ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ‘ਚ ਦੋ ਨੌਜਵਾਨ ਗੰਭੀਰ ਜ਼ਖਮੀ, ਏਮਸ ਬਠਿੰਡਾ ਰੈਫਰ

Primekhabar Accident

ਧਨੌਲਾ, 22 ਅਪ੍ਰੈਲ(ਰਾਕੇਸ਼ ਜੇਠੀ) – ਅੱਜ ਸਵੇਰੇ ਤਕਰੀਬਨ 7:25 ਵਜੇ ਪਿੰਡ ਅਸਪਾਲਾ ਨੇੜੇ ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ਹੋਣ ਕਾਰਨ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਕੁਝ ਸਮੇਂ ਲਈ ਟਰੈਫਿਕ ਵੀ ਪ੍ਰਭਾਵਿਤ ਰਹੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਬਰਨਾਲਾ ਦੇ ਇੰਚਾਰਜ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਸਾਨੂੰ ਰੂਟ ਨੰਬਰ 88307 ‘ਤੇ ਥਾਣਾ ਧਨੌਲੇ ਦੇ ਮੁਨਸੀ ਵੱਲੋਂ ਫੋਨ ਰਾਹੀਂ ਹਾਦਸੇ ਦੀ ਸੂਚਨਾ ਮਿਲੀ। ਇਸ ‘ਤੇ ਐਸ.ਐਸ.ਐਫ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮੋਟਰਸਾਈਕਲ ਨੰਬਰ PB11R4234, ਜਿਸ ਨੂੰ ਖਿਲੂ ਵਾਸੀ ਅਸਪਾਲ ਕਲਾਂ ਚਲਾ ਰਿਹਾ ਸੀ, ਰੋਡ ਕਰਾਸ ਕਰਦੇ ਸਮੇਂ ਦੂਜੇ ਪਾਸੇ ਤੋਂ ਆ ਰਹੇ ਇੱਕ ਬਿਨਾਂ ਨੰਬਰੀ ਨਵੇਂ ਮੋਟਰਸਾਈਕਲ ਨਾਲ ਟਕਰਾ ਗਿਆ। ਦੂਜਾ ਮੋਟਰਸਾਈਕਲ ਗੁਰਦੀਪ ਸਿੰਘ ਵਾਸੀ ਕੋਟਦੁਨਾ ਵੱਲੋਂ ਚਲਾਇਆ ਜਾ ਰਿਹਾ ਸੀ, ਜੋ ਤੇਜ਼ ਰਫਤਾਰ ਨਾਲ ਧਨੌਲੇ ਵੱਲ ਆ ਰਿਹਾ ਸੀ।
ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਐਸ.ਐਸ.ਐਫ ਟੀਮ ਵੱਲੋਂ ਮੌਕੇ ‘ਤੇ ਹੀ ਮੁਢਲੀ ਸਹਾਇਤਾ ਦਿੱਤੀ ਗਈ ਅਤੇ ਸਰਕਾਰੀ ਗੱਡੀ ਰਾਹੀਂ ਦੋਹਾਂ ਨੂੰ ਸਿਵਲ ਹਸਪਤਾਲ ਧਨੌਲਾ ਦਾਖਲ ਕਰਵਾਇਆ ਗਿਆ।
ਡਾਕਟਰਾਂ ਵੱਲੋਂ ਹਾਲਤ ਨਾਜ਼ੁਕ ਦੇਖਦੇ ਹੋਏ ਦੋਹਾਂ ਜਖਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਰੈਫਰ ਕੀਤਾ ਗਿਆ, ਜਿੱਥੇ ਤੋਂ ਉਨ੍ਹਾਂ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਅੱਗੇ ਇਲਾਜ ਲਈ ਏਮਸ ਬਠਿੰਡਾ ਭੇਜ ਦਿੱਤਾ ਗਿਆ।
ਇਸ ਦੌਰਾਨ ਐਸ.ਐਸ.ਐਫ ਟੀਮ ਨੇ ਦੋਵੇਂ ਜਖਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਮੋਬਾਇਲ ਰਾਹੀਂ ਸੂਚਿਤ ਕੀਤਾ, ਜੋ ਤੁਰੰਤ ਹਸਪਤਾਲ ਪਹੁੰਚ ਗਏ। ਟੀਮ ਵੱਲੋਂ ਹਾਦਸਾਗ੍ਰਸਤ ਮੋਟਰਸਾਈਕਲਾਂ ਨੂੰ ਸੜਕ ਤੋਂ ਹਟਾ ਕੇ ਜਾਮ ਖੁਲਵਾਇਆ ਗਿਆ ਅਤੇ ਟਰੈਫਿਕ ਨੂੰ ਮੁੜ ਸੁਚਾਰੂ ਬਣਾਇਆ ਗਿਆ।
ਇਸ ਸੰਬੰਧੀ ਜਾਣਕਾਰੀ ਧਨੌਲਾ ਥਾਣੇ ਦੇ ਡਿਊਟੀ ਅਧਿਕਾਰੀ ਏ.ਐਸ.ਆਈ ਜਸਬੀਰ ਸਿੰਘ ਨੂੰ ਦੇ ਦਿੱਤੀ ਗਈ ਹੈ, ਜਿਨ੍ਹਾਂ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
ਮੌਕੇ ‘ਤੇ ਸੜਕ ਸੁਰੱਖਿਆ ਫੋਰਸ ਦੇ ਏ.ਐਸ.ਆਈ ਅਮਰੀਕ ਸਿੰਘ ਤੋਂ ਇਲਾਵਾ ਲੇਡੀ ਸਿਪਾਹੀ ਵੀਰਪਾਲ ਕੌਰ ਅਤੇ ਜਸਨਦੀਪ ਕੌਰ ਵੀ ਮੌਜੂਦ ਸਨ।

https://www.facebook.com/share/v/1B6uqjCiAF

About The Author