ਬਰਨਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਡੀਸੀ ਦੀ ਵੱਡੀ ਪਹਿਲ; ਹੰਡਿਆਇਆ ਤੇ ਗੁਰਸੇਵਕ ਨਗਰ ਸਕੂਲਾਂ ਨੂੰ ਦਿੱਤੇ ਆਰਓ ਤੇ ਕੰਪਿਊਟਰ

PrimeKhabarPunjab Hnd School

ਬਰਨਾਲਾ, 20 ਅਪ੍ਰੈਲ (ਰਾਕੇਸ਼ ਜੇਠੀ): ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਜੋੜਨ ਲਈ ਵਿੱਢੀ ਗਈ ਮੁਹਿੰਮ ਤਹਿਤ ਡੀਸੀ ਹਰਪ੍ਰੀਤ ਸਿੰਘ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਗੁਰਸੇਵਕ ਨਗਰ ਤੇ ਹੰਡਿਆਇਆ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਨਾ ਸਿਰਫ਼ ਸਕੂਲੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਗੋਂ ਬੱਚਿਆਂ ਦੀਆਂ ਲੋੜਾਂ ਨੂੰ ਮੁਖ ਰੱਖਦਿਆਂ ਅਹਿਮ ਸਾਜ਼ੋ-ਸਾਮਾਨ ਵੀ ਭੇਂਟ ਕੀਤਾ। ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਨਾਲ ਜੋੜਨ ਦੇ ਮਕਸਦ ਨਾਲ ਡੀਸੀ ਵਲੋਂ ਗੁਰਸੇਵਕ ਨਗਰ ਸਕੂਲ ਨੂੰ 2 ਕੰਪਿਊਟਰ ਸੈੱਟ ਪ੍ਰਦਾਨ ਕੀਤੇ ਗਏ। ਇਸੇ ਤਰ੍ਹਾਂ ਹੰਡਿਆਇਆ ਸਕੂਲ ਦੇ ਬੱਚਿਆਂ ਲਈ ਸਾਫ਼ ਤੇ ਸ਼ੁੱਧ ਪੀਣ ਵਾਲੇ ਪਾਣੀ ਦੀ ਸਹੂਲਤ ਯਕੀਨੀ ਬਣਾਉਣ ਲਈ ਆਰਓ ਸਿਸਟਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 12 ਪ੍ਰਾਇਮਰੀ ਸਕੂਲਾਂ ਨੂੰ ਆਰਓ, 3 ਸਕੂਲਾਂ ਨੂੰ ਕੰਪਿਊਟਰ ਤੇ 11 ਸਕੂਲਾਂ ਨੂੰ ਵਾਈ-ਫਾਈ ਇੰਟਰਨੈੱਟ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਕੋਸ਼ਿਸ਼ਾਂ ਨਾਲ ਜ਼ਿਲ੍ਹੇ ਦੇ ਸਮੁੱਚੇ ਪ੍ਰਾਇਮਰੀ ਸਕੂਲਾਂ ’ਚ ਇਹ ਸਹੂਲਤਾਂ 100 ਫੀਸਦੀ ਮੁਕੰਮਲ ਹੋ ਜਾਣਗੀਆਂ। ਇਸ ਮੌਕੇ ਸਕੂਲ ਸਟਾਫ਼ ਤੇ ਪਤਵੰਤੇ ਸੱਜਣਾਂ ਨੇ ਪ੍ਰਸ਼ਾਸਨ ਵਲੋਂ ਦਿੱਤੀਆਂ ਗਈਆਂ ਇਨ੍ਹਾਂ ਸਹੂਲਤਾਂ ਲਈ ਡੀਸੀ ਹਰਪ੍ਰੀਤ ਸਿੰਘ ਤੇ ਡੀਈਓ ਇੰਦੂ ਸਿਮਕ ਦਾ ਵਿਸ਼ੇਸ਼ ਧੰਨਵਾਦ ਕੀਤਾ।
—ਬੱਚਿਆਂ ਨਾਲ ਗੁਜ਼ਾਰਿਆ ਪਿਆਰ ਭਰਿਆ ਸਮਾਂ
ਦੌਰੇ ਦੌਰਾਨ ਡੀਸੀ ਨੇ ਕਲਾਸ ਰੂਮਾਂ ’ਚ ਜਾ ਕੇ ਨੰਨ੍ਹੇ-ਮੁੰਨੇ ਬੱਚਿਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਸਮਾਂ ਗੁਜ਼ਾਰਿਆ। ਉਨ੍ਹਾਂ ਬੱਚਿਆਂ ਦੀ ਪੜ੍ਹਾਈ ਦੇ ਪੱਧਰ ਬਾਰੇ ਜਾਣਕਾਰੀ ਲਈ ਤੇ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਡਾ ਮੁਖ ਉਦੇਸ਼ ਬੱਚਿਆਂ ਦੇ ਰੌਸ਼ਨ ਭਵਿੱਖ ਲਈ ਅਜਿਹਾ ਮਾਹੌਲ ਸਿਰਜਣਾ ਹੈ। ਜਿਥੇ ਪੜ੍ਹਾਈ ’ਚ ਕੋਈ ਰੁਕਾਵਟ ਨਾ ਆਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਸਰਕਾਰੀ ਸਕੂਲ ਨੂੰ ਕਾਰਪੋਰੇਟ ਪੱਧਰ ਦੀਆਂ ਸਹੂਲਤਾਂ ਦੇਣ ਲਈ ਯਤਨਸ਼ੀਲ ਹੈ।
—ਸਰਕਾਰੀ ਸਕੂਲਾਂ ਦੇ ਬੱਚੇ ਡਿਜੀਟਲ ਯੁਗ ਦਾ ਹਾਣੀ ਬਨਣਗੇ: ਡੀਈਓ
ਇਸ ਮੌਕੇ ਹਾਜ਼ਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਇੰਦੂ ਸਿਮਕ ਨੇ ਡੀਸੀ ਵਲੋਂ ਕੀਤੇ ਜਾ ਰਹੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਡੀਸੀ ਦੀ ਨਿੱਜੀ ਦਿਲਚਸਪੀ ਸਦਕਾ ਅੱਜ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ’ਚ ਸਿੱਖਿਆ ਦਾ ਮਿਆਰ ਉੱਚਾ ਹੋ ਰਿਹਾ ਹੈ। ਉਨ੍ਹਾਂ ਵਿਭਾਗ ਵਲੋਂ ਭਰੋਸਾ ਦਿਵਾਇਆ ਕਿ ਮੁਹੱਈਆ ਕਰਵਾਈਆਂ ਜਾ ਰਹੀਆਂ। ਇਨ੍ਹਾਂ ਨਵੀਆਂ ਸਹੂਲਤਾਂ, ਜਿਵੇਂ ਕਿ ਇੰਟਰਨੈੱਟ ਤੇ ਕੰਪਿਊਟਰ ਦੀ ਸਹੀ ਵਰਤੋਂ ਯਕੀਨੀ ਬਣਾਈ ਜਾਵੇਗੀ ਤਾਂ ਜੋ ਬੱਚੇ ਡਿਜੀਟਲ ਯੁਗ ਦਾ ਹਾਣੀ ਬਣ ਸਕਣ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਹਰ ਬੱਚੇ ਤਕ ਮਿਆਰੀ ਸਿੱਖਿਆ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ।

About The Author