ਆਪਣੀ ਜੇਬ ’ਚੋਂ ਲੱਖਾਂ ਖਰਚ ਕੇ ਵੰਡ ਰਹੇ ਨੇ ਖੁਸ਼ੀਆਂ…..

ਮਨੁੱਖਤਾ ਦੀ ਸੇਵਾ ਲਈ ਮਸੀਹਾ ਬਣੀ ਸਮਾਈਲ ਫਾਰ ਐਵਰ ਸੰਸਥਾ; ਹਰ ਐਤਵਾਰ ਮਰੀਜ਼ਾਂ ਤੇ ਬੇਸਹਾਰਿਆਂ ਲਈ ਲਗਾਉਂਦੀ ਹੈ ਸੇਵਾ ਦਾ ਲੰਗਰ
ਬਰਨਾਲਾ, 20 ਅਪ੍ਰੈਲ (ਰਾਕੇਸ਼ ਜੇਠੀ): ਸਮਾਜ ਸੇਵਾ ਦੇ ਖੇਤਰ ’ਚ ਬਰਨਾਲਾ ਦੀ ਨਾਮਵਰ ਸੰਸਥਾ ‘ਸਮਾਈਲ ਫਾਰ ਐਵਰ’ ਵਲੋਂ ਮਨੁੱਖਤਾ ਦੀ ਸੇਵਾ ਦਾ ਇਕ ਅਜਿਹਾ ਸੰਕਲਪ ਨਿਭਾਇਆ ਜਾ ਰਿਹਾ ਹੈ। ਜਿਸ ਦੀ ਮਿਸਾਲ ਪੂਰੇ ਪੰਜਾਬ ’ਚ ਮਿਲਣੀ ਮੁਸ਼ਕਿਲ ਹੈ। ਜਿਥੇ ਅੱਜ ਦੇ ਦੌਰ ’ਚ ਜ਼ਿਆਦਾਤਰ ਸੰਸਥਾਵਾਂ ਸਰਕਾਰੀ ਗ੍ਰਾਂਟਾਂ ਜਾਂ ਲੋਕਾਂ ਦੇ ਦਾਨ ਸਿਰ ਤੇ ਚੱਲਦੀਆਂ ਹਨ। ਉੱਥੇ ਇਸ ਸੰਸਥਾ ਦੇ ਮੈਂਬਰਾਂ ਨੇ ਫੈਸਲਾ ਕੀਤਾ ਹੈ ਕਿ ਉਹ ਸੇਵਾ ਲਈ ਕਿਸੇ ਅੱਗੇ ਹੱਥ ਨਹੀਂ ਅੱਡਣਗੇ। ਸੰਸਥਾ ਦੇ ਪ੍ਰਬੰਧਕ ਤੇ ਮੋਗਾ ਵਿਖੇ ਤਾਇਨਾਤ ਆਈਟੀਓ ਅਮਰਜੀਤ ਖੀਪਲ, ਜੋ ਖੁਦ ਇਕ ਪੰਜਾਬੀ ਫ਼ਿਲਮੀ ਕਲਾਕਾਰ ਹਨ ਨੇ ਦੱਸਿਆ ਕਿ ਟੀਮ ਦਾ ਹਰ ਮੈਂਬਰ ਆਪਣੀ ਨੇਕ ਕਮਾਈ ਤੇ ਆਪਣੀ ਜੇਬ ’ਚੋਂ ਖਰਚਾ ਕਰਕੇ ਲੋੜਵੰਦਾਂ ਦੇ ਚਿਹਰੇਤੇ ਮੁਸਕਾਨ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੰਸਥਾ ਦੀ ਟੀਮ ਵਲੋਂ ਹਰ ਐਤਵਾਰ ਨੂੰ ਸ਼ਹਿਰ ਦੇ ਸਿਵਲ ਹਸਪਤਾਲ, ਜੱਚਾ-ਬੱਚਾ ਹਸਪਤਾਲ ਤੇ ਰੇਲਵੇ ਸਟੇਸ਼ਨ ਵਰਗੇ ਜਨਤਕ ਸਥਾਨਾਂ ਤੇ ਵਿਸ਼ੇਸ਼ ਸੇਵਾ ਮੁਹਿੰਮ ਚਲਾਈ ਜਾਂਦੀ ਹੈ। ਇਥੇ ਦਾਖ਼ਲ ਮਰੀਜ਼ਾਂ ਤੇ ਸੜਕਾਂ ਤੇ ਰਾਤਾਂ ਗੁਜ਼ਾਰਨ ਵਾਲੇ ਬੇਸਹਾਰਾ ਲੋਕਾਂ ਨੂੰ ਚਾਹ-ਬਿਸਕੁਟ, ਤਾਜ਼ਾ ਫਲ ਤੇ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਅਮਰਜੀਤ ਖੀਪਲ ਅਨੁਸਾਰ ਉਨ੍ਹਾਂ ਦਾ ਮੁਖ ਉਦੇਸ਼ ਸਿਰਫ਼ ਸਾਮਾਨ ਵੰਡਣਾ ਨਹੀਂ। ਸਗੋਂ ਸਮਾਜ ਦੇ ਪਛੜੇ ਲੋਕਾਂ ਦੇ ਦਰਦ ਨੂੰ ਸਮਝ ਕੇ ਉਨ੍ਹਾਂ ਨੂੰ ਮੁੜ ਸਮਾਜ ਦੀ ਮੁਖ ਧਾਰਾ ਨਾਲ ਜੋੜਨਾ ਹੈ। ‘ਸਮਾਈਲ ਫਾਰ ਐਵਰ’ ਨੇ ਪਿਛਲੇ ਸਮੇਂ ਦੌਰਾਨ ਆਈਆਂ ਕੁਦਰਤੀ ਆਫ਼ਤਾਂ ’ਚ ਵੀ ਮੋਹਰੀ ਭੂਮਿਕਾ ਨਿਭਾਈ ਹੈ। ਪੰਜਾਬ ’ਚ ਆਏ ਭਿਆਨਕ ਹੜ੍ਹਾਂ ਦੌਰਾਨ ਜਦੋਂ ਲੋਕਾਂ ਦੇ ਸਿਰਾਂ ਤੋਂ ਛੱਤਾਂ ਖੁੱਸ ਗਈਆਂ ਸਨ ਤਾਂ ਇਸ ਸੰਸਥਾ ਨੇ ਬਰਨਾਲਾ ਤੇ ਆਸ-ਪਾਸ ਦੇ ਇਲਾਕਿਆਂ ’ਚ ਕਰੀਬ 2000 ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਤਰਪਾਲਾਂ ਵੰਡ ਕੇ ਵੱਡੀ ਰਾਹਤ ਦਿੱਤੀ ਸੀ। ਇਸੇ ਤਰ੍ਹਾਂ ਜਦੋਂ ਅਨਾਜ ਮੰਡੀ ਦੀਆਂ ਝੁੱਗੀਆਂ ’ਚ ਭਿਆਨਕ ਅੱਗ ਲੱਗੀ ਸੀ ਤਾਂ ਸੰਸਥਾ ਨੇ ਤੁਰੰਤ ਪਹੁੰਚ ਕੇ 200 ਤੋਂ ਵੱਧ ਪੀੜਤ ਪਰਿਵਾਰਾਂ ਨੂੰ ਕਪੜੇ, ਬਿਸਤਰੇ, ਰਾਸ਼ਨ ਤੇ ਜੁਤੀਆਂ-ਚੱਪਲਾਂ ਮੁਹੱਈਆ ਕਰਵਾ ਕੇ ਉਨ੍ਹਾਂ ਦਾ ਉੱਜੜਿਆ ਵਸੇਬਾ ਮੁੜ ਸੁਰਜੀਤ ਕਰਨ ’ਚ ਮਦਦ ਕੀਤੀ।
—ਨੌਜਵਾਨਾਂ ਦਾ ਜਜ਼ਬਾ ਤੇ ਸਮਾਜ ਨੂੰ ਅਪੀਲ

ਸੰਸਥਾ ਦੇ ਮੈਂਬਰ ਜਿੰਮੀ ਜੋਸ਼ੀ, ਰੋਹਿਤ ਗਰਗ, ਵਿਸ਼ਨੂੰ ਦਾਸ ਗੋਇਲ, ਰਿੰਕੂ, ਸਤੀਸ਼ ਕੁਮਾਰ, ਪੋਮਿਲ, ਪੁਨੀਤ, ਅਜੇ ਗਰਗ, ਰਾਹੁਲ, ਚੇਤਨ ਸ਼ਰਮਾ, ਕਪਿਲ ਗਰਗ ਤੇ ਸਕੁਲ ਕੌਸ਼ਲ ਨੇ ਇਕਸੁਰ ’ਚ ਕਿਹਾ ਕਿ ਉਹ ਭਵਿੱਖ ’ਚ ਵੀ ਇਸੇ ਤਰ੍ਹਾਂ ਨਿਰਸਵਾਰਥ ਸੇਵਾ ਕਰਦੇ ਰਹਿਣਗੇ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਭਾਵੇਂ ਉਹ ਸੰਸਥਾ ਨੂੰ ਪੈਸੇ ਨਾ ਦੇਣ। ਪਰ ਆਪਣੇ ਆਲੇ-ਦੁਆਲੇ ਕਿਸੇ ਵੀ ਲੋੜਵੰਦ ਦੀ ਮਦਦ ਕਰਕੇ ਇਸ ‘ਮੁਸਕਾਨ’ ਦੀ ਲਹਿਰ ਦਾ ਹਿੱਸਾ ਜ਼ਰੂਰ ਬਣਨ। ਸ਼ਹਿਰ ਦੇ ਲੋਕਾਂ ਵਲੋਂ ਸੰਸਥਾ ਦੇ ਇਨ੍ਹਾਂ ਨਿਰਸਵਾਰਥ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
—ਮਨੁਖਤਾ ਦੇ ਦਰਦ ਨੂੰ ਵੰਡਾਉਣ ਦਾ ਵਿਲੱਖਣ ਯਤਨ
ਸੰਸਥਾ ਦੀ ਇਸ ਨਿਰਸਵਾਰਥ ਸੇਵਾ ਦਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਇਹ ਸਿਰਫ਼ ਸਰੀਰਕ ਸਹਾਇਤਾ ਤਕ ਸੀਮਤ ਨਹੀਂ ਹੈ। ਸਗੋਂ ਲੋਕਾਂ ਦੇ ਮਨੋਬਲ ਨੂੰ ਉੱਚਾ ਚੁੱਕਣ ’ਚ ਵੀ ਵੱਡਾ ਯੋਗਦਾਨ ਪਾ ਰਹੀ ਹੈ। ਜਦੋਂ ਸੰਸਥਾ ਦੇ ਮੈਂਬਰ ਹਸਪਤਾਲਾਂ ’ਚ ਮਰੀਜ਼ਾਂ ਕੋਲ ਪਹੁੰਚਦੇ ਹਨ ਤਾਂ ਉਹ ਸਿਰਫ਼ ਦਵਾਈਆਂ ਜਾਂ ਫਲ ਹੀ ਨਹੀਂ ਦਿੰਦੇ। ਸਗੋਂ ਉਨ੍ਹਾਂ ਕੋਲ ਬੈਠ ਕੇ ਉਨ੍ਹਾਂ ਦਾ ਹਾਲ-ਚਾਲ ਪੁਛਦੇ ਹਨ ਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਂਦੇ ਹਨ ਕਿ ਇਸ ਮੁਸ਼ਕਿਲ ਘੜੀ ’ਚ ਉਹ ਇਕੱਲੇ ਨਹੀਂ ਹਨ। ਮੈਂਬਰਾਂ ਦਾ ਪਿਆਰ ਭਰਿਆ ਵਤੀਰਾ ਤੇ ਅਪਣੱਤ ਦੀ ਭਾਵਨਾ ਮਰੀਜ਼ਾਂ ਦੇ ਚਿਹਰਿਆਂ ਤੇ ਉਹ ਮੁਸਕਾਨ ਲਿਆਉਂਦੀ ਹੈ। ਜੋ ਮਹਿੰਗੀਆਂ ਦਵਾਈਆਂ ਨਾਲ ਵੀ ਸੰਭਵ ਨਹੀਂ ਹੁੰਦੀ। ਇਹੀ ਕਾਰਨ ਹੈ ਕਿ ਅੱਜ ਬਰਨਾਲਾ ਦੇ ਸਿਵਲ ਹਸਪਤਾਲ ’ਚ ਇਸ ਟੀਮ ਦੀ ਉਡੀਕ ਕਿਸੇ ਫਰਿਸ਼ਤੇ ਵਾਂਗ ਕੀਤੀ ਜਾਂਦੀ ਹੈ। —ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਬਣੀ‘ਸਮਾਈਲ ਫਾਰ ਐਵਰ’ ਅੱਜ ਦੇ ਭੱਜ-ਦੌੜ ਭਰੇ ਤੇ ਨਿੱਜੀ ਸਵਾਰਥਾਂ ਵਾਲੇ ਯੁਗ ’ਚ ਸਮਾਈਲ ਫਾਰ ਐਵਰ ਦੇ ਇਹ ਨੌਜਵਾਨ ਪੂਰੇ ਸਮਾਜ ਖਾਸ ਕਰਕੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਇਕ ਵੱਡਾ ਸਰੋਤ ਬਣ ਕੇ ਉੱਭਰੇ ਹਨ। ਬਿਨਾਂ ਕਿਸੇ ਸਰਕਾਰੀ ਮਦਦ ਜਾਂ ਬਾਹਰੀ ਫੰਡਾਂ ਦੇ ਕੇਵਲ ਆਪਣੇ ਦ੍ਰਿੜ ਇਰਾਦੇ ਤੇ ਆਪਸੀ ਸਹਿਯੋਗ ਨਾਲ ਇੰਨੀ ਵੱਡੀ ਪੱਧਰਤੇ ਸੇਵਾ ਕਾਰਜ ਚਲਾਉਣਾ ਇਕ ਮਿਸਾਲੀ ਕਦਮ ਹੈ। ਇਨ੍ਹਾਂ ਗੱਭਰੂਆਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਮਨ ’ਚ ਸੇਵਾ ਦੀ ਤੜਫ ਹੋਵੇ ਤਾਂ ਸਾਧਨਾਂ ਦੀ ਘਾਟ ਕਦੇ ਰੁਕਾਵਟ ਨਹੀਂ ਬਣਦੀ। ਸ਼ਹਿਰ ਦੇ ਪਤਵੰਤੇ ਸੱਜਣਾਂ ਦਾ ਕਹਿਣਾ ਹੈ ਕਿ ਜੇਕਰ ਹਰ ਇਲਾਕੇ ’ਚ ਅਜਿਹੀਆਂ ਨਿਰਸਵਾਰਥ ਟੀਮਾਂ ਤਿਆਰ ਹੋ ਜਾਣ ਤਾਂ ਸਮਾਜ ’ਚੋਂ ਗਰੀਬੀ ਤੇ ਲਾਚਾਰੀ ਦੇ ਹਨੇਰੇ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ।
