ਬਰਨਾਲਾ ‘ਚ ਮਾਨਵਤਾ ਸ਼ਰਮਸਾਰ: ਬਜੁਰਗ ਮਾਤਾ ਦੀ ਸੇਵਾ ਲਈ ਰੱਖੀ ਕੇਅਰ ਟੇਕਰ ਨੇ ਹੀ ਲੁੱਟਿਆ ਘਰ, 19 ਤੋਲੇ ਸੋਨਾ ਤੇ ਨਕਦੀ ਲੈ ਕੇ ਫ਼ਰਾਰ

PrimekhabarPunjab Barnala

ਸਤਿਸੰਗ ‘ਚ ਗਏ ਪਰਿਵਾਰ ਪਿਛੋਂ ਵਾਪਰੀ ਵਾਰਦਾਤ

ਬਰਨਾਲਾ, 18 ਮਾਰਚ (ਰਾਕੇਸ਼ ਜੇਠੀ): ਬਰਨਾਲਾ ਸ਼ਹਿਰ ਦੇ ਬੱਸ ਸਟੈਂਡ ਨੇੜਲੇ ਇਲਾਕੇ ‘ਚ ਸਥਿਤ ਭਾਰਤ ਕੰਪਿਊਟਰ ਸੈਂਟਰ ਵਾਲੀ ਗਲੀ ’ਚ ਵਿਸ਼ਵਾਸਘਾਤ ਤੇ ਚੋਰੀ ਦੀ ਇਕ ਅਜਿਹੀ ਰੌਂਗਟੇ ਖੜ੍ਹੇ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਨੇ ਸਮਾਜਿਕ ਰਿਸ਼ਤਿਆਂ ਤੇ ਭਰੋਸੇ ‘ਤੇ ਵੱਡਾ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਇਥੇ ਇਕ ਪਰਿਵਾਰ ਵਲੋਂ ਆਪਣੀ ਬਜ਼ੁਰਗ ਮਾਤਾ ਦੀ ਦੇਖਭਾਲ ਲਈ ਰੱਖੀ ਗਈ ਕੇਅਰ ਟੇਕਰ ਨੇ ਹੀ ਮੌਕਾ ਪਾ ਕੇ ਘਰ ਦੇ ਜੀਵਨ ਭਰ ਦੀ ਪੂੰਜੀ ‘ਤੇ ਹੱਥ ਸਾਫ਼ ਕਰ ਦਿੱਤਾ। ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਮਹਿਲਾ ਕੇਅਰ ਟੇਕਰ ਨੇ ਪਰਿਵਾਰ ਨੂੰ ਅਜਿਹਾ ਜ਼ਖ਼ਮ ਦਿੱਤਾ ਹੈ। ਜਿਸ ਦੀ ਭਰਪਾਈ ਹੋਣੀ ਮੁਸ਼ਕਿਲ ਹੈ। ਪੀੜਤ ਪ੍ਰਵੀਨ ਗਰਗ ਪੁੱਤਰ ਸੁਰਿੰਦਰਪਾਲ ਗਰਗ ਨੇ ਥਾਣਾ ਸਿਟੀ-1 ਬਰਨਾਲਾ ਵਿਖੇ ਆਪਣੇ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਬੀਤੀ 15 ਮਾਰਚ ਨੂੰ ਉਹ ਆਪਣੇ ਪੂਰੇ ਪਰਿਵਾਰ ਸਣੇ ਸ਼ਹਿਰ ’ਚ ਆਯੋਜਿਤ ਇਕ ਧਾਰਮਿਕ ਸਤਿਸੰਗ ਸੁਣਨ ਲਈ ਗਏ ਹੋਏ ਸਨ। ਘਰ ’ਚ ਉਸ ਦੀ ਬਜ਼ੁਰਗ ਮਾਤਾ ਤੀਰਥਾ ਦੇਵੀ ਇਕੱਲੇ ਸਨ। ਜੋ ਸਰੀਰਕ ਤੌਰ ‘ਤੇ ਬੇਹੱਦ ਲਾਚਾਰ ਹਨ। ਮਾਤਾ ਜੀ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਤੇ ਉਹ ਸ਼ੂਗਰ ਦੀ ਗੰਭੀਰ ਬਿਮਾਰੀ ਕਾਰਨ ਚੱਲਣ-ਫਿਰਨ ਤੋਂ ਅਸਮਰੱਥ ਹਨ। ਇੱਥੋਂ ਤਕ ਕਿ ਉਨ੍ਹਾਂ ਦੇ ਪੈਰਾਂ ਦੀਆਂ ਉਂਗਲਾਂ ਵੀ ਬਿਮਾਰੀ ਕਾਰਨ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀਆਂ ਹਨ। ਜਦੋਂ ਪਰਿਵਾਰ ਸਤਿਸੰਗ ਤੋਂ ਵਾਪਸ ਘਰ ਪਰਤਿਆ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਸਭ ਦੇ ਹੋਸ਼ ਉਡ ਗਏ। ਘਰ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਤੇ ਸਾਰਾ ਸਾਮਾਨ ਇਧਰ-ਉਧਰ ਖਿੱਲਰਿਆ ਪਿਆ ਸੀ।
—ਸੀਸੀਟੀਵੀ ਫੁਟੇਜ ਨੇ ਬੇਨਕਾਬ ਕੀਤੀ ‘ਘਰ ਦੀ ਭੇਤੀ’
ਚੋਰੀ ਦੀ ਘਟਨਾ ਤੋਂ ਤੁਰੰਤ ਬਾਅਦ ਜਦੋਂ ਪ੍ਰਵੀਨ ਗਰਗ ਨੇ ਘਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਸਾਰੀ ਸੱਚਾਈ ਸ਼ੀਸ਼ੇ ਵਾਂਗ ਸਾਫ਼ ਹੋ ਗਈ। ਫੁਟੇਜ ’ਚ ਦੇਖਿਆ ਗਿਆ ਕਿ ਜਿਵੇਂ ਹੀ ਪਰਿਵਾਰ ਘਰੋਂ ਬਾਹਰ ਗਿਆ। ਕੇਅਰ ਟੇਕਰ ਸਰਬਜੀਤ ਕੌਰ ਪਤਨੀ ਪ੍ਰੇਮ ਸਿੰਘ ਵਾਸੀ ਜੋਧਪੁਰ ਨੇ ਆਪਣੀ ਅਸਲੀਅਤ ਦਿਖਾ ਦਿੱਤੀ। ਉਹ ਬੜੀ ਬੇਦਰਦੀ ਨਾਲ ਬਿਮਾਰ ਮਾਤਾ ਨੂੰ ਕਮਰੇ ’ਚ ਛੱਡ ਕੇ ਅਲਮਾਰੀਆਂ ਫਰੋਲਣ ਲੱਗ ਪਈ ਤੇ ਕੀਮਤੀ ਸਾਮਾਨ ਸਮੇਟ ਕੇ ਮੌਕੇ ਤੋਂ ਫ਼ਰਾਰ ਹੋ ਗਈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਸਰਬਜੀਤ ਕੌਰ ‘ਤੇ ਬਹੁਤ ਭਰੋਸਾ ਕੀਤਾ ਸੀ। ਪਰ ਉਸ ਨੇ ਮੌਕਾ ਪਾਉਂਦੇ ਹੀ ਪੂਰੇ ਘਰ ਨੂੰ ਲੁੱਟ ਲਿਆ।
—19 ਤੋਲੇ ਸੋਨਾ ਤੇ ਧੀਆਂ ਦੇ ਭਵਿੱਖ ਦੀ ਪੂੰਜੀ ਗਾਇਬ
ਪੀੜਤ ਪਰਿਵਾਰ ਅਨੁਸਾਰ ਚੋਰੀ ਹੋਏ ਗਹਿਿਣਆਂ ਦੀ ਮਾਤਰਾ ਕਰੀਬ 19 ਤੋਲੇ ਹੈ। ਇਨ੍ਹਾਂ ’ਚ 3 ਸੋਨੇ ਦੀਆਂ ਚੂੜੀਆਂ, 2 ਲੇਡੀਜ਼ ਕੜੇ, 3 ਲੇਡੀਜ਼ ਰਿੰਗ, 2 ਜੈਂਟਸ ਰਿੰਗ, 1 ਸੋਨੇ ਦੀ ਚੇਨ, 1 ਕੀਮਤੀ ਲੌਕਟ ਤੇ 1 ਭਾਰੀ ਜੈਂਟਸ ਕੜਾ ਸ਼ਾਮਲ ਹੈ। ਇਸ ਤੋਂ ਇਲਾਵਾ ਅਲਮਾਰੀ ’ਚ ਰੱਖੀ 5 ਹਜ਼ਾਰ ਰੁਪਏ ਦੀ ਨਕਦੀ ਵੀ ਗਾਇਬ ਸੀ। ਇਸ ਘਟਨਾ ਨੇ ਬਜ਼ੁਰਗ ਮਾਤਾ ਤੀਰਥਾ ਦੇਵੀ ਨੂੰ ਡੂੰਘਾ ਸਦਮਾ ਪਹੁੰਚਾਇਆ ਹੈ। ਉਨ੍ਹਾਂ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਇਹ ਸਾਰਾ ਸੋਨਾ ਉਨ੍ਹਾਂ ਦੇ ਆਪਣੇ ਵਿਆਹ ਦਾ ਸੀ। ਜਿਸ ਨੂੰ ਉਨ੍ਹਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਆਪਣੀਆਂ ਚਾਰ ਧੀਆਂ ਦੇ ਵਿਆਹਾਂ ਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਸੰਭਾਲ ਕੇ ਰੱਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਘਰ ਦੀ ਭੇਤੀ ਨੇ ਉਨ੍ਹਾਂ ਦੀ ਉਮਰ ਭਰ ਦੀ ਕਮਾਈ ਇਕ ਪਲ ’ਚ ਉਡਾ ਦਿੱਤੀ।
—ਪੁਲਿਸ ਵਲੋਂ ਮਾਮਲਾ ਦਰਜ ਤੇ ਭਾਲ ਜਾਰੀ
ਥਾਣਾ ਸਿਟੀ-1 ਬਰਨਾਲਾ ਦੇ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਵੀਨ ਗਰਗ ਦੇ ਬਿਆਨਾਂ ਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮਹਿਲਾ ਸਰਬਜੀਤ ਕੌਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਜੋ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਚੋਰੀ ਹੋਇਆ ਮਾਲ ਬਰਾਮਦ ਕਰ ਲਿਆ ਜਾਵੇਗਾ। ਇਸ ਵਾਰਦਾਤ ਤੋਂ ਬਾਅਦ ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਮੁੜ ਸੁਚੇਤ ਕੀਤਾ ਹੈ ਕਿ ਉਹ ਘਰਾਂ ’ਚ ਨੌਕਰ ਜਾਂ ਕੇਅਰ ਟੇਕਰ ਰੱਖਣ ਤੋਂ ਪਹਿਲਾਂ ਉਨ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਉਣ ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।

About The Author

You may have missed