ਵਿਸ਼ੇਸ਼ ਗਹਿਰੀ ਸੁਧਾਈ: ਦੂਜੇ ਦਿਨ ਹਲਕਾ ਮਹਿਲ ਕਲਾਂ ਦੇ ਸਟਾਫ਼ ਨੂੰ ਦਿੱਤੀ ਟ੍ਰੇਨਿੰਗ: ਜ਼ਿਲ੍ਹਾ ਚੋਣ ਅਫ਼ਸਰ

ਬਰਨਾਲਾ, 14 ਜੂਨ (ਰਾਕੇਸ਼ ਜੇਠੀ): ਪੰਜਾਬ ’ਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਨਟੈਂਸਿਵ ਰਵੀਜ਼ਨ 2026 ਦੀ ਪ੍ਰਕਿਰਿਆ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ ਸਹਿਤ ਡੀਸੀ ਹਰਪ੍ਰੀਤ ਸਿੰਘ ਆਈਏਐੱਸ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਮਾਸਟਰ ਟਰੇਨਰਾਂ ਵਲੋਂ ਵਿਧਾਨ ਸਭਾ ਚੋਣ ਹਲਕਾ ਮਹਿਲ ਕਲਾਂ ਦੇ ਹਲਕਾ ਪੱਧਰੀ ਮਾਸਟਰ ਟਰੇਨਰਾਂ, ਟੈਕਨੀਕਲ ਸਟਾਫ ਤੇ ਬੀਐੱਲਓ ਸੁਪਰਵਾਈਜ਼ਰਾਂ ਨੂੰ ਸੰਖੇਪ ਟਰੇਨਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਟਰੇਨਿੰਗ ਦੌਰਾਨ ਜ਼ਿਲ੍ਹਾ ਪੱਧਰੀ ਮਾਸਟਰ ਟਰੇਨਰ ਵਲੋਂ ਵਿਧਾਨ ਸਭਾ ਚੋਣ ਹਲਕਾ ਪੱਧਰੀ ਮਾਸਟਰ ਟਰੇਨਰਾਂ, ਸਮੂਹ ਬੀਐੱਲਓ ਸੁਪਰਵਾਈਜ਼ਰਾਂ ਤੇ ਟੈਕਨੀਕਲ ਸਟਾਫ ਨੂੰ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ 2026 ਦੀ ਸੋਧ ਪ੍ਰਕਿਰਿਆ ਤੇ ਗਣਨਾ ਫਾਰਮ ਭਰਨ ਦੇ ਸਹੀ ਤਰੀਕੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਫਾਰਮ ’ਚ ਦਰਜ ਕੀਤੇ ਜਾਣ ਵਾਲੇ ਵੇਰਵਿਆਂ, ਲੋੜੀਂਦੇ ਦਸਤਾਵੇਜ਼ਾਂ ਤੇ ਆਨਲਾਈਨ ਅਪਲੋਡਿੰਗ ਪ੍ਰਕਿਰਿਆ ਤੋਂ ਵੀ ਜਾਣੂ ਕਰਵਾਇਆ ਗਿਆ। ਜ਼ਿਲ੍ਹਾ ਚੋਣ ਅਫ਼ਸਰ ਵਲੋਂ ਦੱਸਿਆ ਗਿਆ ਕਿ ਸ਼ੀ੍ਰ 2026 ਦਾ ਉਦੇਸ਼ ਹਰ ਯੋਗ ਵੋਟਰ ਨੂੰ ਵੋਟਰ ਸੂਚੀ ’ਚ ਸ਼ਾਮਲ ਕਰਨਾ ਤੇ ਹਰ ਅਯੋਗ ਵੋਟਰ ਨੂੰ ਵੋਟਰ ਸੂਚੀ ’ਚੋਂ ਬਾਹਰ ਕਰਨਾ ਤੇ ਵੋਟਰ ਸੂਚੀ ਨੂੰ 100 ਪ੍ਰਤੀਸ਼ਤ ਸ਼ੁੱਧ ਕਰਨਾ ਹੈ। ਇਸ ਲਈ ਹਰੇਕ ਬੀਐੱਲਓ 25 ਜੂਨ ਤੋਂ 24 ਜੁਲਾਈ ਤਕ ਆਪਣੇ ਆਪਣੇ ਖੇਤਰ ’ਚ ਘਰ-ਘਰ ਜਾ ਕੇ ਗਣਨਾ ਫਾਰਮ ਭਰਨ ਦਾ ਕੰਮ ਪੂਰੀ ਤਨਦੇਹੀ ਤੇ ਨਿਰਪੱਖਤਾ ਨਾਲ ਕਰੇ। ਉਨ੍ਹਾਂ ਕਿਹਾ ਕਿ ਫਾਰਮ ਭਰਨ ਸਮੇਂ ਕੋਈ ਵੀ ਯੋਗ ਵੋਟਰ ਦਾ ਨਾਮ ਨਾ ਛੁੱਟਣ ਦਿੱਤਾ ਜਾਵੇ ਤੇ ਕੋਈ ਵੀ ਗਲਤ ਜਾਣਕਾਰੀ ਦਰਜ ਨਾ ਕੀਤੀ ਜਾਵੇ। ਗਣਨਾ ਫਾਰਮ ਭਰਨ ਲਈ ਵੋਟਰਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇ।
