ਪੰਜਾਬ ਭਾਜਪਾ ਨੂੰ ਅਮਿਤ ਸ਼ਾਹ ਦਾ ਮੰਤਰ: 117 ਸੀਟਾਂ ’ਤੇ ਇਕੱਲਿਆਂ ਚੋਣ ਲੜਨ ਦੀ ਰਣਨੀਤੀ

WhatsApp Image 2026-06-13 at 16.13.37

ਨਵੀਂ ਦਿੱਲੀ,13 ਜੂਨ (ਰਾਕੇਸ਼ ਜੇਠੀ): ਕੇਂਦਰ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਆਪਣੇ ਇਰਾਦੇ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤੇ ਹਨ। ਭਾਜਪਾ ਹਾਈਕਮਾਂਡ ਨੇ ਸਾਫ਼ ਕੀਤਾ ਹੈ ਕਿ ਪੰਜਾਬ ਨੂੰ ਮੌਜੂਦਾ ਵਿੱਤੀ ਸੰਕਟ ਤੇ ਸਮਾਜਿਕ ਚੁਣੌਤੀਆਂ ’ਚੋਂ ਬਾਹਰ ਕੱਢਣਾ ਸਰਕਾਰ ਤੇ ਪਾਰਟੀ ਦੀ ਮੁਖ ਪ੍ਰਮੁੱਖਤਾ ਹੈ। ਇਸੇ ਕੜੀ ਤਹਿਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬੀਤੀ ਰਾਤ ਪੰਜਾਬ ਚੋਣ ਰਣਨੀਤੀ ਨੂੰ ਲੈ ਕੇ ਇਕ ਉੱਚ ਪੱਧਰੀ ਤੇ ਅਹਿਮ ਮੀਟਿੰਗ ਹੋਈ। ਇਸ ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਰਾਸ਼ਟਰੀ ਨੇਤਾ ਨਿਤਿਨ ਨਬੀਨ ਨੇ ਸਾਂਝੇ ਤੌਰ ’ਤੇ ਕੀਤੀ। ਮੀਟਿੰਗ ਦੌਰਾਨ ਹਾਈਕਮਾਂਡ ਨੇ ਸੂਬਾਈ ਲੀਡਰਸ਼ਿਪ ਨੂੰ ਕਿਸੇ ਵੀ ਸਿਆਸੀ ਗਠਜੋੜ ਦੀਆਂ ਅਟਕਲਾਂ ’ਤੇ ਵਿਰਾਮ ਲਾਉਂਦਿਆਂ ਆਗਾਮੀ ਵਿਧਾਨ ਸਭਾ ਚੋਣਾਂ ’ਚ ਸਾਰੀਆਂ 117 ਸੀਟਾਂ ’ਤੇ ਇਕੱਲਿਆਂ ਚੋਣ ਲੜਨ ਲਈ ਕਮਰ ਕੱਸਣ ਦੇ ਨਿਰਦੇਸ਼ ਦਿੱਤੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਭਾਜਪਾ ਦੇ ਆਗੂਆਂ ਤੇ ਵਰਕਰਾਂ ਨੂੰ ਸਪੱਸ਼ਟ ਤੌਰ ’ਤੇ ਲੋਕਾਂ ਦੇ ਦਿਲ ਜਿੱਤਣ ਤੇ ਪਾਰਟੀ ਦੇ ਬਿਰਤਾਂਤ ਨੂੰ ਕਸਬਿਆਂ ਤੇ ਪਿੰਡ-ਪਿੰਡ ਤਕ ਪਹੁੰਚਾਉਣ ਲਈ ਜ਼ਮੀਨੀ ਪੱਧਰ ’ਤੇ ਸਖ਼ਤ ਮਿਹਨਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਭਾਵੁਕ ਤੇ ਸਖ਼ਤ ਲਹਿਜੇ ’ਚ ਕਿਹਾ ਪੰਜਾਬ ਇਕ ਸਰਹੱਦੀ ਤੇ ਸੰਵੇਦਨਸ਼ੀਲ ਸੂਬਾ ਹੈ। ਇਸ ਨੂੰ ਇਸ ਦੇ ਹਾਲ ’ਤੇ ਨਹੀਂ ਛੱਡਿਆ ਜਾ ਸਕਦਾ। ਸੂਬੇ ਨੂੰ ਮੌਜੂਦਾ ਸੰਕਟਾਂ ’ਚੋਂ ਬਚਾਉਣਾ ਤੇ ਇਸ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨਾ ਭਾਜਪਾ ਦੀ ਮੁਖ ਪਹਿਲ ਹੈ। ਕਰੀਬ ਦੋ ਘੰਟੇ ਤਕ ਚੱਲੀ ਇਸ ਹਾਈ-ਪ੍ਰੋਫਾਈਲ ਮੀਟਿੰਗ ਦੌਰਾਨ ਪੰਜਾਬ ਦੀ ਆਰਥਿਕ ਮੰਦਹਾਲੀ, ਸੂਬੇ ਸਿਰ ਚੜ੍ਹੇ ਲੱਖਾਂ ਕਰੋੜਾਂ ਦੇ ਕਰਜ਼ੇ ਦੇ ਅੰਕੜਿਆਂ, ਲਗਾਤਾਰ ਵਧ ਰਹੀ ਨਸ਼ਿਆਂ ਦੀ ਸਮੱਸਿਆ, ਡਗਮਗਾ ਰਹੀ ਕਾਨੂੰਨ ਵਿਵਸਥਾ, ਕਥਿਤ ਧਰਮ ਪਰਿਵਰਤਨ ਤੇ ਖੇਤੀਬਾੜੀ ਹੇਠਲੀ ਮਿੱਟੀ ਦੀ ਵਿਗੜ ਰਹੀ ਸਿਹਤ ਵਰਗੇ ਗੰਭੀਰ ਮੁੱਦਿਆਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਮੀਟਿੰਗ ’ਚ ਮੌਜੂਦ ਆਗੂਆਂ ਨੇ ਇਕਸੁਰ ’ਚ ਕਿਹਾ ਕਿ ਪੰਜਾਬ ਨੂੰ ਮੌਜੂਦਾ ਆਰਥਿਕ ਕੰਗਾਲੀ ਦੇ ਦੌਰ ’ਚੋਂ ਕੱਢਣਾ ਬੇਹੱਦ ਲਾਜ਼ਮੀ ਹੋ ਗਿਆ ਹੈ। ਲੋਕਾਂ ’ਚ ਭਾਜਪਾ ਪ੍ਰਤੀ ਭਰੋਸਾ ਬਹਾਲ ਕਰਨ ਨੂੰ ਸਭ ਤੋਂ ਵੱਡੀ ਚੁਣੌਤੀ ਮੰਨਦਿਆਂ ਅਮਿਤ ਸ਼ਾਹ ਨੇ ਗੁਜਰਾਤ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਵਰਗੇ ਰਾਜਾਂ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਭਾਜਪਾ ਨੇ ਉਨ੍ਹਾਂ ਰਾਜਾਂ ’ਚ ਸਖ਼ਤ ਫੈਸਲੇ ਲੈ ਕੇ ਕਾਨੂੰਨ ਵਿਵਸਥਾ ਤੇ ਆਰਥਿਕਤਾ ਦੀਆਂ ਚੁਣੌਤੀਆਂ ਨੂੰ ਸਫ਼ਲਤਾਪੂਰਵਕ ਹੱਲ ਕੀਤਾ ਹੈ। ਸੰਗਠਨਾਤਮਕ ਪੱਖ ਤੋਂ ਭਾਜਪਾ ਨੂੰ ਮਜ਼ਬੂਤ ਕਰਨ ਲਈ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੀਨੀਅਰ ਪ੍ਰਚਾਰਕ ਤੇ ਉੱਤਰੀ ਰਾਜਾਂ ਦੇ ਸੰਗਠਨ ਦੇਖ ਰਹੇ ਸੌਦਾਨ ਸਿੰਘ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੰਗਠਨ ਮੰਤਰੀ ਸ੍ਰੀ ਨਿਵਾਸੁਲੂ ਤੇ ਨਰਿੰਦਰ ਰੈਨਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਜਿਨ੍ਹਾਂ ਨੇ ਪਾਰਟੀ ਦੇ ਢਾਂਚੇ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨ ਲਈ ਰੂਪ-ਰੇਖਾ ਸਾਂਝੀ ਕੀਤੀ।
—ਕੇਂਦਰੀ ਮੰਤਰੀਆਂ ਦੇ ਪੰਜਾਬ ਦੌਰੇ ਸ਼ੁਰੂ, ਬਣਾਈ ਵੱਡੀ ਰਣਨੀਤੀ
ਆਗਾਮੀ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਹੁਣ ਪੂਰੀ ਤਰ੍ਹਾਂ ਪੰਜਾਬ ਵੱਲ ਰੁਖ਼ ਕਰ ਲਿਆ ਹੈ। ਇਸੇ ਰਣਨੀਤੀ ਤਹਿਤ ਕੇਂਦਰੀ ਰਿਹਾਇਸ਼ੀ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਐੱਮਐੱਲ ਖੱਟਰ ਅੱਜ ਅੰਮ੍ਰਿਤਸਰ ਦੇ ਦੌਰੇ ’ਤੇ ਹਨ। ਇਸ ਤੋਂ ਤੁਰੰਤ ਬਾਅਦ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨਗੇ। ਇਸ ਦੇ ਨਾਲ ਹੀ ਨਿਤਿਨ ਨਬੀਨ 20 ਤੋਂ 22 ਜੂਨ ਤਕ ਪੰਜਾਬ ਦੇ ਤਿੰਨ ਰੋਜ਼ਾ ਦੌਰੇ ’ਤੇ ਰਹਿਣਗੇ। ਉਹ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ’ਚ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ’ਚ ਸ਼ਿਰਕਤ ਕਰਨਗੇ ਤੇ ਇਸ ਤੋਂ ਇਲਾਵਾ ਲੁਧਿਆਣਾ ਤੇ ਅੰਮ੍ਰਿਤਸਰ ਦੇ ਸਥਾਨਕ ਆਗੂਆਂ ਨਾਲ ਸੰਗਠਨਾਤਮਕ ਮੀਟਿੰਗਾਂ ਕਰਨਗੇ। ਉਨ੍ਹਾਂ ਦੇ ਇਸ ਵਿਸਤ੍ਰਿਤ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਅਹਿਮ ਮੀਟਿੰਗ ਤੋਂ ਠੀਕ ਪਹਿਲਾਂ ਅਮਿਤ ਸ਼ਾਹ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਵੀ ਮੁਲਾਕਾਤ ਕਰਕੇ ਸੂਬੇ ਦੀ ਮੌਜੂਦਾ ਜ਼ਮੀਨੀ ਸਥਿਤੀ ਤੇ ਸੁਰੱਖਿਆ ਚੁਣੌਤੀਆਂ ਬਾਰੇ ਫੀਡਬੈਕ ਲਿਆ ਸੀ।
—ਮੀਟਿੰਗ ’ਚ ਪੰਜਾਬ ਭਾਜਪਾ ਦੀ ਪੂਰੀ ਲੀਡਰਸ਼ਿਪ ਰਹੀ ਮੌਜੂਦ
ਇਸ ਹਾਈਕਮਾਂਡ ਬੈਠਕ ’ਚ ਪੰਜਾਬ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਸੂਬਾ ਪ੍ਰਧਾਨ, ਪੰਜਾਬ ਭਾਜਪਾ, ਸੁਨੀਲ ਜਾਖੜ ਸਾਬਕਾ ਸੂਬਾ ਪ੍ਰਧਾਨ, ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ, ਤਰੁਣ ਚੁੱਘ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ, ਇਕਬਾਲ ਸਿੰਘ ਲਾਲਪੁਰਾ ਸੰਸਦੀ ਬੋਰਡ ਦੇ ਮੈਂਬਰ, ਅਵਿਨਾਸ਼ ਰਾਏ ਖੰਨਾ, ਸ਼ਵੇਤ ਮਲਿਕ, ਅਸ਼ਵਨੀ ਸ਼ਰਮਾ ਸਾਰੇ ਸਾਬਕਾ ਪ੍ਰਧਾਨ, ਮਨਪ੍ਰੀਤ ਸਿੰਘ ਬਾਦਲ, ਮਨੋਰੰਜਨ ਕਾਲੀਆ, ਫਤਿਹ ਜੰਗ ਸਿੰਘ ਬਾਜਵਾ (ਸਾਬਕਾ ਮੰਤਰੀ ਤੇ ਸੀਨੀਅਰ ਆਗੂ), ਪਰਮਿੰਦਰ ਸਿੰਘ ਬਰਾੜ ਸੂਬਾ ਜਨਰਲ ਸਕੱਤਰ ਤੇ ਜੈਇੰਦਰ ਕੌਰ ਪ੍ਰਧਾਨ ਪੰਜਾਬ ਮਹਿਲਾ ਵਿੰਗ ਸ਼ਾਮਲ ਸਨ।

About The Author