ਬਰਨਾਲਾ ‘ਚ ਗੁੰਡਾਗਰਦੀ ਦਾ ਨੰਗਾ ਨਾਚ: ਬੱਸ ਸਟੈਂਡ ਨੇੜੇ ਸੈਲੂਨ ‘ਚ ਵੜ ਕੇ ਦੁਕਾਨਦਾਰ ‘ਤੇ ਜਾਨਲੇਵਾ ਹਮਲਾ, ਇਲਾਕੇ ‘ਚ ਦਹਿਸ਼ਤ

IMG-20260326-WA0006.jpg

ਸੀਸੀਟੀਵੀ ’ਚ ਕੈਦ ਹੋਈ ਦਹਿਸ਼ਤ ਦੀ ਘਟਨਾਂ: ਗਲਤ ਪਛਾਣ ਕਾਰਨ ਬੇਗੁਨਾਹ ਬਣਿਆ ਨਿਸ਼ਾਨਾ?

ਬਰਨਾਲਾ, 26 ਮਾਰਚ (ਰਾਕੇਸ਼ ਜੇਠੀ): ਬਰਨਾਲਾ ਦੇ ਸਭ ਤੋਂ ਰੁਝੇਵਿਆਂ ਭਰੇ ਇਲਾਕੇ ਬੱਸ ਸਟੈਂਡ ਦੇ ਨਜ਼ਦੀਕ ਵੀਰਵਾਰ ਨੂੰ ਦਿਨ-ਦਿਹਾੜੇ ਗੁੰਡਾਗਰਦੀ ਦਾ ਇਕ ਅਜਿਹਾ ਨੰਗਾ ਨਾਚ ਦੇਖਣ ਨੂੰ ਮਿਿਲਆ। ਜਿਸ ਨੇ ਸ਼ਹਿਰ ਦੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕੁਝ ਅਣਪਛਾਤੇ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਤੇ ਨੰਗੀਆਂ ਕਿਰਪਾਨਾਂ ਨਾਲ ਇਕ ਸੈਲੂਨ ਦੀ ਦੁਕਾਨ ‘ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਨੇ ਨਾ ਸਿਰਫ਼ ਦੁਕਾਨ ’ਚ ਭੰਨ-ਤੋੜ ਕੀਤੀ। ਸਗੋਂ ਉੱਥੇ ਮੌਜੂਦ ਵਿਅਕਤੀ ‘ਤੇ ਬੇਰਹਿਮੀ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਪੀੜਤ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ ਹੈ। ਇਹ ਸਾਰੀ ਵਾਰਦਾਤ ਮਾਰਕੀਟ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਫੁਟੇਜ ’ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਹਮਲਾਵਰ ਹੱਥਾਂ ’ਚ ਨੰਗੀਆਂ ਤਲਵਾਰਾਂ ਲਹਿਰਾਉਂਦੇ ਹੋਏ ਦੁਕਾਨ ’ਚ ਦਾਖਲ ਹੁੰਦੇ ਹਨ। ਮੌਕੇ ‘ਤੇ ਮੌਜੂਦ ਲੋਕਾਂ ’ਚ ਇੰਨੀ ਦਹਿਸ਼ਤ ਸੀ ਕਿ ਕੋਈ ਵੀ ਉਨ੍ਹਾਂ ਨੂੰ ਰੋਕਣ ਦੀ ਹਿੰਮਤ ਨਹੀਂ ਕਰ ਸਕਿਆ। ਹਮਲਾਵਰਾਂ ਨੇ ਪਲਾਂ ’ਚ ਹੀ ਦੁਕਾਨ ਦਾ ਸਾਮਾਨ ਤੋੜ ਦਿੱਤਾ ਤੇ ਮਾਲਕ ‘ਤੇ ਲਗਾਤਾਰ ਵਾਰ ਕੀਤੇ। ਜਿਸ ਨਾਲ ਪੂਰੇ ਇਲਾਕੇ ’ਚ ਸਹਿਮ ਦਾ ਮਾਹੌਲ ਬਣ ਗਿਆ। ਹਸਪਤਾਲ ’ਚ ਜ਼ੇਰੇ ਇਲਾਜ ਦੁਕਾਨਦਾਰ ਗੋਰਾ ਸਿੰਘ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਤੇ ਉਹ ਹਮਲਾਵਰਾਂ ਨੂੰ ਜਾਣਦਾ ਤਕ ਨਹੀਂ। ਹਾਲਾਂਕਿ ਇਸ ਘਟਨਾ ਪਿੱਛੇ ਇਕ ਹੈਰਾਨੀਜਨਕ ਪਹਿਲੂ ਸਾਹਮਣੇ ਆਇਆ ਹੈ। ਗੁਆਂਢੀ ਸੈਲੂਨ ਦੇ ਮਾਲਕ ਲਵੀ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਸੈਲੂਨ ਦੀ ਇਕ ਲੜਕੀ ਤੇ ਕੁਝ ਨੌਜਵਾਨਾਂ ਵਿਚਕਾਰ ਮਾਮੂਲੀ ਤਕਰਾਰ ਹੋਈ ਸੀ। ਲਵੀ ਮੁਤਾਬਕ ਹਮਲਾਵਰ ਸ਼ਾਇਦ ਉਸ ਦੀ ਦੁਕਾਨ ‘ਤੇ ਹਮਲਾ ਕਰਨ ਆਏ ਸਨ। ਪਰ ਉਸ ਦੀ ਦੁਕਾਨ ਬੰਦ ਹੋਣ ਕਾਰਨ ਉਨ੍ਹਾਂ ਨੇ ਗ਼ਲਤੀ ਨਾਲ ਗੋਰਾ ਸਿੰਘ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਲਿਆ ਤੇ ਉਸ ‘ਤੇ ਜਾਨਲੇਵਾ ਹਮਲਾ ਕਰ ਦਿੱਤਾ।
—ਜਲਦ ਹੀ ਪੁਲਿਸ ਦੀ ਗ੍ਰਿਫਤ ’ਚ ਹੋਣਗੇ ਮੁਲਜ਼ਮ: ਡੀਐੱਸਪੀ
ਘਟਨਾ ਸਬੰਧੀ ਉੱਪ ਕਪਤਾਨ ਪੁਲਿਸ ਬਰਨਾਲਾ ਸਤਬੀਰ ਸਿੰਘ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮਾਰਕੀਟ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਜਿਸ ਦੇ ਆਧਾਰ ‘ਤੇ ਹਮਲਾਵਰਾਂ ਦੇ ਚਿਹਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਡੀਐੱਸਪੀ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲੇ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
—ਲੋਕਾਂ ਤੇ ਦੁਕਾਨਦਾਰਾਂ ’ਚ ਰੋਸ ਦੀ ਲਹਿਰ
ਇਸ ਵਾਰਦਾਤ ਤੋਂ ਬਾਅਦ ਬਰਨਾਲਾ ਦੇ ਬੱਸ ਸਟੈਂਡ ਇਲਾਕੇ ਤੇ ਮਾਰਕੀਟ ਦੇ ਦੁਕਾਨਦਾਰਾਂ ’ਚ ਭਾਰੀ ਰੋਸ ਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਦਿਨ-ਦਿਹਾੜੇ ਭੀੜ ਵਾਲੇ ਇਲਾਕੇ ’ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਹੋਣਾ ਕਾਨੂੰਨ ਦਾ ਖ਼ੌਫ਼ ਖ਼ਤਮ ਹੋਣ ਦਾ ਸਬੂਤ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਕਾਰਨ ਹੁਣ ਦੁਕਾਨਦਾਰ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਬਾਜ਼ਾਰਾਂ ’ਚ ਪੁਲਿਸ ਦੀ ਗਸ਼ਤ ਵਧਾਈ ਜਾਵੇ।

About The Author