ਬਰਨਾਲਾ ਫਿਜ਼ੀਓਥੈਰੇਪੀ ਕਲੀਨਿਕ ’ਚ ਭਲਕੇ ਲੱਗੇਗਾ ਮੁਫ਼ਤ ਫਿਜ਼ੀਓਥੈਰੇਪੀ ਕੈਂਪ

ਬਰਨਾਲਾ, 3 ਅਪ੍ਰੈਲ (ਰਾਕੇਸ਼ ਜੇਠੀ): ਬਰਨਾਲਾ ਦੇ ਫਰਵਾਹੀ ਬਾਜ਼ਾਰ ਸਥਿਤ ਬਰਨਾਲਾ ਫਿਜ਼ੀਓਥੈਰੇਪੀ ਕਲੀਨਿਕ ’ਚ 5 ਅਪ੍ਰੈਲ ਐਤਵਾਰ ਨੂੰ ਇਕ ਵਿਸ਼ੇਸ਼ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ ਜਾਵੇਗਾ। ਕਲੀਨਿਕ ਦੇ ਐੱਮਡੀ ਭਵਿਆ ਨਰਵਾਲੀਆ ਤੇ ਡਾਇਰੈਕਟਰ ਸ਼ਿਕਸ਼ਿਤ ਨਰਵਾਲੀਆ ਨੇ ਦੱਸਿਆ ਕਿ ਇਸ ਕੈਂਪ ’ਚ ਹਰ ਪ੍ਰਕਾਰ ਦੇ ਮਰੀਜ਼ਾਂ ਦੀ ਓਪੀਡੀ ਜਾਂਚ ਤੇ ਫਿਜ਼ੀਓਥੈਰੇਪੀ ਇਲਾਜ ਪੂਰੀ ਤਰ੍ਹਾਂ ਮੁਫ਼ਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਰੀਜ਼ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਆ ਕੇ ਇਨ੍ਹਾਂ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ। ਐਮਡੀ ਭਵਿਆ ਨਰਵਾਲੀਆ ਤੇ ਡਾਇਰੈਕਟਰ ਸ਼ਿਕਸ਼ਿਤ ਨਰਵਾਲੀਆ ਨੇ ਦੱਸਿਆ ਕਿ ਫਿਜ਼ੀਓਥੈਰੇਪੀ ਇਕ ਅਜਿਹੀ ਆਧੁਨਿਕ ਚਿਕਿਤਸਾ ਪ੍ਰਣਾਲੀ ਹੈ। ਜਿਸ ’ਚ ਬਿਨਾਂ ਦਵਾਈਆਂ ਜਾਂ ਸਰਜਰੀ ਦੇ ਸਰੀਰ ਦੀਆਂ ਮਾਸਪੇਸ਼ੀਆਂ, ਜੋੜਾਂ ਤੇ ਨਾੜਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ’ਚ ਕਸਰਤ, ਇਲੈਕਟ੍ਰੋਥੈਰੇਪੀ ਮਸ਼ੀਨਾਂ, ਮਸਾਜ ਤੇ ਹੀਟ ਜਾਂ ਕੋਲਡ ਥੈਰੇਪੀ ਰਾਹੀਂ ਦਰਦ ਤੇ ਅਕੜਾਅ ਨੂੰ ਦੂਰ ਕੀਤਾ ਜਾਂਦਾ ਹੈ।
ਮਾਹਿਰਾਂ ਅਨੁਸਾਰ ਕਮਰ ਦਰਦ, ਗਰਦਨ ਦਰਦ, ਗੋਡਿਆਂ ਤੇ ਮੋਢਿਆਂ ਦੇ ਦਰਦ, ਮਾਸਪੇਸ਼ੀਆਂ ’ਚ ਖਿੱਚ, ਲਕਵਾ ਤੇ ਸਪੋਰਟਸ ਇੰਜਰੀ (ਖੇਡਾਂ ਦੌਰਾਨ ਲੱਗੀ ਸੱਟ) ਵਰਗੀਆਂ ਸਮੱਸਿਆਵਾਂ ’ਚ ਫਿਜ਼ੀਓਥੈਰੇਪੀ ਕਾਫੀ ਪ੍ਰਭਾਵਸ਼ਾਲੀ ਸਾਬਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਲਗਾਤਾਰ ਦਰਦ, ਸਰੀਰ ’ਚ ਅਕੜਾਅ, ਹੱਥਾਂ-ਪੈਰਾਂ ’ਚ ਝਣਝਣਾਹਟ ਜਾਂ ਸੁੰਨ ਹੋਣਾ, ਚੱਲਣ-ਫਿਰਨ ’ਚ ਪਰੇਸ਼ਾਨੀ ਵਰਗੇ ਲੱਛਣ ਮਹਿਸੂਸ ਹੋਣ ਤਾਂ ਉਸ ਨੂੰ ਫਿਜ਼ੀਓਥੈਰੇਪੀ ਦੀ ਲੋੜ ਹੋ ਸਕਦੀ ਹੈ। ਉੱਥੇ ਹੀ ਤੇਜ਼ ਦਰਦ ਦਾ ਲਗਾਤਾਰ ਬਣੇ ਰਹਿਣਾ, ਅਚਾਨਕ ਕਮਜ਼ੋਰੀ ਆਉਣੀ, ਸੰਤੁਲਨ ਵਿਗੜਨਾ ਜਾਂ ਸਰੀਰ ਦੇ ਕਿਸੇ ਹਿੱਸੇ ’ਚ ਲਕਵੇ ਵਰਗਾ ਅਹਿਸਾਸ ਹੋਣਾ ਗੰਭੀਰ ਲੱਛਣ ਹੋ ਸਕਦੇ ਹਨ। ਜਿਨ੍ਹਾਂ `ਤੇ ਤੁਰੰਤ ਡਾਕਟਰੀ ਜਾਂਚ ਜ਼ਰੂਰੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਮਰੀਜ਼ਾਂ ਨੂੰ ਨਿਯਮਤ ਰੂਪ ’ਚ ਥੈਰੇਪੀ ਸੈਸ਼ਨ ਲੈਣੇ ਚਾਹੀਦੇ ਹਨ ਤੇ ਡਾਕਟਰ ਵਲੋਂ ਦੱਸੀ ਕਸਰਤ ਘਰ ’ਚ ਵੀ ਜਾਰੀ ਰੱਖਣੀ ਚਾਹੀਦੀ ਹੈ। ਇਲਾਜ ਨੂੰ ਵਿਚਾਲੇ ਛੱਡਣਾ ਜਾਂ ਗਲਤ ਤਰੀਕੇ ਨਾਲ ਭਾਰੀ ਕੰਮ ਕਰਨਾ ਸਮੱਸਿਆ ਨੂੰ ਵਧਾ ਸਕਦਾ ਹੈ। ਇਸ ਮੁਫ਼ਤ ਕੈਂਪ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਸਰੀਰ ’ਚ ਹੋਣ ਵਾਲੇ ਦਰਦ ਨੂੰ ਨਜ਼ਰਅੰਦਾਜ਼ ਨਾ ਕਰਨ ਤੇ ਸਮੇਂ ਸਿਰ ਸਹੀ ਇਲਾਜ ਕਰਵਾ ਕੇ ਤੰਦਰੁਸਤ ਜੀਵਨ ਵੱਲ ਕਦਮ ਵਧਾਉਣ। ਸਮੂਹ ਸ਼ਹਿਰ ਨਿਵਾਸੀ ਇਸ ਮੁਫਤ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।
