ਪਨਸਪ ਗੈਸ ਸਰਵਿਸ ਬਰਨਾਲਾ ਦੀ ਹੋਮ ਡਿਲੀਵਰੀ ਦੇ ਨਾਂ ‘ਤੇ ਵਾਧੂ ਵਸੂਲੀ ਦਾ ਪਰਦਾਫਾਸ਼: ਜਾਗਰੂਕ ਖਪਤਕਾਰਾਂ ਦੇ ਵਿਰੋਧ ਮਗਰੋਂ ਏਜੰਸੀ ਨੇ ਬਦਲੀਆਂ ਪਰਚੀਆਂ

ਡਿਜੀਟਲ ਧੋਖਾਧੜੀ: ਸਿਲੰਡਰ ਮਿਿਲਆ ਨਹੀਂ, ਪਰ ਮੋਬਾਈਲ ‘ਤੇ ਆ ਰਹੇ ਨੇ ‘ਡਿਲੀਵਰਡ’ ਦੇ ਮੈਸੇਜ, ਲੋਕਾਂ ‘ਚ ਭਾਰੀ ਰੋਸ
ਕੀਮਤਾਂ ਦਾ ਖੇਡ: 33 ਰੁਪਏ ਪ੍ਰਤੀ ਸਿਲੰਡਰ ਦੀ ਸ਼ਰੇਆਮ ਲੁੱਟ
ਬਰਨਾਲਾ, 31 ਮਾਰਚ (ਰਾਕੇਸ਼ ਜੇਠੀ): ਜ਼ਿਲ੍ਹਾ ਬਰਨਾਲਾ ’ਚ ਗੈਸ ਸਿਲੰਡਰਾਂ ਦੀ ਕਿੱਲਤ ਕਾਰਨ ਜਿਥੇ ਆਮ ਜਨਤਾ ਪਹਿਲਾਂ ਹੀ ਮਾਨਸਿਕ ਤੇ ਆਰਥਿਕ ਪ੍ਰੇਸ਼ਾਨੀ ਦੇ ਦੌਰ ’ਚੋਂ ਗੁਜ਼ਰ ਰਹੀ ਹੈ। ਉਥੇ ਹੁਣ ਗੈਸ ਏਜੰਸੀਆਂ ਵਲੋਂ ਖਪਤਕਾਰਾਂ ਦੀ ਲੁੱਟ ਕਰਨ ਦੇ ਸਨਸਨੀਖੇਜ਼ ਮਾਮਲੇ ਸਾਹਮਣੇ ਆਏ ਹਨ। ਅੱਜ ਅਨਾਜ ਮੰਡੀ ਬਰਨਾਲਾ ਵਿਖੇ ਇਕੱਠੇ ਹੋਏ ਖਪਤਕਾਰਾਂ ਨੇ ‘ਪਨਸਪ ਗੈਸ ਸਰਵਿਸ’ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਏਜੰਸੀ ਵਲੋਂ ਕੀਤੇ ਜਾ ਰਹੇ ਕਥਿਤ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਖਪਤਕਾਰ ਹਰਜੀਤ ਸਿੰਘ, ਸੋਹਨ ਲਾਲ, ਮਹਾ ਸਿੰਘ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਖ਼ੁਦ ਸਿਲੰਡਰ ਲੈਣ ਲਈ ਏਜੰਸੀ ਦੇ ਗੋਦਾਮ ਪਹੁੰਚੇ ਤਾਂ ਉਨ੍ਹਾਂ ਨੂੰ 934 ਰੁਪਏ ਦੀ ਰਸੀਦ ਕੱਟ ਕੇ ਦਿੱਤੀ ਗਈ। ਜ਼ਿਕਰਯੋਗ ਹੈ ਕਿ 934 ਰੁਪਏ ਉਹ ਕੀਮਤ ਹੈ। ਜਿਸ ’ਚ ਹੋਮ ਡਿਲੀਵਰੀ ਚਾਰਜ ਸ਼ਾਮਲ ਹੁੰਦੇ ਹਨ। ਨਿਯਮਾਂ ਅਨੁਸਾਰ ਜੇਕਰ ਕੋਈ ਖਪਤਕਾਰ ਏਜੰਸੀ ਤੋਂ ਖ਼ੁਦ ਸਿਲੰਡਰ ਚੁੱਕਦਾ ਹੈ ਤਾਂ ਉਸ ਨੂੰ ਡਿਲੀਵਰੀ ਚਾਰਜ ਨਹੀਂ ਦੇਣੇ ਪੈਂਦੇ ਅਤੇ ਸਿਲੰਡਰ ਦੀ ਕੀਮਤ 901 ਰੁਪਏ ਬਣਦੀ ਹੈ। ਏਜੰਸੀ ਵਲੋਂ ਖ਼ੁਦ ਸਿਲੰਡਰ ਲੈਣ ਆਏ ਲੋਕਾਂ ਤੋਂ ਵੀ ਹੋਮ ਡਿਲੀਵਰੀ ਦੇ ਪੈਸੇ ਵਸੂਲਣਾ ਸਿੱਧੇ ਤੌਰ ‘ਤੇ ਹਜ਼ਾਰਾਂ ਰੁਪਏ ਦੇ ਘੁਟਾਲੇ ਵੱਲ ਇਸ਼ਾਰਾ ਕਰਦਾ ਹੈ।
—ਵਿਰੋਧ ਮਗਰੋਂ ਗਲਤੀ ਕਬੂਲੀ, ਪਰਚੀਆਂ ਕੀਤੀਆਂ ਤਬਦੀਲ
ਪੀੜਤ ਖਪਤਕਾਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਕੀਮਤ ਦੇ ਅੰਤਰ ਬਾਰੇ ਸਖ਼ਤ ਇਤਰਾਜ਼ ਜਤਾਇਆ ਤੇ ਕਰਮਚਾਰੀਆਂ ਨਾਲ ਬਹਿਸ ਕੀਤੀ ਤਾਂ ਏਜੰਸੀ ਨੇ ਆਪਣੀ ਚੋਰੀ ਫੜੀ ਜਾਂਦੀ ਦੇਖ ਤੁਰੰਤ 934 ਰੁਪਏ ਵਾਲੀਆਂ ਪਰਚੀਆਂ ਵਾਪਸ ਲੈ ਲਈਆਂ ਤੇ 901 ਰੁਪਏ ਵਾਲੀਆਂ ਨਵੀਆਂ ਪਰਚੀਆਂ ਜਾਰੀ ਕਰ ਦਿੱਤੀਆਂ। ਖਪਤਕਾਰਾਂ ਨੇ ਸਵਾਲ ਉਠਾਇਆ ਕਿ ਜਿਹੜੇ ਲੋਕ ਜਾਗਰੂਕ ਨਹੀਂ ਹਨ। ਉਨ੍ਹਾਂ ਨੂੰ ਇਸੇ ਤਰ੍ਹਾਂ 33 ਰੁਪਏ ਵਾਧੂ ਵਸੂਲ ਕੇ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਪਤਾ ਨਹੀਂ ਪਹਿਲਾਂ ਵੀ ਕਿੰਨੇ ਅਣਜਾਣ ਵਿਅਕਤੀਆਂ ਦੀ ਜੇਬ ‘ਤੇ ਇਸੇ ਤਰ੍ਹਾਂ ਡਾਕਾ ਮਾਰਿਆ ਗਿਆ ਹੋਵੇਗਾ।
—ਬਿਨਾਂ ਡਿਲੀਵਰੀ ਮੈਸੇਜ ਆਉਣ ਨਾਲ ਖਪਤਕਾਰ ਪ੍ਰੇਸ਼ਾਨ
ਲ਼ੁੱਟ ਦੇ ਨਾਲ-ਨਾਲ ਡਿਲੀਵਰੀ ਸਿਸਟਮ ’ਚ ਵੀ ਵੱਡੀ ਗੜਬੜੀ ਸਾਹਮਣੇ ਆਈ ਹੈ। ਕਈ ਖਪਤਕਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਲੰਡਰ ਪ੍ਰਾਪਤ ਨਹੀਂ ਹੋਇਆ। ਪਰ ਉਨ੍ਹਾਂ ਦੇ ਮੋਬਾਈਲ ਫ਼ੋਨਾਂ ‘ਤੇ ‘ਸਿਲੰਡਰ ਸਫ਼ਲਤਾਪੂਰਵਕ ਡਿਲੀਵਰ ਹੋਣ’ ਦੇ ਮੈਸੇਜ ਆ ਚੁੱਕੇ ਹਨ। ਇਹ ਡਿਜੀਟਲ ਧੋਖਾਧੜੀ ਦਾ ਇਕ ਅਜਿਹਾ ਮਾਮਲਾ ਹੈ। ਜਿਸ ’ਚ ਕਾਗਜ਼ਾਂ ’ਚ ਏਜੰਸੀ ਆਪਣਾ ਕੋਟਾ ਪੂਰਾ ਦਿਖਾ ਰਹੀ ਹੈ। ਜਦਕਿ ਲੋਕ ਖਾਲੀ ਸਿਲੰਡਰ ਲੈ ਕੇ ਏਜੰਸੀਆਂ ਦੇ ਚੱਕਰ ਕੱਟਣ ਲਈ ਮਜਬੂਰ ਹਨ। ਰੋਸ ’ਚ ਆਏ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਖ਼ੁਰਾਕ ਤੇ ਸਪਲਾਈ ਵਿਭਾਗ ਤੁਰੰਤ ਇਨ੍ਹਾਂ ਏਜੰਸੀਆਂ ਦੇ ਰਿਕਾਰਡ ਦੀ ਇਮਾਨਦਾਰੀ ਪੜਤਾਲ ਕਰੇ। ਹੋਮ ਡਿਲੀਵਰੀ ਤੇ ਏਜੰਸੀ ਰੇਟ ਦੇ ਅੰਤਰ ਦਾ ਜਾਣਕਾਰੀ ਬੋਰਡ ਏਜੰਸੀ ਦੇ ਬਾਹਰ ਲਗਾਇਆ ਜਾਵੇ। ਜਿਨ੍ਹਾਂ ਲੋਕਾਂ ਨੂੰ ਸਿਲੰਡਰ ਨਹੀਂ ਮਿਲੇ। ਪਰ ਮੈਸੇਜ ਆ ਗਏ ਹਨ। ਉਨ੍ਹਾਂ ਦੀ ਤੁਰੰਤ ਸੁਣਵਾਈ ਹੋਵੇ। ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਹੀ ਇਨ੍ਹਾਂ ਏਜੰਸੀਆਂ ਦੀ ਮਨਮਾਨੀ ਨੂੰ ਨਾ ਰੋਕਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਮਹਿੰਗਾਈ ਦੇ ਇਸ ਦੌਰ ’ਚ 33 ਰੁਪਏ ਪ੍ਰਤੀ ਸਿਲੰਡਰ ਦੀ ਇਹ ਲੁੱਟ ਆਮ ਆਦਮੀ ਦੇ ਬਜਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ।
—ਏਜੰਸੀ ਪ੍ਰਬੰਧਕਾਂ ਦੀ ਕਾਰਗੁਜ਼ਾਰੀ ‘ਤੇ ਉੱਠੇ ਸਵਾਲ
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਬਲਕਿ ਏਜੰਸੀਆਂ ਵਲੋਂ ਅਕਸਰ ਹੀ ਸਪਲਾਈ ’ਚ ਦੇਰੀ ਤੇ ਰੇਟਾਂ ਦੀ ਹੇਰਾਫੇਰੀ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ। ਖਪਤਕਾਰਾਂ ਨੇ ਦੋਸ਼ ਲਾਇਆ ਕਿ ਜਦੋਂ ਵੀ ਉਹ ਆਪਣੀ ਜਾਇਜ਼ ਮੰਗ ਜਾਂ ਰੇਟ ਸਬੰਧੀ ਗੱਲ ਕਰਦੇ ਹਨ ਤਾਂ ਅੱਗੋਂ ਕਰਮਚਾਰੀਆਂ ਦਾ ਵਤੀਰਾ ਬੇਹੱਕਾ ਤੇ ਰੁੱਖਾ ਹੁੰਦਾ ਹੈ। ਏਜੰਸੀ ਦੇ ਅੰਦਰ ਹੋਮ ਡਿਲੀਵਰੀ ਤੇ ਗੋਦਾਮ ਰੇਟ ਦੀਆਂ ਸੂਚੀਆਂ ਨਾ ਲੱਗੀਆਂ ਹੋਣਾ ਸਿੱਧੇ ਤੌਰ ‘ਤੇ ਲੁੱਟ ਵੱਲ ਇਸ਼ਾਰਾ ਕਰਦਾ ਹੈ। ਲੋਕਾਂ ਅਨੁਸਾਰ ਅਜਿਹੀ ਲੁੱਟ ਉਦੋਂ ਤਕ ਸੰਭਵ ਨਹੀਂ ਹੁੰਦੀ। ਜਦੋਂ ਤਕ ਉੱਚ ਅਧਿਕਾਰੀਆਂ ਦੀ ਚੁੱਪ ਜਾਂ ਕਥਿਤ ਮਿਲੀਭੁਗਤ ਨਾ ਹੋਵੇ।
—ਲੁੱਟ ਕਰਨ ਵਾਲੀਆਂ ਏਜੰਸੀਆਂ ਦੇ ਲਾਇਸੰਸ ਹੋਣ ਰੱਦ
ਖਪਤਕਾਰਾਂ ਨੇ ਰੋਸ ਭਰੇ ਲਹਿਜੇ ’ਚ ਕਿਹਾ ਕਿ ਡਿਜੀਟਲ ਇੰਡੀਆ ਦੇ ਦੌਰ ’ਚ ਜੇਕਰ ਬਿਨਾਂ ਸਿਲੰਡਰ ਦਿੱਤੇ ਹੀ ‘ਡਿਲੀਵਰੀ’ ਦੇ ਮੈਸੇਜ ਆ ਰਹੇ ਹਨ ਤਾਂ ਇਹ ਕਿਸੇ ਵੱਡੇ ਤਕਨੀਕੀ ਘੁਟਾਲੇ ਜਾਂ ਧੋਖਾਧੜੀ ਵੱਲ ਇਸ਼ਾਰਾ ਹੈ। ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਮੰਗ ਕੀਤੀ ਹੈ ਕਿ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ‘ਤੇ ਡਾਕਾ ਮਾਰਨ ਵਾਲੀਆਂ ਅਜਿਹੀਆਂ ਏਜੰਸੀਆਂ ਦੇ ਲਾਇਸੰਸ ਤੁਰੰਤ ਰੱਦ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਭਵਿੱਖ ’ਚ ਕੋਈ ਹੋਰ ਅਜਿਹੀ ਹਿੰਮਤ ਨਾ ਕਰ ਸਕੇ।
