ਬਰਨਾਲਾ ਦੇ ਪੱਤਰਕਾਰ ਨਿਰਮਲ ਸਿੰਘ ਪੰਡੋਰੀ ਨੇ ਪੰਜਾਬੀ ਯੂਨੀਵਰਸਿਟੀ ’ਚੋਂ ਪ੍ਰਾਪਤ ਕੀਤਾ ਸੋਨ ਤਮਗਾ; ਪੱਤਰਕਾਰੀ ਜਗਤ ’ਚ ਖੁਸ਼ੀ ਦੀ ਲਹਿਰ

ਬਰਨਾਲਾ, 10 ਅਪ੍ਰੈਲ (ਰਾਕੇਸ਼ ਜੇਠੀ): ਬਰਨਾਲਾ ਦੇ ਪੱਤਰਕਾਰੀ ਖੇਤਰ ਲਈ ਅੱਜ ਬੇਹੱਦ ਮਾਣ ਵਾਲਾ ਦਿਨ ਹੈ। ਜਦੋਂ ਇਥੋਂ ਦੇ ਸੀਨੀਅਰ ਪੱਤਰਕਾਰ ਨਿਰਮਲ ਸਿੰਘ ਪੰਡੋਰੀ ਨੇ ਆਪਣੀ ਵਿਦਿਅਕ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 41ਵੀਂ ਕਨਵੋਕੇਸ਼ਨ ਦੌਰਾਨ ਸੋਨ ਤਮਗਾ ਹਾਸਲ ਕੀਤਾ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਬਰਨਾਲਾ ਇਕਾਈ ਦੇ ਜ਼ਿਲ੍ਹਾ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਪੰਡੋਰੀ ਨੇ ਇਕ ਨਿੱਜੀ ਕਾਲਜ ਦੇ ਵਿਦਿਆਰਥੀ ਵਜੋਂ ਪੱਤਰਕਾਰੀ ਤੇ ਬਹੁ-ਮਾਧਿਅਮ ਤਕਨਾਲੋਜੀ ਵਿਭਾਗ ’ਚੋਂ ਯੂਨੀਵਰਸਿਟੀ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਨਿਰਮਲ ਸਿੰਘ ਪੰਡੋਰੀ ਜਿਥੇ ਪਹਿਲਾਂ ਹੀ ਪੱਤਰਕਾਰੀ ਦੇ ਖੇਤਰ ’ਚ ਸਰਗਰਮ ਹਨ ਤੇ ਆਪਣਾ ਖ਼ਬਰਾਂ ਦਾ ਪੋਰਟਲ ਸਫ਼ਲਤਾਪੂਰਵਕ ਚਲਾ ਰਹੇ ਹਨ। ਉੱਥੇ ਹੀ ਉਨ੍ਹਾਂ ਨੇ ਪੱਤਰਕਾਰੀ ਦੀਆਂ ਬਾਰੀਕੀਆਂ ਨੂੰ ਅਕਾਦਮਿਕ ਪੱਧਰ ਤੇ ਸਿੱਖਦਿਆਂ ਇਹ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਯੂਨੀਵਰਸਿਟੀ ਦੇ ਮੰਚ ਤੇ ਮਿਲਿਆ ਇਹ ਸਨਮਾਨ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਪੇਸ਼ੇ ਪ੍ਰਤੀ ਨਿਸ਼ਠਾ ਦਾ ਪ੍ਰਤੀਕ ਹੈ। ਇਸ ਸ਼ਾਨਦਾਰ ਸਫ਼ਲਤਾਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ, ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸੂਬਾਈ ਚੇਅਰਮੈਨ ਬਲਵੀਰ ਸਿੰਘ ਜੰਡੂ, ਸੂਬਾ ਪ੍ਰਧਾਨ ਜੈ ਸਿੰਘ ਛਿੱਬਰ ਤੇ ਸੂਬਾ ਜਨਰਲ ਸਕੱਤਰ ਸੰਤੋਖ ਸਿੰਘ ਗਿੱਲ ਨੇ ਵਿਸ਼ੇਸ਼ ਤੌਰਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਇਕ ਕਾਰਜਸ਼ੀਲ ਪੱਤਰਕਾਰ ਦਾ ਵਿਦਿਅਕ ਖੇਤਰ ’ਚ ਸੋਨ ਤਮਗਾ ਜਿੱਤਣਾ ਪੂਰੀ ਜਥੇਬੰਦੀ ਤੇ ਪੱਤਰਕਾਰ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਜ਼ਿਲ੍ਹਾ ਪੱਧਰ ਤੇ ਵੀ ਵਧਾਈਆਂ ਦਾ ਤਾਂਤਾ ਲੱਗਿਆ ਹੋਇਆ ਹੈ। ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ, ਖ਼ਜ਼ਾਨਚੀ ਬਲਜਿੰਦਰ ਸਿੰਘ ਚੌਹਾਨ ਤੇ ਸੂਬਾ ਕਮੇਟੀ ਮੈਂਬਰ ਮਹਿੰਦਰ ਸਿੰਘ ਰਾਏ, ਸੀਨੀਅਰ ਪੱਤਰਕਾਰ ਸੁਰਿੰਦਰ ਗੋਇਲ ਨੇ ਪੰਡੋਰੀ ਦੀ ਇਸ ਪ੍ਰਾਪਤੀ ਨੂੰ ਨੌਜਵਾਨ ਪੱਤਰਕਾਰਾਂ ਲਈ ਪ੍ਰੇਰਨਾ ਸਰੋਤ ਦੱਸਿਆ। ਇਸ ਦੇ ਨਾਲ ਹੀ ਐੱਸਡੀ ਸਭਾ ਦੇ ਚੇਅਰਮੈਨ ਡਾਂ ਪੀਨਾਕ ਮੌਦਗਿਲ ਤੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਵੀ ਨਿਰਮਲ ਪੰਡੋਰੀ ਨੂੰ ਸ਼ੁਭਕਾਮਨਾਵਾਂ ਭੇਂਟ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
—ਪੱਤਰਕਾਰੀ ਕਿੱਤਾ ਨਹੀਂ, ਸਗੋਂ ਸਮਾਜ ਪ੍ਰਤੀ ਇਕ ਵੱਡੀ ਜ਼ਿੰਮੇਵਾਰੀ: ਪੰਡੋਰੀ ਨਿਰਮਲ ਸਿੰਘ ਪੰਡੋਰੀ ਦੀ ਇਸ ਪ੍ਰਾਪਤੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਤੇ ਜੇਕਰ ਮਨ ’ਚ ਦ੍ਰਿੜ ਇਰਾਦਾ ਹੋਵੇ ਤਾਂ ਕੰਮਕਾਜੀ ਜੀਵਨ ਦੇ ਰੁਝੇਵਿਆਂ ਦੇ ਬਾਵਜੂਦ ਵੀ ਅਕਾਦਮਿਕ ਸਿਖ਼ਰਾਂ ਨੂੰ ਛੂਹਿਆ ਜਾ ਸਕਦਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਹੋਰ ਸ਼ਖ਼ਸੀਅਤਾਂ ਵਲੋਂ ਮਿਲੇ ਇਸ ਸਨਮਾਨ ਤੋਂ ਬਾਅਦ ਪੰਡੋਰੀ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਸਹਿਯੋਗੀਆਂ ਦੇ ਸਿਰ ਬੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰੀ ਕੇਵਲ ਇਕ ਕਿੱਤਾ ਨਹੀਂ। ਸਗੋਂ ਸਮਾਜ ਪ੍ਰਤੀ ਇਕ ਵੱਡੀ ਜ਼ਿੰਮੇਵਾਰੀ ਹੈ ਤੇ ਅਕਾਦਮਿਕ ਸਿੱਖਿਆ ਇਸ ਜ਼ਿੰਮੇਵਾਰੀ ਨੂੰ ਹੋਰ ਵਧੇਰੇ ਨਿਪੁੰਨਤਾ ਨਾਲ ਨਿਭਾਉਣ ’ਚ ਸਹਾਈ ਹੁੰਦੀ ਹੈ।
—ਪੰਡੋਰੀ ਨੇ ਬਰਨਾਲਾ ਜ਼ਿਲ੍ਹੇ ਦਾ ਨਾਮ ਕੀਤਾ ਰੌਸ਼ਨ: ਸੁਰਿੰਦਰ ਗੋਇਲ ਇਸ ਮੌਕੇ ਬਰਨਾਲਾ ਸੀਨੀਅਰ ਪੱਤਰਕਾਰ ਸੁਰਿੰਦਰ ਗੋਇਲ ਨੇ ਨਿਰਮਲ ਪੰਡੋਰੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਡੋਰੀ ਨੇ ਸੋਨ ਤਮਗਾ ਜਿੱਤ ਕੇ ਨਾ ਸਿਰਫ਼ ਆਪਣੇ ਪਰਿਵਾਰ ਦਾ, ਸਗੋਂ ਸਮੁੱਚੇ ਬਰਨਾਲਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਡੋਰੀ ਨੇ ਸਿੱਧ ਕਰ ਦਿੱਤਾ ਹੈ ਕਿ ਜ਼ਮੀਨੀ ਪੱਧਰਤੇ ਪੱਤਰਕਾਰੀ ਕਰਦਿਆਂ ਵੀ ਪੜ੍ਹਾਈ ਦੇ ਉੱਚ ਮਿਆਰ ਸਥਾਪਿਤ ਕੀਤੇ ਜਾ ਸਕਦੇ ਹਨ। ਇਸ ਸਨਮਾਨ ਨੇ ਬਰਨਾਲਾ ਦੇ ਮੀਡੀਆ ਜਗਤ ਦੇ ਅਕਸ ਨੂੰ ਹੋਰ ਮਜ਼ਬੂਤ ਕੀਤਾ ਹੈ।
