ਬਰਨਾਲਾ ‘ਚ ਹੋਇਆ ਸੰਤ ਰਾਮ ਉਦਾਸੀ ਯਾਦਗਾਰੀ ਵਿਸ਼ਾਲ ਕਵੀ ਦਰਬਾਰ

ਬਰਨਾਲਾ,26(ਰਾਕੇਸ਼ ਜੇਠੀ)- ਸਾਹਿਤ ਸਰਵਰ ਬਰਨਾਲਾ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਸਰਕਾਰੀ ਸੀਨੀਅਰ ਸੈਕੰਡਰੀ ਐਮੀਨੈਂਸ ਸਕੂਲ ਹੰਢਿਆਇਆ ਬਾਜ਼ਾਰ ਬਰਨਾਲਾ ਵਿਖੇ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪ੍ਰਸਿੱਧ ਕਵੀ ਸੀ ਮਾਰਕੰਡਾ ਨੇ ਕੀਤੀ। ਪ੍ਰਧਾਨਗੀ ਭਾਸ਼ਨ ਦਿੰਦਿਆਂ ਉਨ੍ਹਾਂ ਕਿਹਾ ਕਿ ਉਦਾਸੀ ਯੁੱਗਾਂ ਵਿਚ ਜਿਉਣ ਵਾਲ਼ਾ ਕਵੀ ਹੈ। ਉਸ ਵਰਗਾ ਲੋਕ ਪੀੜ ਨੂੰ ਪ੍ਰਣਾਇਆ ਹੋਇਆ ਕਵੀ ਨਾ ਅਜੇ ਤੱਕ ਪੈਦਾ ਨਹੀਂ ਹੋਇਆ ਹੈ, ਆਉਣ ਵਾਲੇ ਸਮੇਂ ਵਿਚ ਵੀ ਪੈਦਾ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਉਨ੍ਹਾਂ ਦੀ ਸਪੁੱਤਰੀ ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਮੇਰੇ ਪਾਪਾ ਇਨਾਮਾਂ ਪਿੱਛੇ ਭੱਜਣ ਵਾਲ਼ੇ ਕਵੀ ਨਹੀਂ ਸਨ। ਸੱਤਾਧਾਰੀ ਧਿਰ ਨੇ ਉਨ੍ਹਾਂ ‘ਤੇ ਤਸੱਦਦ ਵੀ ਕੀਤਾ ਨਾ ਉਸਨੂੰ ਝੁਕਾ ਸਕੀ ਤੇ ਨਾ ਹੀ ਥਿੜਕਾ। ਡਾ ਸੁਰਿੰਦਰ ਸਿੰਘ ਭੱਠਲ ਨੇ ਕਿਹਾ ਕਿ ਸੰਤ ਰਾਮ ਉਦਾਸੀ ਨੇ ਆਪਣੀ ਧਰਤ ਫੇਰੀ ਦਾ ਕਰਜ਼ ਲੋਕ ਗੀਤਾਂ ਵਰਗੇ ਗੀਤ ਲਿਖ ਕੇ ਲਾਹਿਆ। ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਜਦੋਂ ਤੱਕ ਕਿਰਤ ਦੀ ਲੱਟ ਹੁੰਦੀ ਰਹੇਗੀ ,ਉਦਾਸੀ ਦੇ ਗੀਤ ਉਦੋਂ ਤੱਕ ਸਮੇਂ ਦੀ ਮਾਰ ਹੇਠ ਨਹੀਂ ਆਉਣਗੇ। ਡਾ ਭੁਪਿੰਦਰ ਸਿੰਘ ਬੇਦੀ, ਚਰਨਜੀਤ ਕੌਰ ਭੋਤਨਾ, ਪਰਮਜੀਤ ਕੌਰ ਜੋਧਪੁਰ, ਡਾ ਸੰਪੂਰਨ ਸਿੰਘ ਟੱਲੇਵਾਲੀਆ, ਡਾ ਇੰਦਰਜੀਤ ਸਿੰਘ ਅਤੇ ਹੋਰਨਾਂ ਬੁਲਾਰਿਆਂ ਨੇ ਉਦਾਸੀ ਦੇ ਜੀਵਨ ਤੇ ਗੀਤ-ਕਵਿਤਾ ਦੀ ਵਡਿਆਈ ਕਰਦਿਆਂ ਕਿਹਾ ਕਿ ਉਦਾਸੀ ਨੇ ਕਿਰਤੀ ਦੀ ਹੋਣੀ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਅਤੇ ਕਿਰਤੀਆਂ ਦੀ ਹੋਣੀ ਦੇ ਹੀ ਗੀਤ ਲਿਖੇ। ਕਵੀ ਦਰਬਾਰ ਵਿਚ ਚਮਕੌਰ ਸਿੰਘ ਸੇਖੋਂ, ਰਾਮ ਸਰੂਪ ਸ਼ਰਮਾ, ਰਾਜਿੰਦਰ ਸੌਂਕੀ, ਅੰਜਨਾ ਮੈਨਿਨ, ਅਕ੍ਰਿਤੀ ਕੌਸ਼ਲ, ਡਾ ਰਾਮਪਾਲ ਸ਼ਾਹਪੁਰੀ, ਸਾਗਰ ਸਿੰਘ ਸਾਗਰ, ਸੁਰਜੀਤ ਸਿੰਘ ਦਿਹੜ, ਮਨੀ ਅਮ੍ਰਿਤਸਰੀ, ਅਰਮਾਨ ਭੋਤਨਾ, ਦਰਸ਼ਨ ਸਿੰਘ ਚੀਮਾ, ਜੱਸਾ ਸਿੰਘ ਨਹਿਲ, ਜਗਦੀਪ ਚੌਹਾਨਕੇ, ਜਗਜੀਤ ਗੁਰਮ, ਪਾਲ ਸਿੰਘ ਲਹਿਰੀ, ਪਰਮਜੀਤ ਰਾਜਗੜ੍ਹ, ਰਜਨੀਸ਼ ਕੌਰ ਬਬਲੀ, ਇਕਬਾਲਦੀਨ ਬਾਠਾਂ, ਪ੍ਰੋਫੈਸਰ ਹਰਪ੍ਰੀਤ ਕੌਰ, ਲਖਵੀਰ ਸਿੰਘ ਠੀਕਰੀਵਾਲਾ, ਹਾਕਮ ਸਿੰਘ ਰੂੜੇਕੇ, ਰਘਵੀਰ ਸਿੰਘ ਗਿੱਲ ਕੱਟੂ, ਲਛਮਣ ਸਿੰਘ ਮੁਸਾਫ਼ਿਰ, ਜਗਤਾਰ ਬੈਂਸ ਅਤੇ ਕਰਮਜੀਤ ਸਿੰਘ ਭੋਤਨਾ ਨੇ ਆਪਣੇ ਲਿਖੇ ਅਤੇ ਸੰਤ ਰਾਮ ਉਦਾਸੀ ਦੇ ਗੀਤ ਗਾਏ। ਸਟੇਜ ਦਾ ਫ਼ਰਜ਼ ਜਨਰਲ ਸਕੱਤਰ ਐਡਵੋਕੇਟ ਕੁਲਵੰਤ ਸਿੰਘ ਧਿੰਗੜ ਨੇ ਨਿਭਾਇਆ। ਅੰਤ ਵਿਚ ਸਰਵਰ ਦੇ ਪ੍ਰਧਾਨ ਬਲਵਿੰਦਰ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਉਦਾਸੀ ਬਾਰੇ ਸਮਾਗਮਾਂ ਦੀ ਲੜੀ ਵਿਚ ਕੱਲ੍ਹ 27 ਮਾਰਚ ਨੂੰ ਸਵੇਰੇ 10 ਵਜੇ ਐਸ ਐਸ ਡੀ ਕਾਲਜ ਬਰਨਾਲਾ ਵਿਖੇ ਛੇਵਾਂ ਸੰਤ ਰਾਮ ਉਦਾਸੀ ਗੀਤ ਮੁਕਾਬਲਾ ਕਰਵਾਇਆ ਜਾ ਰਿਹਾ ਹੈ।
ਕੈਪਸ਼ਨ- ਬਰਨਾਲਾ ਵਿਖੇ ਸੰਤ ਰਾਮ ਉਦਾਸੀ ਯਾਦਗਾਰੀ ਕਵੀ ਦਰਬਾਰ ਵਿਚ ਸ਼ਾਮਿਲ ਕਵੀ ਅਤੇ ਕਵਿਤਾ ਪ੍ਰੇਮੀ।
