ਭਦੌੜ: ਗੈਸ ਏਜੰਸੀਆਂ ਬਾਹਰ ਲੱਗੀਆਂ ਖਪਤਕਾਰਾਂ ਦੀਆਂ ਲੰਬੀਆਂ ਕਤਾਰਾਂ; ਕੰਪਨੀਆਂ ਦੇ ਨਾਦਰਸ਼ਾਹੀ ਫੁਰਮਾਨਾਂ ਨੇ ਲੋਕ ਕੀਤੇ ਪ੍ਰੇਸ਼ਾਨ

ਓਟੀਪੀ ਤੇ 45 ਦਿਨਾਂ ਦੀ ਸ਼ਰਤ ਨੇ ਉਲਝਾਇਆ ਤਾਣਾ-ਬਾਣਾ: ਅਨਪੜ੍ਹਤਾ ਤੇ ਤਕਨੀਕੀ ਦਿੱਕਤਾਂ ਬਣੀਆਂ ਵੱਡੀ ਰੁਕਾਵਟ
ਭਦੌੜ, 26 ਮਾਰਚ (ਰਾਕੇਸ਼ ਜੇਠੀ): ਐੱਲਪੀਜੀ ਗੈਸ ਦੇ ਲਗਾਤਾਰ ਵਧਦੇ ਜਾ ਰਹੇ ਸੰਕਟ ਨੇ ਆਮ ਜਨਤਾ ਦੀ ਚਿੰਤਾ ਵਧਾ ਦਿੱਤੀ ਹੈ। ਭਦੌੜ ਦੀ ਗੈਸ ਏਜੰਸੀ ਦੇ ਬਾਹਰ ਅੱਜ ਸਵੇਰ ਤੋਂ ਹੀ ਖਪਤਕਾਰਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਹੈਰਾਨੀ ਦੀ ਗੱਲ ਇਹ ਹੈ ਕਿ ਏਜੰਸੀ ਕੋਲ ਗੈਸ ਦਾ ਸਟਾਕ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਘੰਟਿਆਂਬੱਧੀ ਕਤਾਰਾਂ ’ਚ ਖੜ੍ਹਨਾ ਪੈ ਰਿਹਾ ਹੈ। ਇਸ ਖ਼ੁਆਰੀ ਦਾ ਮੁੱਖ ਕਾਰਨ ਗੈਸ ਕੰਪਨੀਆਂ ਵਲੋਂ ਜਾਰੀ ਕੀਤੇ ਗਏ ਨਵੇਂ ਤੇ ਸਖ਼ਤ ਨਿਯਮ ਦੱਸੇ ਜਾ ਰਹੇ ਹਨ। ਜਿਨ੍ਹਾਂ ਨੇ ਆਮ ਖਪਤਕਾਰਾਂ ਖਾਸ ਕਰਕੇ ਪੇਂਡੂ ਖੇਤਰ ਦੇ ਲੋਕਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਗੈਸ ਕੰਪਨੀਆਂ ਦੇ ਨਵੇਂ ਫੁਰਮਾਨ ਮੁਤਾਬਕ ਹੁਣ ਹਰ ਖਪਤਕਾਰ ਲਈ ਗੈਸ ਬੁਕਿੰਗ ਕਰਵਾਉਣੀ ਲਾਜ਼ਮੀ ਹੈ ਤੇ ਬਿਨਾਂ ਓਟੀਪੀ ਵੈਰੀਫਿਕੇਸ਼ਨ ਦੇ ਸਿਲੰਡਰ ਦੀ ਸਪਲਾਈ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਵੀ ਵੱਡੀ ਮੁਸ਼ਕਿਲ ਏਜੰਸੀਆਂ ਵਲੋਂ ਦੂਜਾ ਸਿਲੰਡਰ 45 ਦਿਨਾਂ ਬਾਅਦ ਦੇਣ ਦੇ ਐਲਾਨ ਨੇ ਖੜ੍ਹੀ ਕੀਤੀ ਹੈ। ਆਮ ਤੌਰ ‘ਤੇ ਇਕ ਮੱਧਵਰਗੀ ਪਰਿਵਾਰ ’ਚ ਸਿਲੰਡਰ 20 ਤੋਂ 25 ਦਿਨਾਂ ’ਚ ਖ਼ਤਮ ਹੋ ਜਾਂਦਾ ਹੈ। ਅਜਿਹੇ ’ਚ 45 ਦਿਨਾਂ ਦੀ ਲੰਬੀ ਉਡੀਕ ਨੇ ਲੋਕਾਂ ਦੇ ਚੁੱਲ੍ਹੇ ਠੰਢੇ ਹੋਣ ਦਾ ਡਰ ਪੈਦਾ ਕਰ ਦਿੱਤਾ ਹੈ। ਹਰਿਆਵਲ ਲਹਿਰ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵੀ ਜਗਸੀਰ ਸਿੰਘ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਲਾਈਨਾਂ ਲੱਗਣ ਦਾ ਇਕ ਵੱਡਾ ਕਾਰਨ ਤਕਨੀਕੀ ਅਨਪੜ੍ਹਤਾ ਹੈ। ਉਨ੍ਹਾਂ ਦੱਸਿਆ ਕਿ ਲਗਭਗ 40 ਫੀਸਦੀ ਖਪਤਕਾਰ ਅਜਿਹੇ ਹਨ। ਜੋ ਬਿਲਕੁਲ ਅਨਪੜ੍ਹ ਹਨ ਤੇ ਉਨ੍ਹਾਂ ਨੂੰ ਮੋਬਾਈਲ ‘ਤੇ ਆਉਣ ਵਾਲੇ ਓਟੀਪੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕਈ ਮਾਮਲਿਆਂ ’ਚ ਕਨੈਕਸ਼ਨ ਨਾਲ ਜੁੜਿਆ ਮੋਬਾਈਲ ਨੰਬਰ ਬੱਚਿਆਂ ਕੋਲ ਹੁੰਦਾ ਹੈ ਜਾਂ ਬੰਦ ਹੋ ਚੁੱਕਾ ਹੁੰਦਾ ਹੈ। ਜਿਸ ਕਾਰਨ ਕਾਊਂਟਰ ‘ਤੇ ਵੈਰੀਫਿਕੇਸ਼ਨ ਦੌਰਾਨ ਕਾਫੀ ਸਮਾਂ ਬਰਬਾਦ ਹੁੰਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਭੀੜ ਨੂੰ ਘਟਾਉਣ ਲਈ ਬੁਕਿੰਗ ਕਾਊਂਟਰਾਂ ਦੀ ਗਿਣਤੀ ਤੁਰੰਤ ਵਧਾਈ ਜਾਣੀ ਚਾਹੀਦੀ ਹੈ।
—ਸਾਡੀ ਏਜੰਸੀ ਕੋਲ ਗੈਸ ਦੀ ਕੋਈ ਕਮੀ ਨਹੀਂ: ਪ੍ਰਬੰਧਕ
ਜਦੋਂ ਇਸ ਸਬੰਧੀ ਗੈਸ ਏਜੰਸੀ ਦੇ ਪ੍ਰਬੰਧਕ ਬਲਵਿੰਦਰਪਾਲ ਸਿੰਘ ਨੇ ਕਿਹਾ ਕਿ ਏਜੰਸੀ ਕੋਲ ਗੈਸ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਸਾਨੂੰ ਕੰਪਨੀਆਂ ਵਲੋਂ ਲਾਗੂ ਕੀਤੀਆਂ ਸ਼ਰਤਾਂ ਦੀ ਪਾਲਣਾ ਕਰਨੀ ਪੈਂਦੀ ਹੈ। ਪਹਿਲਾਂ ਸਿਲੰਡਰ ਦੇਣਾ ਸੌਖਾ ਸੀ। ਪਰ ਹੁਣ ਓਟੀਪੀ ਸਿਸਟਮ ਨੇ ਪ੍ਰਕਿਿਰਆ ਨੂੰ ਲੰਬਾ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸੰਕਟ ਸਿਰਫ਼ ਭਦੌੜ ਤਕ ਸੀਮਤ ਨਹੀਂ ਹੈ। ਸਗੋਂ ਪੂਰੇ ਭਾਰਤ ’ਚ ਇਹੀ ਹਾਲ ਚੱਲ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਗੈਸ ਕੰਪਨੀਆਂ ਨੂੰ ਖਪਤਕਾਰਾਂ ਦੀ ਸਹੂਲਤ ਲਈ ਇਸ ਸਮੱਸਿਆ ਦਾ ਕੋਈ ਸਥਾਈ ਤੇ ਸਰਲ ਹੱਲ ਕੱਢਣਾ ਚਾਹੀਦਾ ਹੈ।
—ਆਮ ਜਨਤਾ ਦੀਆਂ ਵਧਦੀਆਂ ਮੁਸ਼ਕਿਲਾਂ ਤੇ ਆਰਥਿਕ ਬੋਝ
ਇਸ ਸੰਕਟ ਨੇ ਨਾ ਸਿਰਫ਼ ਲੋਕਾਂ ਦਾ ਸਮਾਂ ਬਰਬਾਦ ਕੀਤਾ ਹੈ। ਸਗੋਂ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਦਿਹਾੜੀਦਾਰ ਮਜ਼ਦੂਰ ਤੇ ਨੌਕਰੀਪੇਸ਼ਾ ਲੋਕ ਆਪਣਾ ਕੰਮਕਾਰ ਛੱਡ ਕੇ ਸਵੇਰੇ ਤੜਕਸਾਰ ਹੀ ਗੈਸ ਏਜੰਸੀਆਂ ਦੇ ਬਾਹਰ ਡੇਰੇ ਲਾ ਲੈਂਦੇ ਹਨ ਤਾਂ ਜੋ ਸ਼ਾਮ ਤਕ ਉਨ੍ਹਾਂ ਦੇ ਘਰ ਦਾ ਚੁੱਲ੍ਹਾ ਬਲ ਸਕੇ। 45 ਦਿਨਾਂ ਬਾਅਦ ਸਿਲੰਡਰ ਮਿਲਣ ਦੀ ਸ਼ਰਤ ਨੇ ਉਨ੍ਹਾਂ ਪਰਿਵਾਰਾਂ ਦੀ ਕਮਰ ਤੋੜ ਦਿੱਤੀ ਹੈ। ਜਿਨ੍ਹਾਂ ਦੇ ਜੀਅ ਜ਼ਿਆਦਾ ਹਨ। ਅਜਿਹੇ ਹਾਲਾਤ ’ਚ ਲੋਕਾਂ ਨੂੰ ਮਜਬੂਰਨ ਬਲੈਕ ’ਚ ਮਹਿੰਗੇ ਭਾਅ ਗੈਸ ਖਰੀਦਣੀ ਪੈ ਰਹੀ ਹੈ ਜਾਂ ਫਿਰ ਮੁੜ ਪੁਰਾਣੇ ਵੇਲਿਆਂ ਵਾਂਗ ਲੱਕੜਾਂ ਤੇ ਪਾਥੀਆਂ ਦੇ ਧੂੰਏਂ ’ਚ ਰੋਟੀ ਪਕਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
—ਪ੍ਰਸ਼ਾਸਨਿਕ ਦਖ਼ਲ ਦੀ ਮੰਗ ਤੇ ਸੰਭਾਵਿਤ ਰੋਸ
ਭਦੌੜ ਦੇ ਵਸਨੀਕਾਂ ਤੇ ਵੱਖ-ਵੱਖ ਜਥੇਬੰਦੀਆਂ ਨੇ ਦਾ ਕਹਿਣਾ ਹੈ ਕਿ ਡਿਜੀਟਲ ਇੰਡੀਆ ਦੇ ਨਾਂ ‘ਤੇ ਅਨਪੜ੍ਹ ਤੇ ਗਰੀਬ ਲੋਕਾਂ ਨੂੰ ਖ਼ੁਆਰ ਕਰਨਾ ਕਿਥੋਂ ਦਾ ਇਨਸਾਫ਼ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਖ਼ੁਰਾਕ ਸਪਲਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ’ਚ ਤੁਰੰਤ ਦਖ਼ਲ ਦਿੱਤਾ ਜਾਵੇ ਤੇ ਗੈਸ ਦੀ ਵੰਡ ਪ੍ਰਣਾਲੀ ਨੂੰ ਸਰਲ ਬਣਾਇਆ ਜਾਵੇ ਤਾਂ ਜੋ ਆਮ ਆਦਮੀ ਨੂੰ ਇਸ ਮਾਨਸਿਕ ਤੇ ਸਰੀਰਕ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ।
