ਸਕੂਟੀ ਸਵਾਰ ਮਹਿਲਾ ਦੀ ਦਰਦਨਾਕ ਮੌਤ, ਸਹੁਰਾ ਹਸਪਤਾਲ `ਚ ਜ਼ੇਰੇ ਇਲਾਜ

IMG-20260422-WA0002.jpg

ਤਪਾ-ਢਿਲਵਾਂ ਰੋਡ `ਤੇ ਰੂਹ ਕੰਬਾਊ ਹਾਦਸਾ: ਦੋ ਮਾਸੂਮ ਬੱਚੀਆਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ

ਤਪਾ ਮੰਡੀ, 21 ਅਪ੍ਰੈਲ (ਰਾਕੇਸ਼ ਜੇਠੀ): ਤਪਾ-ਢਿਲਵਾਂ ਰੋਡ `ਤੇ ਇਕ ਅਤਿ ਦੁਖਦਾਈ ਘਟਨਾ ਵਾਪਰੀ। ਜਿਥੇ ਇਕ ਬੇਕਾਬੂ ਟਰੱਕ ਦੀ ਲਪੇਟ ’ਚ ਆਉਣ ਨਾਲ ਸਕੂਟੀ ਸਵਾਰ ਮਹਿਲਾ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੇਖਣ ਵਾਲਿਆਂ ਦੀਆਂ ਰੂਹਾਂ ਕੰਬ ਗਈਆਂ। ਜਾਣਕਾਰੀ ਅਨੁਸਾਰ ਪਿੰਡ ਢਿਲਵਾਂ ਦੀ ਨਿਵਾਸੀ ਸਿਮਰਨਜੀਤ ਕੌਰ ਪਤਨੀ ਹਰਦੇਵ ਸਿੰਘ ਆਪਣੇ ਸਹੁਰੇ ਗੁਰਮੇਲ ਸਿੰਘ ਨਾਲ ਸਕੂਟੀ ’ਤੇ ਸਵਾਰ ਹੋ ਕੇ ਤਪਾ ਸੁਵਿਧਾ ਕੇਂਦਰ ਤੋਂ ਕਿਸੇ ਜ਼ਰੂਰੀ ਕੰਮ ਤੋਂ ਵਾਪਸ ਆਪਣੇ ਪਿੰਡ ਜਾ ਰਹੀ ਸੀ। ਜਦੋਂ ਉਹ ਤਪਾ-ਢਿਲਵਾਂ ਮਾਰਗ `ਤੇ ਸਥਿਤ ਗੈਸ ਏਜੰਸੀ ਦੇ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੇ ਇਕ ਟਰੱਕ ਚਾਲਕ ਨੇ ਅਚਾਨਕ ਬ੍ਰੇਕ ਮਾਰ ਦਿੱਤੀ। ਟਰੱਕ ਦੀ ਅਚਾਨਕ ਹਰਕਤ ਕਾਰਨ ਸਕੂਟੀ ਦਾ ਸੰਤੁਲਨ ਵਿਗੜ ਗਿਆ ਤੇ ਸਿਮਰਨਜੀਤ ਕੌਰ ਸੜਕ `ਤੇ ਡਿੱਗ ਗਈ। ਚਸ਼ਮਦੀਦਾਂ ਮੁਤਾਬਕ ਸੜਕ `ਤੇ ਡਿੱਗਦੇ ਸਾਰ ਹੀ ਸਿਮਰਨਜੀਤ ਕੌਰ ਟਰੱਕ ਦੇ ਪਿਛਲੇ ਟਾਇਰ ਦੀ ਲਪੇਟ ’ਚ ਆ ਗਈ। ਟਰੱਕ ਨੇ ਮਹਿਲਾ ਦੇ ਸਿਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਜਿਸ ਕਾਰਨ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ। ਇਸ ਹਾਦਸੇ ’ਚ ਉਸ ਦਾ ਸਹੁਰਾ ਗੁਰਮੇਲ ਸਿੰਘ ਵੀ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਸਿਵਲ ਹਸਪਤਾਲ ਤਪਾ ਪਹੁੰਚਇਆ ਗਿਆ।
—ਫਰਾਰ ਟਰੱਕ ਡਰਾਈਵਰ ਨੂੰ ਘੇਰਿਆ
ਹਾਦਸੇ ਤੋਂ ਬਾਅਦ ਟਰੱਕ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਸੀ। ਪਰ ਮੌਜੂਦ ਲੋਕਾਂ ਦੀ ਮੁਸਤੈਦੀ ਸਦਕਾ ਟਰੱਕ ਨੂੰ ਅੱਗੇ ਜਾ ਕੇ ਘੇਰ ਲਿਆ ਗਿਆ। ਸੂਚਨਾ ਮਿਲਦੇ ਹੀ ਪੁਲਿਸ ਚੌਕੀ ਦੇ ਇੰਚਾਰਜ ਬਲਜੀਤ ਸਿੰਘ ਢਿਲੋਂ ਪੁਲਿਸ ਫੋਰਸ ਸਮੇਤ ਮੌਕੇ `ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਬਰਨਾਲਾ ਮੋਰਚਰੀ ਭੇਜ ਦਿੱਤਾ ਹੈ ਤੇ ਟਰੱਕ ਚਾਲਕ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
—ਪਰਿਵਾਰ `ਤੇ ਟੁੱਟਿਆ ਮੁਸੀਬਤਾਂ ਦਾ ਪਹਾੜ
ਮ੍ਰਿਤਕਾ ਸਿਮਰਨਜੀਤ ਕੌਰ ਆਪਣੇ ਪਿੱਛੇ ਦੋ ਮਾਸੂਮ ਬੇਟੀਆਂ ਛੱਡ ਗਈ ਹੈ। ਇਸ ਹਾਦਸੇ ਨੇ ਹੱਸਦੇ-ਵੱਸਦੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ। ਮਹਿਲਾ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਢਿਲਵਾਂ ’ਚ ਮਾਤਮ ਪਸਰ ਗਿਆ ਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਹਸਪਤਾਲ ਤੇ ਘਟਨਾ ਵਾਲੀ ਥਾਂ `ਤੇ ਇਕੱਠੇ ਹੋ ਗਏ।

About The Author

You may have missed