ਮਨਰੇਗਾ ਮੁਲਾਜਮਾ ਨੇ ਡੀ ਸੀ ਦਫਤਰ ਦੇ ਗੇਟ ਅੱਗੇ ਪੱਤਰ ਦੀਆਂ ਕਾਪੀਆਂ ਸਾੜੀਆ

ਬਰਨਾਲਾ,10 ਜੂਨ(ਰਾਕੇਸ਼ ਜੇਠੀ)-ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵਿੱਚ ਨਰੇਗਾ ਤਹਿਤ ਆਰਜ਼ੀ ਆਸਾਮੀਆਂ ਤੇ ਠੇਕਾ ਆਧਾਰਿਤ ਨੌਕਰੀ ਕਰ ਰਹੇ ਮਨਰੇਗਾ ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਵਿਭਾਗ ਵਿੱਚ ਮਰਜ਼ ਕਰਕੇ ਪੱਕੀਆਂ ਕਰਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਸ਼ੰਘਰਸ਼ਾਂ ਦੀ ਲੜੀ ਤਹਿਤ ਸੂਬੇ ਭਰ ਵਿੱਚ ਅੱਜ ਬਲਾਕ ਪੱਧਰੀ ਧਰਨਾ 9ਵੇਂ ਦਿਨ ਵਿੱਚ ਸ਼ਾਮਲ ਹੋ ਗਿਆ । ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਫਤਰ ਸੰਯੁਕਤ ਵਿਕਾਸ ਕਮਿਸ਼ਨਰ-ਕਮ-ਕਮਿਸ਼ਨਰ ਮਗਨਰੇਗਾ, ਵਿਕਾਸ ਭਵਨ, ਸੈਕਟਰ 62, ਮੋਹਾਲੀ ਦੇ ਪੱਤਰ ਨੰਬਰ 3362-84 ਮਿਤੀ 09.06.2026 ਤਹਿਤ ਮਨਰੇਗਾ ਸਕੀਮ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਪੀ.ਐੱਸ.ਆਰ.ਐੱਲ.ਐੱਮ ਸਕੀਮ ਦੇ ਕਰਮਚਾਰੀਆਂ ਨੂੰ ਮਨਰੇਗਾ ਮੁਲਾਜਮਾ ਦਾ ਕੰਮ ਦਿੱਤਾ ਗਿਆ ਹੈ । ਜਿਹਨਾਂ ਨੂੰ ਇਸ ਕੰਮ ਸਬੰਧੀ ਕੋਈ ਜਾਣਕਾਰੀ ਨਹੀਂ ਹੈ । ਕਰਮਚਾਰੀ ਯੂਨੀਅਨ ਪੰਜਾਬ ਤੇ ਜਿਲ੍ਹਾ ਬਰਨਾਲਾ ਦੇ ਸਮੂਹ ਮੁਲਾਜਮਾਂ ਵੱਲੋਂ ਅੱਜ ਇਸ ਪੱਤਰ ਦੀਆਂ ਕਾਪੀਆਂ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫਤਰ ਵਿਖੇ ਸਾੜੀਆਂ ਗਈਆਂ ।
ਉਹਨਾਂ ਕਿਹਾ ਕਿ 18 ਸਾਲ ਤੋਂ ਕੰਟਰੈਕਟਰ ਵੇਸ ਤੇ ਕੰਮ ਕਰ ਰਹੇ ਹਨ। ਹਰ ਸਮੇਂ ਨੌਕਰੀ ਤੋਂ ਕੱਢ ਦੇਣ, ਤਨਖ਼ਾਹ ਰੋਕ ਲੈਣ, ਦੂਰ-ਦੁਰਾਡੇ ਬਦਲੀ ਕਰਨ ਦਾ ਡਰ ਉਨ੍ਹਾਂ ਦੇ ਮਨਾਂ ਅੰਦਰ ਬਣਿਆ ਰਹਿੰਦਾ ਹੈ। ਅਫ਼ਸਰਸ਼ਾਹੀ ਵੱਲੋਂ ਮਨਰੇਗਾ ਤੋਂ ਇਲਾਵਾ ਹਰ ਤਰ੍ਹਾਂ ਦੇ ਪੇਂਡੂ ਵਿਕਾਸ ਨਾਲ ਸੰਬੰਧਿਤ ਕੰਮ ਮਨਰੇਗਾ ਮੁਲਾਜ਼ਮਾਂ ਤੋਂ ਲਏ ਜਾਂਦੇ ਹਨ। ਜੇਕਰ ਉਹ ਵਾਧੂ ਕੰਮਾਂ ਨੂੰ ਕਰਨ ਤੋਂ ਮਨ੍ਹਾਂ ਕਰਦੇ ਹਨ ਤਾਂ ਉਨ੍ਹਾਂ ਦਾ ਕੰਟਰੈਕਟ ਰੋਕ ਲੈਣ, ਬਦਲੀ ਕਰਨ ਵਰਗੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਮੂਹ ਮਨਰੇਗਾ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਰੈਗੂਲਰ ਭਰਤੀ ਲਈ ਅਪਣਾਏ ਜਾਂਦੇ ਤੈਅ ਮਾਪਦੰਡਾਂ ਅਨੁਸਾਰ ਬਿਲਕੁਲ ਨਿਗੂਣੀਆਂ ਤਨਖ਼ਾਹਾਂ ਤੇ ਕੀਤੀ ਗਈ ਸੀ। ਅੱਜ 18 ਸਾਲ ਬਾਅਦ ਵੀ ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹਾਂ ਬਕਾਇਆ ਹਨ। ਆਊਟ ਸੋਰਸ ਸਕੀਮ ਤਹਿਤ ਕੰਮ ਕਰਦੇ ਮੁਲਾਜਮਾਂ ਦੀ ਤਨਖਾਹ 6 ਮਹੀਨਿਆਂ ਤੋਂ ਬਕਾਇਆ ਪਈ ਹੈ ਜਦੋਂ ਠੇਕੇਦਾਰ ਦੀ ਸਬੰਧਿਤ ਕੰਪਨੀ ਪਾਸ ਤਨਖਾਹ ਆ ਵੀ ਜਾਂਦੀ ਹੈ ਤਾਂ ਉਹ 10-15 ਦਿਨ ਆਪਣੇ ਪਾਸ ਰੱਖ ਕੇ ਦੇਰੀ ਕਰਦੇ ਹਨ ।
ਇਸ ਮੌਕੇ ਤੇ ਬਲਾਕ ਬਰਨਾਲਾ ਦੇ ਪ੍ਰਧਾਨ ਗਗਨਦੀਪ ਸਿੰਘ ਸਿੱਧੂ, ਬਲਾਕ ਮਹਿਲ ਕਲਾਂ ਦੇ ਪ੍ਰਧਾਨ ਬੂਟਾ ਸਿੰਘ, ਬਲਾਕ ਸ਼ਹਿਣਾ ਦੇ ਪ੍ਰਧਾਨ ਹਰਦੇਵ ਸਿੰਘ ਸਿੱਧੂ ਅਤੇ ਸਮੂਹ ਮਨਰੇਗਾ ਕਰਮਚਾਰੀ ਯੂਨੀਅਨ ਦੇ ਸਮੂਹ ਮੁਲਾਜਮ ਹਾਜਰ ਸਨ।
