰੀ ਲਈ ਭੇਜੀ ਗਈ ਸੀ। ਹੁਣ ਜਦੋਂ ਬੱਚਿਆਂ ਦਾ ਵਿਦੇਸ਼ ਜਾਣ ਦਾ ਰੁਝਾਣ ਕੁਝ ਘਟਿਆ ਹੈ ਤਾਂ ਸਰਕਾਰ ਵਲੋਂ ਇਸ ਕਾਲਜ ਨੂੰ ਸ਼ੁਰੂ ਕਰਵਾਉਣ ਲਈ ਪੈਰਵਾਈ ਦੁਬਾਰਾ ਕੀਤੀ ਜਾ ਰਹੀ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਬੱਚੇ ਵਿਦੇਸ਼ ਚਲੇ ਗਏ ਸਨ, ਤਾਂ ਕੀ ਸਰਕਾਰ ਦੇ ਐਲਾਨ ਵੀ ਉਨ੍ਹਾਂ ਦੇ ਨਾਲ ਹੀ ਉਡਾਣ ਭਰ ਗਏ ਸਨ? ਕਿਉਂਕਿ ਜਨਵਰੀ 2023 ਵਿੱਚ ਖੁਦ ਮੁਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੋਂ ਇਸ ਨਰਸਿੰਗ ਕਾਲਜ ਦਾ ਐਲਾਨ ਕੀਤਾ ਸੀ ਅਤੇ ਵਿਧਾਇਕ ਪੰਡੋਰੀ ਨੇ 20.84 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਹੋਣ ਦੇ ਦਾਅਵੇ ਵੀ ਕੀਤੇ ਸਨ। ਪਰ ਤਿੰਨ ਸਾਲ ਬਾਅਦ ਵੀ ਹਾਲਤ ਇਹ ਹੈ ਕਿ ਪ੍ਰੋਜੈਕਟ ਦੀ ਸ਼ੁਰੂਆਤ ਤੱਕ ਨਹੀਂ ਹੋਈ।
ਵਿਧਾਇਕ ਪੰਡੋਰੀ ਨੇ ਹੋਰ ਦੱਸਿਆ ਕਿ ਸੀਟਾਂ ਵਧਾਉਣ ਦੀ ਫਾਈਲ ਅਟਕੀ ਹੋਈ ਸੀ ਅਤੇ ਹੁਣ ਮੁੜ ਚੱਲ ਰਹੀ ਹੈ। ਪਰ ਲੋਕਾਂ ਦੇ ਮਨ ’ਚ ਇਹ ਗੱਲ ਵੱਸ ਨਹੀਂ ਰਹੀ ਕਿ ਜੇ ਪੈਸਾ ਸੀ, ਐਲਾਨ ਸੀ, ਤਾਂ ਫਿਰ ਕੰਮ ਕਿਉਂ ਨਹੀਂ ਸੀ? ਲੋਕਾਂ ਦੇ ਅਨੁਸਾਰ “ਫਾਈਲਾਂ ਦੀ ਚਾਲ ਵੀ ਹੌਲੀ ਹੋ ਗਈ ਹੈ।”
ਇਲਾਕੇ ਵਿੱਚ ਇਸ ਮਾਮਲੇ ਨੂੰ ਲੈ ਕੇ ਨਿਰਾਸ਼ਾ ਸਾਫ਼ ਨਜ਼ਰ ਆ ਰਹੀ ਹੈ। ਲੋਕ ਕਹਿ ਰਹੇ ਹਨ ਕਿ ਸ਼ਹੀਦਾਂ ਦੇ ਨਾਮ ’ਤੇ ਕੀਤੇ ਗਏ ਐਲਾਨ ਸਿਰਫ਼ ਮੰਚਾਂ ਦੀ ਸ਼ੋਭਾ ਵਧਾਉਣ ਲਈ ਸਨ, ਜਦਕਿ ਹਕੀਕਤ ਵਿੱਚ ਨਾ ਤਾਂ ਮੁਖ ਮੰਤਰੀ ਮੁੜ ਬਰਸੀ ’ਤੇ ਆਏ ਤੇ ਨਾ ਹੀ ਕਾਲਜ ਦਾ ਕੰਮ ਸ਼ੁਰੂ ਹੋਇਆ।
ਹੁਣ ਠੀਕਰੀਵਾਲਾ ਦਾ ਇਹ ਨਰਸਿੰਗ ਕਾਲਜ ਸਿਰਫ਼ ਇਕ ਇਮਾਰਤ ਦਾ ਮਾਮਲਾ ਨਹੀਂ ਰਹਿ ਗਿਆ, ਸਗੋਂ ਇਹ ਸਵਾਲ ਬਣ ਗਿਆ ਹੈ ਕਿ ਕੀ ਸਰਕਾਰ ਦੇ ਐਲਾਨ ਵੀ ਸਿਰਫ਼ ਚੋਣਾਂ ਤੱਕ ਹੀ ਸੀਮਿਤ ਰਹਿੰਦੇ ਹਨ? ਲੋਕ ਅਜੇ ਵੀ ਉਡੀਕ ਕਰ ਰਹੇ ਹਨ—ਕਾਲਜ ਦੀ ਨਹੀਂ, ਪਰ ਉਸ ਦਿਨ ਦੀ ਜਦੋਂ ਐਲਾਨਾਂ ਨੂੰ ਵੀ ਹਕੀਕਤ ਦੀ ਜ਼ਮੀਨ ਮਿਲੇਗੀ।
