ਬੰਗਾਲ ਚੋਣਾਂ ‘ਚ ਭਾਜਪਾ ਦੀ ਭਾਰੀ ਜਿੱਤ, ਹੰਡਿਆਇਆ ‘ਚ ਵਰਕਰਾਂ ਵੱਲੋਂ ਜਸ਼ਨ

ਹੰਡਿਆਇਆ- 4 ਮਈ(ਰਾਕੇਸ਼ ਜੇਠੀ)- ਪੱਛਮ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਨ ਉਪਰੰਤ ਦੇਸ਼ ਭਰ ਵਿੱਚ ਭਾਜਪਾ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਹੰਡਿਆਇਆ ਵਿੱਚ ਵੀ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਮਿਠਾਈਆਂ ਵੰਡ ਕੇ ਜਸ਼ਨ ਮਨਾਇਆ ਗਿਆ।
ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਹੰਡਿਆਇਆ ਅਖਿਲੇਸ਼ ਸ਼ਰਮਾ ਨੇ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਇਸ ਵਾਰ “ਡਰ ਦੀ ਰਾਜਨੀਤੀ” ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪਿਛਲੇ ਸਮੇਂ ਦੌਰਾਨ ਮਮਤਾ ਬਨਰਜੀ ਦੀ ਸਰਕਾਰ ਹੇਠ ਬੰਗਾਲ ਵਿੱਚ “ਗੁੰਡਾ ਰਾਜ” ਦਾ ਮਾਹੌਲ ਬਣਿਆ ਹੋਇਆ ਸੀ, ਜਿਸ ਕਾਰਨ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ, ਪਰ ਉਨ੍ਹਾਂ ਕਿਹਾ ਕਿ ਇਸ ਵਾਰ ਚੋਣ ਕਮਿਸ਼ਨ ਵੱਲੋਂ ਕੀਤੇ ਗਏ ਸਖ਼ਤ ਇੰਤਜ਼ਾਮ ਅਤੇ ਕੇਂਦਰੀ ਬਲਾਂ ਦੀ ਤਾਇਨਾਤੀ ਕਾਰਨ ਚੋਣਾਂ ਨਿਰਪੱਖ ਢੰਗ ਨਾਲ ਹੋ ਸਕੀਆਂ ਅਤੇ ਲੋਕਾਂ ਨੇ ਬੇਖੌਫ ਹੋ ਕੇ ਆਪਣੇ ਵੋਟ ਦਾ ਅਧਿਕਾਰ ਵਰਤਿਆ।
ਅਖਿਲੇਸ਼ ਸ਼ਰਮਾ ਨੇ ਤੰਜ ਕਰਦਿਆਂ ਕਿਹਾ ਕਿ “ਜੋ ਸਰਕਾਰ ਸਿਰਫ਼ ਵੋਟ ਬੈਂਕ ਦੀ ਰਾਜਨੀਤੀ ‘ਤੇ ਟਿਕੀ ਹੋਵੇ, ਉਹ ਲੰਮਾ ਸਮਾਂ ਨਹੀਂ ਟਿਕਦੀ।” ਉਨ੍ਹਾਂ ਕਿਹਾ ਕਿ ਬੰਗਾਲ ਦੀ ਜਨਤਾ ਨੇ ਵਿਕਾਸ, ਕਾਨੂੰਨ-ਵਿਵਸਥਾ ਅਤੇ ਸਾਫ਼ ਸ਼ਾਸਨ ਦੇ ਹੱਕ ‘ਚ ਫੈਸਲਾ ਦਿੱਤਾ ਹੈ।
ਇਸ ਮੌਕੇ ਸਾਬਕਾ ਮੰਡਲ ਪ੍ਰਧਾਨ ਗੋਰਾ ਲਾਲ, ਸੋਮਨਾਥ, ਸਾਬਕਾ ਨਗਰ ਪੰਚਾਇਤ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ, ਅਸ਼ੋਕ ਕੁਮਾਰ ਸ਼ਾਸਤਰੀ, ਵਿਸ਼ਾਲ ਕੁਮਾਰ, ਲੱਕੀ ਸ਼ਰਮਾ, ਸਰਬਜੀਤ ਸਿੰਘ, ਯਸ਼ਪਾਲ ਸ਼ਰਮਾ, ਬੂਟਾ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਭਾਜਪਾ ਵਰਕਰ ਹਾਜ਼ਰ ਸਨ। ਸਭ ਨੇ ਇਕ-ਦੂਜੇ ਨੂੰ ਮਿਠਾਈ ਖਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।
