ਥਾਣਾ ਧਨੌਲਾ ਦੇ SHO ਨੂੰ ਮੁਅੱਤਲ ਕਰਨ ਦੀ ਕਾਰਵਾਈ ਮਨਜ਼ੂਰ ਨਹੀਂ,FIR ਦਰਜ ਹੋਣ ਤੱਕ ਸੰਘਰਸ਼ ਕਰਾਂਗੇ-ਵਿਧਾਇਕ ਢਿੱਲੋਂ

IMG-20260324-WA0027.jpg

ਸੱਤਾਧਾਰੀਆਂ ‘ਤੇ ਥਾਣਿਆਂ ਨੂੰ ਦੁਕਾਨਾਂ ਬਣਾਉਣ ਦੇ ਵੀ ਲਗਾਏ ਗੰਭੀਰ ਦੋਸ਼

ਬਰਨਾਲਾ,24 ਮਾਰਚ, (ਰਾਕੇਸ਼ ਜੇਠੀ)–ਜ਼ਿਲ੍ਹੇ ਦੇ ਪਿੰਡ ਰਾਜਗੜ੍ਹ ਵਿੱਚ ਪਿਛਲੇ ਦਿਨੀ ਵਾਪਰੇ ਇਕ ਘਟਨਾਕ੍ਰਮ ਵਿੱਚ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਥਾਣਾ ਧਨੌਲਾ ਦੇ ਐਸਐਚਓ ਨੂੰ ਬਚਾਉਣ ਦੇ ਯਤਨਾਂ ਦੀ ਸਖ਼ਤ ਨਿਖੇਧੀ ਕਰਦੇ ਹੋਏ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਐਸਐਚਓ ਵੱਲੋਂ ਇੱਕ ਪਰਿਵਾਰ ਦੀਆਂ ਔਰਤਾਂ ਨਾਲ ਕੀਤੀ ਬਦਸਲੂਕੀ ਅਤੇ ਮਾੜੇ ਵਿਵਹਾਰ ਦੀ ਪੂਰੀ ਕਾਰਵਾਈ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਐਸਐਚਓ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰਨ ਦੀ ਕਾਰਵਾਈ ਕੀਤੀ ਗਈ ਹੈ ਜਦ ਕਿ ਇਸ ਮਾਮਲੇ ‘ਚ ਐਸਐਚਓ ‘ਤੇ FIR ਦਰਜ ਹੋਣੀ ਚਾਹੀਦੀ ਹੈ।

ਸਥਾਨਕ ਰੈਸਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਇਕ ਕਾਲਾ ਢਿੱਲੋਂ  ਨੇ ਕਿਹਾ ਕਿ ਪਿੰਡ ਰਾਜਗੜ੍ਹ ਵਿੱਚ ਇੱਕ ਗਲੀ ਬਣਾਉਣ ਦੇ ਝਗੜੇ ਸਬੰਧੀ ਮੌਕੇ ‘ਤੇ ਸਿਵਲ ਵਰਦੀ ਵਿੱਚ ਪੁੱਜੇ ਥਾਣਾ ਧਨੌਲਾ ਦੇ ਐਸਐਚਓ ਲਖਬੀਰ ਸਿੰਘ ਨੇ ਆਤਮ ਹੱਤਿਆ ਦੀ ਯਤਨ ਕਰਨ ਵਾਲੇ ਨੌਜਵਾਨ ਮਨਜਿੰਦਰ ਸਿੰਘ ਦੀਆਂ ਪਰਿਵਾਰਕ ਔਰਤਾਂ ਨੂੰ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਜਿਸ ਤੋਂ ਖ਼ਫ਼ਾ ਹੋ ਕੇ ਮਨਜਿੰਦਰ ਸਿੰਘ ਨੇ ਸਪਰੇ ਪੀਤੀ ਜੋ ਅਜੇ ਤੱਕ ਵੀ ਜੇਰੇ ਇਲਾਜ ਹੈ। ਉਹਨਾਂ ਕਿਹਾ ਕਿ ਪੁਲਿਸ ਨੇ ਸਿਰਫ ਪਿੰਡ ਦੀ ਇੱਕ ਪੰਚਾਇਤ ਮੈਂਬਰ ‘ਤੇ ਐਫਆਈਆਰ ਦਰਜ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਗੱਲ ਕੀਤੀ ਹੈ ਜਦੋਂ ਕਿ ਮਨਜਿੰਦਰ ਸਿੰਘ ਨੇ ਮੌਕੇ ‘ਤੇ ਪੁੱਜੇ ਐਸ ਐਚ ਓ ਲਖਬੀਰ ਸਿੰਘ ਦੇ ਵਿਵਹਾਰ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਸਬੰਧੀ ਖਤਰਨਾਕ ਕਦਮ ਚੁੱਕਿਆ ਪ੍ਰੰਤੂ ਪਰਿਵਾਰਕ ਮੈਂਬਰਾਂ ਵੱਲੋਂ ਮੌਕੇ ‘ਤੇ ਉਸ ਨੂੰ ਦਾਖਲ ਕਰਵਾਏ ਜਾਣ ਕਰਕੇ ਉਸ ਦੀ ਜਾਨ ਬਚ ਗਈ।

ਵਿਧਾਇਕ ਢਿੱਲੋਂ ਨੇ ਹਲਕੇ ਦੇ ਸੱਤਾਧਾਰੀ ਆਗੂਆਂ ‘ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਇਨਾਂ ਸੱਤਾਧਾਰੀ ਆਗੂਆਂ ਨੇ ਥਾਣਿਆਂ ਨੂੰ ਦੁਕਾਨਾਂ ਬਣਾਇਆ ਹੋਇਆ ਹੈ ਅਤੇ ਥਾਣਿਆਂ ‘ਚ ਲੱਗੇ ਅਫਸਰਾਂ ਨੂੰ ‘ਕਮਾਊ ਪੁੱਤਰਾਂ’ ਦਰਜਾ ਦੇ ਕੇ ਇਹਨਾਂ ਨੂੰ ਹਰ ਤਰ੍ਹਾਂ ਦੀ ਸ਼ਹਿ ਦਿੱਤੀ ਜਾ ਰਹੀ ਹੈ ਜਿਸ ਕਾਰਨ ਇਹ ਅਫ਼ਸਰ ਲੋਕਾਂ ਨਾਲ ਸ਼ਰੇਆਮ ਧੱਕੇਸ਼ਾਹੀਆਂ ਕਰ ਰਹੇ ਹਨ। ਉਹਨਾਂ ਕਿਹਾ ਕਿ ਐਸ ਐਚ ਓ ਧਨੌਲਾ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਪਿੰਡਾਂ ਵਿੱਚ ਲੋਕਾਂ ਨਾਲ ਧੱਕੇਸ਼ਾਹੀ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ ਜਿਹੜੀਆਂ ਕਿ ਜ਼ਿਲਾ ਪੁਲਿਸ ਮੁਖੀ ਦੇ ਵੀ ਧਿਆਨ ਵਿੱਚ ਹਨ ਇਸ ਦੇ ਬਾਵਜੂਦ ਵੀ ਪਤਾ ਨਹੀਂ ਕਿਹੜੀ ਮਜਬੂਰੀਵੱਸ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਐਸਐਚਓ ਦੇ ਖ਼ਿਲਾਫ਼ ਸਿਰਫ਼ ਮੁਅੱਤਲ ਕਰਨ ਦੀ ਕਾਰਵਾਈ ਕੀਤੀ ਗਈ ਹੈ ਜਦਕਿ ਰਾਜਗੜ੍ਹ ਦਾ ਘਟਨਾਕਰਮ ਸਪੱਸ਼ਟ ਕਰਦਾ ਹੈ ਕਿ ਐਸਐਚਓ ਦੇ ਖ਼ਿਲਾਫ਼ ਸਖਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।

ਵਿਧਾਇਕ ਢਿੱਲੋਂ ਨੇ ਪੰਜਾਬ ਦੇ ਮਹਿਲਾ ਕਮਿਸ਼ਨ ਅਤੇ ਐਸਸੀ ਕਮਿਸ਼ਨ ਦੀ ਕਾਰਜਕੁਸ਼ਲਤਾ ‘ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਹੁਣ ਮਹਿਲਾ ਕਮਿਸ਼ਨ ਨੂੰ ਰਾਜਗੜ੍ਹ ਦੀਆਂ ਔਰਤਾਂ ਦੇ ਹੰਝੂ ਕਿਉਂ ਨਹੀਂ ਦਿਸ ਰਹੇ। ਉਹਨਾਂ ਕਿਹਾ ਕਿ ਸੂਬਾ ਮਹਿਲਾ ਕਮਿਸ਼ਨ ਅਤੇ ਐਸਸੀ ਕਮਿਸ਼ਨ ਸੱਤਾਧਾਰੀਆਂ ਦੀ ਕਠਪੁਤਲੀ ਬਣੇ ਹੋਏ ਹਨ, ਜਿਹੜੇ ਸੱਤਾ ਦੇ ਇਸ਼ਾਰੇ ‘ਤੇ ਹੀ ਕੰਮ ਕਰ ਰਹੇ ਹਨ।
ਵਿਧਾਇਕ ਢਿੱਲੋਂ ਨੇ ਕਿਹਾ ਕਿ ਇਹ ਐਸਐਚਓ ਸੱਤਾਧਾਰੀਆਂ ਦਾ ਚਹੇਤਾ ਹੈ ਜਿਸ ਨੂੰ ਬਚਾਉਣ ਲਈ ਸਥਾਨਕ ਸੱਤਾਧਾਰੀ ਆਗੂ ਹੀ ਪੁਲਿਸ ਪ੍ਰਸ਼ਾਸਨ ‘ਤੇ ਦਬਾਅ ਬਣਾ ਰਹੇ ਹਨ।‌ ਉਹਨਾਂ ਕਿਹਾ ਕਿ ਇਹਨਾਂ ਸੱਤਾਧਾਰੀ ਆਗੂਆਂ ਦੇ ਸ਼ਹਿ ‘ਤੇ ਹੀ ਪਿਛਲੇ ਦਿਨੀਂ ਕਾਂਗਰਸ ਪਾਰਟੀ ਦੇ ਵਰਕਰਾਂ ‘ਤੇ ਬਰਨਾਲਾ ਜ਼ਿਲ੍ਹੇ ‘ਚ ਕਈ ਝੂਠੇ ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਤਸ਼ੱਦਦ ਵੀ ਕੀਤਾ ਗਿਆ ਹੈ। ‌ਵਿਧਾਇਕ ਢਿੱਲੋਂ ਨੇ ਇਹਨਾਂ ਸੱਤਾਧਾਰੀ ਆਗੂਆਂ ਨੂੰ ਵੀ ਚੇਤਾਵਨੀ ਦਿੱਤੀ ਕਿ ਸਰਕਾਰ ਦੇ ਸਿਰਫ ਛੇ ਕੁ ਮਹੀਨਿਆਂ ਦਾ ਸਮਾਂ ਬਚਿਆ ਹੈ, ਜਿਸ ਤੋਂ ਬਾਅਦ ਇਹ ਲੈਣੇ ਦੇ ਦੇਣੇ ਵੀ ਪੈ ਸਕਦੇ ਹਨ। ਵਿਧਾਇਕ ਢਿੱਲੋ ਨੇ ਚੇਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਦੇ ਵਿੱਚ ਸਬੰਧਿਤ ਐਸਐਚਓ ਦੇ ਖ਼ਿਲਾਫ਼ ਪੁਲਿਸ ਨੇ ਐਫ ਆਈ ਆਰ ਦਰਜ ਨਾ ਕੀਤੀ ਤਾਂ ਕਾਂਗਰਸ ਪਾਰਟੀ ਸੜਕਾਂ ‘ਤੇ ਉਤਰੇਗੀ ਅਤੇ ਸਖ਼ਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ‌

About The Author

You may have missed