ਐੱਨਜੀਟੀ ਨਵੀਂ ਦਿੱਲੀ ਦੀ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਬਰਨਾਲਾ ਵਿਖੇ ਕੀਤੀ ਚੈਕਿੰਗ

ਚੈਕਿੰਗ ਦੌਰਾਨ ਟੀਮ ਨੂੰ ਪੁੱਟੇ ਗਏ ਰੁੱਖਾਂ ਦੇ ਮਿਲੇ ਅਹਿਮ ਸਬੂਤ: ਟੀਮ ਨੇ ਪ੍ਰਤੱਖ ਗਵਾਹ ਝੁਗੀਆਂ ਵਾਲਿਆਂ ਦੇ ਲਿਖੇ ਬਿਆਨ
ਬਰਨਾਲਾ, 1 ਮਈ (ਰਾਕੇਸ਼ ਜੇਠੀ): ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਵਲੋਂ 25 ਏਕੜ ਸਕੀਮ ਵਾਲੀ ਜਗਾਂ ਨਜਦੀਕ ਫੁਆਰਾ ਚੌਕ ਬਰਨਾਲਾ ’ਚੋਂ ਹਰੇ ਭਰੇ ਸੈਂਕੜੇ ਰੁੱਖਾਂ ਦੀ ਜਾਂਚ ਕਰਨ ਲਈ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਵਲੋਂ ਜੇਪੀ ਮੀਨਾ ਅਧਿਕਾਰੀ ਕੇਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਿੱਲੀ, ਸਨੀ ਗੋਇਲ ਅਧਿਕਾਰੀ ਵਾਤਾਵਰਣ ਜੰਗਲ ਤੇ ਜਲਵਾਯੂ ਪਰਿਵਰਤਨ ਮੰਤਰਾਲਾ ਚੰਡੀਗੜ, ਕੌਸ਼ਿਲ ਕਸੌਰ ਡਵੀਜਨ ਅਫ਼ਸਰ ਸੰਗਰੂਰ ਵਣ ਵਿਭਾਗ ਪੰਜਾਬ ਦੀ ਅਗਵਾਈ ’ਚ ਘਟਨਾਂ ਸਥਾਨਾਂ ’ਤੇ ਹਰੇ ਭਰੇ ਰੁੱਖ ਗੈਰ ਕਾਨੂੰਨੀ ਪੁੱਟਣ ਸਬੰਧੀ ਚੈਕਿੰਗ ਕਰਕੇ ਬਰੀਕੀ ਨਾਲ ਜਾਂਚ ਕੀਤੀ ਗਈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਕਿ ਜ਼ਿਲੇ ਦੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ 25 ਏਕੜ ਸਕੀਮ ਵਾਲੀ ਜਗਾ ਬਰਨਾਲਾ ’ਚੋਂ ਨਗਰ ਸੁਧਾਰ ਟਰੱਸਟ ਵਲੋਂ 140 ਹਰੇ ਭਰੇ ਰੁੱਖ ਗੈਰ ਕਾਨੂੰਨੀ ਪੁੱਟਣ ਤੇ ਪੁੱਡਾ ਮਾਰਕੀਟ ’ਚੋਂ 100 ਸਾਲ ਪੁਰਾਣਾ ਨਿੰਮ ਦਾ ਹਰਿਆ ਭਰਿਆ ਰੁੱਖ ਪੁੱਟਣ, ਪਿੰਡ ਧਨੇਰ ਜਨਤਕ ਜਗਾ ’ਚੋਂ 40 ਰੁੱਖ, ਪਿੰਡ ਬਖਤਗੜ 20 ਹਰੇ ਭਰੇ ਰੁੱਖ, ਪਿੰਡ ਬਦਰਾ ਦੀਆਂ ਸੜਕ ਕਿਨਾਰੇ ਤੋਂ 100 ਹਰੇ ਭਰੇ ਰੁੱਖ ਪੁੱਟਣ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਵਿਖੇ ਪਟੀਸ਼ਨ ਪਾਈ ਸੀ। ਜਿਸ ਸਬੰਧੀ ਕਿ ਐੱਨਜੀਟੀ ਨਵੀ ਦਿੱਲੀ ਵਲੋਂ ਗਠਿਤ ਕੀਤੀ ਗਈ ਟੀਮ ਵਲੋਂ 25 ਏਕੜ ਸਕੀਮ ਬਰਨਾਲਾ ਵਾਲੀ ਜਗਾ ਵਿਖੇ ਪਹੁੰਚ ਕੇ ਬਰੀਕੀ ਨਾਲ ਪਟੀਸ਼ਨਰ ਗੁਰਪ੍ਰੀਤ ਸਿੰਘ ਕਾਹਨੇਕੇ ਦੀ ਹਾਜ਼ਰੀ ’ਚ ਜਾਂਚ ਕੀਤੀ। ਟੀਮ ਨੇ ਧਰਤੀ ’ਚ ਦੱਬੇ ਹੋਏ ਰੁੱਖਾਂ ਦੇ ਤਣਿਆਂ, ਜੜਾ ਤੇ ਪਟੀਸਨਰ ਵਲੋਂ ਪੇਸ਼ ਕੀਤੀਆਂ ਗਈਆਂ ਵੀਡੀਓ, ਫੋਟੋਆਂ ਨੂੰ ਵਾਚਿਆਂ ਤੇ ਜਿਹੜੇ ਝੁਗੀਆਂ ਵਾਲਿਆਂ ਨੂੰ ਉਕਤ ਸਥਾਨ ਤੋਂ ਉਠਾਇਆ ਗਿਆ ਸੀ। ਉਨਾਂ ਤੋਂ ਬਿਆਨ ਲਏ ਗਏ। ਜਿਨ੍ਹਾਂ ਨੇ ਕਿ ਟੀਮ ਨੂੰ ਆਪਣੇ ਬਿਆਨਾਂ ਰਾਹੀ ਦੱਸਿਆ ਕਿ ਉਕਤ ਜਗਾ ’ਚੋਂ ਕਰੀਬ 200 ਹਰੇ ਭਰੇ ਰੁੱਖਾਂ ਨੂੰ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ ਗੈਰ ਕਾਨੂੰਨੀ ਪੁੱਟਿਆ ਗਿਆ ਹੈ। ਟੀਮ ਦੇ ਅਧਿਕਾਰੀਆਂ ਵਲੋਂ ਘਟਨਾ ਸਥਾਨ ’ਤੇ ਬਰੀਕੀ ਨਾਲ ਜਾਂਚ ਪੜਤਾਲ ਕਰਨ ’ਤੇ ਟੀਮ ਨੂੰ ਕਰੀਬ 120 ਤੋਂ ਜਿਆਦਾ ਰੁੱਖਾਂ ਦੇ ਗੈਰ ਕਾਨੂੰਨੀ ਪੁੱਟੇ ਜਾਣ ਸੁਬੰਧੀ ਅਹਿਮ ਸਬੂਤ ਮਿਲੇ ਹਨ। ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੂੰ ਟੀਮ ਦੇ ਅਧਿਕਾਰੀਆਂ ਵਲੋਂ ਰੁੱਖਾਂ ਨੂੰ ਪੁੱਟਣ ਸਬੰਧੀ ਮਨਜ਼ੂਰੀ ਦੀ ਕਾਪੀ ਮੰਗੀ ਗਈ ਤਾਂ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੇ ਕਿਹਾ ਕਿ ਰੁੱਖਾਂ ਨੂੰ ਪੁੱਟਣ ਸਬੰਧੀ ਕੋਈ ਮਨਜ਼ੂਰੀ ਨਹੀਂ ਲਈ ਗਈ ਹੈ। ਟੀਮ ਨੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਅਧਿਕਾਰੀਆਂ ਨੂੰ ਹਾਈਕੋਰਟ ਦੇ ਦਸੰਬਰ ਮਹੀਨੇ ਰੁੱਖਾਂ ਨੂੰ ਪੰਜਾਬ ਦੀ ਧਰਤੀ ਤੋਂ ਪੁੱਟਣ ‘ਤੇ ਪਾਬੰਦੀ ਸਬੰਧੀ ਕੀਤੇ ਹੁਕਮ ਵੱਲ ਧਿਆਨ ਦਬਾ ਕੇ ਪੁੱਛਿਆ ਗਿਆ ਕਿ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਿਉ ਕੀਤੀ ਗਈ ਹੈ ਤਾਂ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੇ ਚੁਪਧਾਰ ਕੇ ਮਾਮਲੇ ਨੂੰ ਦਬਾਉਣ ਲਈ ਬਹੁਤ ਕੋਸ਼ਿਸ਼ ਕੀਤੀ ਗਈ। ਇਕੱਤਰ ਹੋਏ ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਟੀਮ ਨੂੰ ਜਿਸ ਤਰਾਂ ਰੁੱਖਾਂ ਨੂੰ ਗੈਰ ਕਾਨੂੰਨੀ ਪੁੱਟਣ ਸਬੰਧੀ ਅਹਿਮ ਸਬੂਤ ਮਿਲੇ ਹਨ। ਜੇਕਰ ਟੀਮ ਸਬੂਤਾਂ ਦੇ ਅਧਾਰ ’ਤੇ ਬਿਨ੍ਹਾਂ ਕਿਸੇ ਦਬਾ ਦੇ ਨਿਰਪੱਖ ਜਾਂਚ ਰਿਪੋਰਟ ਐੱਨਜੀਟੀ ਨਵੀ ਦਿੱਲੀ ਵਿਖੇ ਪੇਸ਼ ਕਰੇਗੀ ਤਾਂ ਇਨਸਾਫ ਜਰੂਰ ਮਿਲੇਗਾ। ਟੀਮ ਦੇ ਅਧਿਕਾਰੀਆਂ ਨੇ ਕਿਹਾ ਕਿ ਟੀਮ ਨੂੰ ਘਟਨਾ ਸਥਾਨ ਤੋਂ ਸੈਕੜੇ ਰੁੱਖ ਗੈਰ ਕਾਨੂੰਨੀ ਪੁੱਟਣ ਸਬੰਧੀ ਅਹਿਮ ਸਬੂਤ ਮਿਲੇ ਹਨ। ਸਬੂਤਾਂ ਦੇ ਅਧਾਰ ’ਤੇ ਪੁੱਟੇ ਗਏ ਰੁੱਖਾਂ ਸਬੰਧੀ ਰਿਪੋਰਟ ਐਨਜੀਟੀ ਨਵੀ ਦਿੱਲੀ ਵਿਖੇ ਪੇਸ਼ ਕੀਤੀ ਜਾਵੇਗੀ। ਇਸ ਮੌਕੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ, ਬੂਟਾ ਸਿੰਘ ਜਵੰਧਾ ਪਿੰਡੀ, ਅਕਾਸ਼ਦੀਪ ਸਿੰਘ ਭਦੌੜ, ਮਲਕੀਤ ਸਿੰਘ ਬਰਨਾਲਾ ਸੇਵਾ ਮੁਕਤ ਇੰਸਪੈਕਟਰ, ਅਵਤਾਰ ਸਿੰਘ ਚੀਮਾ, ਕੁਲਦੀਪ ਸਿੰਘ ਰਾਜੂ ਧੌਲਾ, ਮਨਜਿੰਦਰ ਸਿੰਘ ਧੂਰਕੋਟ, ਅਮਰੀਕ ਸਿੰਘ ਭੈਣੀ ਜੱਸਾ, ਡਾ: ਬਸੰਤ ਸਿੰਘ ਫਤਿਹਗੜ ਛੰਨਾਂ, ਬਲਵੀਰ ਸਿੰਘ ਧਾਲੀਵਾਲ ਚੀਮਾ ਤੋਂ ਇਲਾਵਾ ਵੱਡੀ ਗਿਣਤੀ ਪ੍ਰਸਾਸਨਿਕ ਅਧਿਕਾਰੀ ਤੇ ਜ਼ਿਲੇ ਦੇ ਵਾਤਾਵਰਨ ਪ੍ਰੇਮੀ ਹਾਜ਼ਰ ਸਨ।

