ਆਰਿਆ ਮਹਿਲਾ ਕਾਲਜ ਬਰਨਾਲਾ ਵਿੱਚ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਸੈਮੀਨਾਰ ਆਯੋਜਿਤ

PrimeKhabarPunjab LBS

ਬਰਨਾਲਾ, 18 ਅਪ੍ਰੈਲ (ਰਾਕੇਸ਼ ਜੇਠੀ)- ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰਿਆ ਮਹਿਲਾ ਕਾਲਜ ਬਰਨਾਲਾ ਵਿੱਚ ਪ੍ਰਿੰਸੀਪਲ ਡਾ. ਸੁਸ਼ੀਲ ਬਾਲਾ ਦੀ ਸਰਪ੍ਰਸਤੀ ਹੇਠ ਸਾਇੰਸ ਵਿਭਾਗ ਅਤੇ ਐਨਐਸਐਸ ਵਿਭਾਗ ਵੱਲੋਂ ਛਾਤੀ ਦੇ ਕੈਂਸਰ ਸਬੰਧੀ ਇੱਕ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਬਾਰੇ ਜਾਣਕਾਰੀ ਦੇਣ ਅਤੇ ਸਮੇਂ ਸਿਰ ਪਛਾਣ ਲਈ ਪ੍ਰੇਰਿਤ ਕਰਨਾ ਸੀ।
ਇਸ ਮੌਕੇ ਫੋਰਟਿਸ ਹਸਪਤਾਲ ਮੋਹਾਲੀ ਤੋਂ ਛਾਤੀ ਅਤੇ ਐਂਡੋਕ੍ਰਾਈਨ ਸਰਜਰੀ ਦੀ ਵਿਸ਼ੇਸ਼ਗਿਆ ਡਾ. ਦੀਪਤੀ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਛਾਤੀ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ, ਖਤਰੇ ਅਤੇ ਬਚਾਅ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ. ਸਿੰਘ ਨੇ ਵਿਦਿਆਰਥਣਾਂ ਨੂੰ ‘ਸਵੈ-ਪੜਤਾਲ’ (Self Examination) ਦੀ ਮਹੱਤਤਾ ਬਾਰੇ ਦੱਸਦੇ ਹੋਏ ਇਸ ਦੇ ਸਹੀ ਤਰੀਕੇ ਵੀ ਸਮਝਾਏ, ਤਾਂ ਜੋ ਬਿਮਾਰੀ ਦੀ ਪਛਾਣ ਸ਼ੁਰੂਆਤੀ ਪੜਾਅ ‘ਚ ਹੀ ਹੋ ਸਕੇ।
ਉਨ੍ਹਾਂ ਨੇ ਕੈਂਸਰ ਦੇ ਆਧੁਨਿਕ ਇਲਾਜਾਂ ਅਤੇ ਵਿਸ਼ਵ ਪੱਧਰੀ ਤਕਨਾਲੋਜੀਆਂ ਬਾਰੇ ਵੀ ਚਰਚਾ ਕੀਤੀ ਅਤੇ ਦੱਸਿਆ ਕਿ ਜੇ ਸਮੇਂ ‘ਤੇ ਇਲਾਜ ਕਰਵਾਇਆ ਜਾਵੇ ਤਾਂ ਇਸ ਬਿਮਾਰੀ ਨੂੰ ਕਾਬੂ ਕੀਤਾ ਜਾ ਸਕਦਾ ਹੈ। ਸੈਮੀਨਾਰ ਦੌਰਾਨ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਉਨ੍ਹਾਂ ਨੇ ਸੰਤੁਸ਼ਟਿਕਰ ਜਵਾਬ ਦਿੱਤੇ।
ਇਸ ਮੌਕੇ ਮੈਡਮ ਅਮਿਤ ਜਾਵਾ, ਮੈਡਮ ਨੀਰੂ, ਮੈਡਮ ਆਰਤੀ, ਮੈਡਮ ਹਰਜਿੰਦਰ, ਮੈਡਮ ਪ੍ਰਭਜੋਤ ਅਤੇ ਮੈਡਮ ਅਨਮੋਲ ਆਪਣੇ-ਆਪਣੇ ਵਿਦਿਆਰਥੀਆਂ ਸਮੇਤ ਹਾਜ਼ਰ ਸਨ। ਸੈਮੀਨਾਰ ਦੇ ਅੰਤ ਵਿੱਚ ਸਭ ਨੇ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮਾਂ ਦੀ ਲੋੜ ‘ਤੇ ਜ਼ੋਰ ਦਿੰਦਿਆਂ ਆਯੋਜਕਾਂ ਦੀ ਸਰਾਹਨਾ ਕੀਤੀ।

About The Author

You may have missed