ਡੇਰੇ ਦੇ ਹਿਸਾਬ ਨੂੰ ਲੈ ਕੇ ਰੰਜਿਸ਼: ਗੁਰਚਰਨ ਸਿੰਘ ‘ਤੇ ਹਮਲਾ ਕਰਕੇ ਪਰਸ ਲੁੱਟਿਆ, 6 ਦੋਸ਼ੀ ਗ੍ਰਿਫ਼ਤਾਰ

ਹੰਡਿਆਇਆ- 10 ਅਪ੍ਰੈਲ (ਰਾਕੇਸ਼ ਜੇਠੀ:-ਕਸਬਾ ਹੰਡਿਆਇਆ ਨੇੜੇ ਇੱਕ ਗੰਭੀਰ ਕੁੱਟਮਾਰ ਅਤੇ ਖੋਹ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਪੁਲਿਸ ਨੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚੌਂਕੀ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਕੋਠੇ ਸਰਾਹ ਹੰਡਿਆਇਆ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਕਿ 5 ਅਪ੍ਰੈਲ 2026 ਨੂੰ ਜਸ਼ਨਪ੍ਰੀਤ ਸਿੰਘ, ਸ਼ੰਭੂ, ਜਗਦੇਵ ਸਿੰਘ ਅਤੇ ਮਨਜਿੰਦਰ ਸਿੰਘ ਨੇ ਉਸ ਨੂੰ ਘੇਰ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਦੋਸ਼ੀਆਂ ਨੇ ਉਸਦਾ ਪਰਸ ਵੀ ਖੋਹ ਲਿਆ, ਜਿਸ ਵਿੱਚ ਆਧਾਰ ਕਾਰਡ ਅਤੇ 3200 ਰੁਪਏ ਮੌਜੂਦ ਸਨ।
ਪੀੜਤ ਨੇ ਦੱਸਿਆ ਕਿ ਉਹ ਡੇਰਾ ਜਗਿਆਣਾ ਦੀ ਕਮੇਟੀ ਦਾ ਮੈਂਬਰ ਹੈ ਅਤੇ ਉਸਨੇ ਡੇਰੇ ਦੇ ਮਹੰਤ ਭਜਨ ਦਾਸ ਕੋਲ ਹਿਸਾਬ-ਕਿਤਾਬ ਮੰਗਿਆ ਸੀ। ਇਸ ਗੱਲ ਨੂੰ ਲੈ ਕੇ ਭਜਨ ਦਾਸ ਅਤੇ ਜਸਵਿੰਦਰ ਸਿੰਘ ਉਰਫ ਗੋਲਡੀ ਨਾਲ ਉਸਦੀ ਰੰਜਿਸ਼ ਬਣ ਗਈ। ਦੋਸ਼ ਹੈ ਕਿ ਇਨ੍ਹਾਂ ਨੇ ਸਾਜਿਸ਼ ਰਚ ਕੇ ਹੋਰ ਵਿਅਕਤੀਆਂ ਤੋਂ ਉਸ ‘ਤੇ ਹਮਲਾ ਕਰਵਾਇਆ।
ਪੁਲਿਸ ਵੱਲੋਂ ਦੌਰਾਨੇ ਤਫਤੀਸ਼ 9 ਅਪ੍ਰੈਲ 2026 ਨੂੰ ਹੌਲਦਾਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਦੋਸ਼ੀਆਂ ਜਸ਼ਨਪ੍ਰੀਤ ਸਿੰਘ, ਸ਼ੰਭੂ ,ਜਗਦੇਵ ਸਿੰਘ, ਮਨਜਿੰਦਰ ਸਿੰਘ, ਜਸਵਿੰਦਰ ਸਿੰਘ ਉਰਫ ਗੋਲਡੀ ਅਤੇ ਸਵਾਮੀ ਭਜਨ ਦਾਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ (PB 31 Z 0195, HF Deluxe), ਹਥਿਆਰ ਅਤੇ ਲੁੱਟਿਆ ਗਿਆ ਪਰਸ ਤੇ ਆਧਾਰ ਕਾਰਡ ਵੀ ਬਰਾਮਦ ਕਰ ਲਏ ਹਨ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਬਰਨਾਲਾ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
