ਨਰਕ ਬਣਿਆ ਭਦੌੜ: ਸਫਾਈ ਸੇਵਕਾਂ ਦੀ ਹੜਤਾਲ 12ਵੇਂ ਦਿਨ ਵੀ ਜਾਰੀ, ਸ਼ਹਿਰ ’ਚ ਲੱਗੇ ਗੰਦਗੀ ਦੇ ਢੇਰ

ਭਦੌੜ, 1 ਮਈ (ਰਾਕੇਸ਼ ਜੇਠੀ): ਭਦੌੜ ਸ਼ਹਿਰ ’ਚ ਸਫਾਈ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ। ਆਪਣੀਆਂ ਰੁਕੀਆਂ ਹੋਈਆਂ ਤਨਖਾਹਾਂ ਨੂੰ ਲੈ ਕੇ ਨਗਰ ਕੌਂਸਲ ਦੇ ਸਫਾਈ ਸੇਵਕਾਂ ਵਲੋਂ ਵਿੱਢਿਆ ਗਿਆ ਸੰਘਰਸ਼ 12ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਸ਼ਹਿਰ ਦੇ ਮੁਖ ਬਾਜ਼ਾਰਾਂ ਤੇ ਗਲੀਆਂ ’ਚ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗ ਚੁੱਕੇ ਹਨ। ਜਿਸ ਕਾਰਨ ਰਾਹਗੀਰਾਂ ਤੇ ਦੁਕਾਨਦਾਰਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਨਗਰ ਕੌਂਸਲ ਪ੍ਰਸ਼ਾਸਨ ਇਸ ਗੰਭੀਰ ਮਸਲੇ ਨੂੰ ਹੱਲ ਕਰਨ ’ਚ ਬੁਰੀ ਤਰ੍ਹਾਂ ਅਸਫਲ ਸਾਬਤ ਹੋ ਰਿਹਾ ਹੈ। ਧਰਨੇ ਤੇ ਬੈਠੇ ਸਫਾਈ ਸੇਵਕ ਜਸਵੀਰ ਸਿੰਘ ਨੇ ਪ੍ਰਸ਼ਾਸਨ ਤੇ ਵਾਅਦਾ ਖਿਲਾਫੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਕਾਰਜ ਸਾਧਕ ਅਫਸਰ ਤੇ ਐਸਡੀਐਮ ਨੇ ਸ਼ਨੀਵਾਰ ਨੂੰ ਭਰੋਸਾ ਦਿੱਤਾ ਸੀ ਕਿ ਪ੍ਰੋਪਰਟੀ ਟੈਕਸ ਦੀ ਵਸੂਲੀ ਕਰਕੇ ਸੋਮਵਾਰ ਤਕ ਉਨ੍ਹਾਂ ਦਾ ਬਕਾਇਆ ਅਦਾ ਕਰ ਦਿੱਤਾ ਜਾਵੇਗਾ। ਪਰ ਕਈ ਦਿਨ ਬੀਤਣ ਦੇ ਬਾਵਜੂਦ ਕਿਸੇ ਅਧਿਕਾਰੀ ਨੇ ਸਾਰ ਤਕ ਨਹੀਂ ਲਈ। ਸਫਾਈ ਸੇਵਕਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤਕ ਉਨ੍ਹਾਂ ਦੀ ਮਿਹਨਤ ਦੀ ਪਾਈ-ਪਾਈ ਨਹੀਂ ਮਿਲਦੀ। ਉਹ ਕੰਮ `ਤੇ ਵਾਪਸ ਨਹੀਂ ਪਰਤਣਗੇ। ਦੂਜੇ ਪਾਸੇ ਨਗਰ ਕੌਂਸਲ ਦੇ ਈਓ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੱਕੇ ਕਰਮਚਾਰੀਆਂ ਦੀ 3 ਮਹੀਨੇ ਤੇ ਕੱਚੇ ਕਾਮਿਆਂ ਦੀ 2 ਮਹੀਨੇ ਦੀ ਤਨਖਾਹ ਬਕਾਇਆ ਹੈ। ਉਨ੍ਹਾਂ ਮੁਤਾਬਕ ਕੌਂਸਲ ਵਲੋਂ ਇਕ ਮਹੀਨੇ ਦੀ ਤਨਖਾਹ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ। ਜਿਸ ਨੂੰ ਸਫਾਈ ਸੇਵਕਾਂ ਨੇ ਠੁਕਰਾ ਦਿੱਤਾ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜਲਦ ਹੀ ਕੋਈ ਵਿਚਲਾ ਰਸਤਾ ਕੱਢ ਕੇ ਹੜਤਾਲ ਖਤਮ ਕਰਵਾਈ ਜਾਵੇਗੀ ਤਾਂ ਜੋ ਸ਼ਹਿਰ ਵਾਸੀਆਂ ਨੂੰ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਮਿਲ ਸਕੇ। ਸਫਾਈ ਸੇਵਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ।

