ਸਿੱਖਿਆ ਦੇ ਖੇਤਰ ਦਾ ਮਾਣਯੋਗ ਨਾਮ ਮਾਸਟਰ ਪ੍ਰੇਮ ਚੰਦ ਸ਼ਰਮਾ ਸਦਾ ਲਈ ਵਿਛੜੇ

ਹੰਡਿਆਇਆ, 3 ਮਈ (ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦੇ ਪ੍ਰਸਿੱਧ ਅਤੇ ਸਤਿਕਾਰਯੋਗ ਅਧਿਆਪਕ ਮਾਸਟਰ ਸ੍ਰੀ ਪ੍ਰੇਮ ਚੰਦ ਸ਼ਰਮਾ ਹੁਣ ਸਾਡੇ ਵਿੱਚ ਨਹੀਂ ਰਹੇ। ਉਹਨਾਂ ਦੇ ਦੇਹਾਂਤ ਦੀ ਖ਼ਬਰ ਨਾਲ ਪੂਰੇ ਇਲਾਕੇ ਵਿੱਚ ਗਹਿਰੇ ਦੁੱਖ ਅਤੇ ਸੋਗ ਦੀ ਲਹਿਰ ਦੌੜ ਗਈ। ਮਾਸਟਰ ਜੀ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ ਸਨ। ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਸਿੱਖਿਆ ਅਤੇ ਸਮਾਜ ਸੇਵਾ ਨੂੰ ਸਮਰਪਿਤ ਕੀਤੀ।
ਨਵੰਬਰ 1945 ਵਿੱਚ ਜਨਮੇ ਮਾਸਟਰ ਜੀ ਲੰਬੇ ਸਮੇਂ ਤੱਕ ਸਰਕਾਰੀ ਹਾਈ ਸਕੂਲ ਹੰਡਿਆਇਆ ਵਿਖੇ ਐਸ.ਐਸ. ਟੀਚਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ। ਉਹਨਾਂ ਦੀ ਵਿਦਿਅਕ ਯੋਗਤਾ ਗਿਆਨੀ, ਪ੍ਰਭਾਕਰ, ਐਮ.ਏ. ਹਿੰਦੀ ਅਤੇ ਐਮ.ਏ. ਪੰਜਾਬੀ, ਬੀ ਐੱਡ ਸੀ। ਜਿਸ ਕਰਕੇ ਉਹ ਸਿੱਖਿਆ ਦੇ ਖੇਤਰ ਵਿੱਚ ਇੱਕ ਵਿੱਦਵਾਨ ਸ਼ਖਸੀਅਤ ਵਜੋਂ ਜਾਣੇ ਜਾਂਦੇ ਸਨ।
ਰਿਟਾਇਰਮੈਂਟ ਤੋਂ ਬਾਅਦ ਉਹ ਆਪਣੇ ਪੁੱਤਰਾਂ ਸਮੇਤ ਬਰਨਾਲਾ ਵਿਖੇ ਰਹਿਣ ਲੱਗ ਪਏ ਸਨ। ਪਰ ਸਮਾਜਿਕ ਗਤੀਵਿਧੀਆਂ ਨਾਲ ਉਹਨਾਂ ਦਾ ਨਾਤਾ ਕਦੇ ਵੀ ਨਹੀਂ ਟੁੱਟਿਆ। ਮਾਸਟਰ ਜੀ ਲੰਬੇ ਸਮੇਂ ਤੱਕ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਸੈਕਟਰੀ ਰਹੇ ਅਤੇ ਪੈਨਸ਼ਨਰ ਯੂਨੀਅਨ ਵਿੱਚ ਵੀ ਜ਼ਿਲ੍ਹਾ ਸਕੱਤਰ ਵਜੋਂ ਸਰਗਰਮੀ ਨਾਲ ਆਪਣਾ ਯੋਗਦਾਨ ਪਾਉਂਦੇ ਰਹੇ।
ਪਿਛਲੇ ਇੱਕ ਸਾਲ ਤੋਂ ਬਿਮਾਰ ਰਹਿਣ ਕਾਰਨ 25 ਅਪ੍ਰੈਲ ਨੂੰ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਅਤੇ ਪ੍ਰਭੂ ਚਰਨਾਂ ਵਿੱਚ ਲੀਨ ਹੋ ਗਏ। ਉਹ ਆਪਣੇ ਪਿੱਛੇ ਭਰਿਆ-ਪੂਰਾ ਪਰਿਵਾਰ ਛੱਡ ਗਏ ਹਨ। ਉਹਨਾਂ ਦੇ ਪੁੱਤਰ ਜਸਪਾਲ ਸ਼ਰਮਾਂ (ਰਿਟਾਇਰਡ ਡਿਵੈਲਪਮੈਂਟ ਅਫਸਰ, ਐਲਆਈਸੀ) ਅਤੇ ਵੀਰਦੇਵਿੰਦਰ ਪਾਲ ਸ਼ਰਮਾਂ (ਡਰੀਮ ਹੋਮ ਕੰਸਲਟੈਂਟ ਬਰਨਾਲਾ) ਦੇ ਨਾਲ-ਨਾਲ ਪੋਤਰੇ ਇੰਜੀਨੀਅਰ ਆਕਾਸ਼ ਸ਼ਰਮਾਂ, ਇੰਜੀਨੀਅਰ ਅਭੀ ਸ਼ਰਮਾਂ ਅਤੇ ਪੋਤਰੀ ਕ੍ਰਿਤਿਕਾ ਸ਼ਰਮਾਂ ਆਪਣੇ ਆਪਣੇ ਖੇਤਰਾਂ ਵਿੱਚ ਸੁਸਥਾਪਿਤ ਹਨ ਅਤੇ ਸਭ ਤੋਂ ਛੋਟਾ ਪੋਤਰਾ ਸਵਾਸਤਿਕ ਸ਼ਰਮਾਂ ਵੀ ਆਰਕੀਟੈਕਟ ਦੇ ਕੋਰਸ ਦੀ ਪੜ੍ਹਾਈ ਦੇ ਆਖਰੀ ਸਾਲ ਵਿੱਚ ਹੈ।
ਮਾਸਟਰ ਜੀ ਦਾ ਜ਼ਿਆਦਾਤਰ ਜੀਵਨ ਹੰਡਿਆਇਆ ਵਿੱਚ ਬਤੀਤ ਹੋਣ ਕਰਕੇ ਪਰਿਵਾਰ ਵੱਲੋਂ ਉਹਨਾਂ ਦਾ ਅੰਤਿਮ ਸੰਸਕਾਰ ਹੰਡਿਆਇਆ ਦੇ ਰਾਮ ਬਾਗ ਵਿਖੇ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਮਾਜਿਕ, ਧਾਰਮਿਕ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪਰਿਵਾਰ ਵੱਲੋਂ ਮਾਸਟਰ ਜੀ ਦੀ ਆਤਮਿਕ ਸ਼ਾਂਤੀ ਲਈ 7 ਮਈ 2026 ਨੂੰ ਸ਼ਾਂਤੀ ਹਾਲ, ਰਾਮਬਾਗ ਬਰਨਾਲਾ ਵਿਖੇ ਪ੍ਰਾਰਥਨਾ ਸਭਾ ਰੱਖੀ ਗਈ ਹੈ, ਜਿਸ ਵਿੱਚ ਸਾਰੇ ਸਨੇਹੀ, ਰਿਸ਼ਤੇਦਾਰ ਅਤੇ ਇਲਾਕਾ ਵਾਸੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਮਾਸਟਰ ਜੀ ਦੀ ਸਾਦਗੀ, ਸੇਵਾ ਅਤੇ ਸਿੱਖਿਆ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਸਦਾ ਯਾਦ ਰੱਖਿਆ ਜਾਵੇਗਾ।

