ਹੰਡਿਆਇਆ ’ਚ ਸ਼ਰਾਬ ਦੇ ਠੇਕੇ ’ਤੇ ਚੈਕਿੰਗ ਕਰਨ ਗਈ ਸਿਹਤ ਵਿਭਾਗ ਦੀ ਟੀਮ ਨੂੰ ਬਿਨਾਂ ਬਿਨ੍ਹਾਂ ਚੈਕਿੰਗ ਕੀਤੇ ਮੁੜਨਾ ਪਿਆ ਵਾਪਸ

PrimekhabarPunjab Liquer

ਹੰਡਿਆਇਆ- 5 ਮਾਰਚ (ਰਾਕੇਸ਼ ਜੇਠੀ): ਬਰਨਾਲਾ ਦੇ ਨਜ਼ਦੀਕੀ ਕਸਬੇ ਹੰਡਿਆਇਆ ਵਿਖੇ ਉਸ ਸਮੇਂ ਮਾਮਲਾ ਗੰਭੀਰ ਹੋ ਗਿਆ। ਜਦੋਂ ਮਿਆਦ ਲੰਘੀ ਬੀਅਰ ਵਿਕਣ ਦੇ ਮਾਮਲੇ ’ਚ ਸਿਹਤ ਵਿਭਾਗ ਦੀ ਟੀਮ ਨੂੰ ਸ਼ਰਾਬ ਦੇ ਵਲੋਂ ਚੈਕਿੰਗ ਕਰਵਾਉਣ ਤੋਂ ਸਾਫ਼ ਇਨਕਾਰ ਕੀਤੇ ਜਾਣ ਤੋਂ ਬਾਅਦ ਫੂਡ ਸੇਫਟੀ ਵਿਭਾਗ ਦੀ ਟੀਮ ਨੂੰ ਬਿਨਾਂ ਕਿਸੇ ਕਾਰਵਾਈ ਦੇ ਖਾਲੀ ਹੱਥ ਪਰਤਣਾ ਪਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਅਫਸਰ ਬਰਨਾਲਾ ਚਰਨਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਬਰਨਾਲਾ ਤੇ ਹੰਡਿਆਇਆ ਖੇਤਰ ’ਚ ਸ਼ਰਾਬ ਦੇ ਠੇਕੇ ਤੇ ਮਿਆਦ ਲੰਘੀ ਬੀਅਰ ਦੀ ਵਿਕਰੀ ਕੀਤੀ ਜਾ ਰਹੀ ਹੈ। ਜੋ ਕਿ ਲੋਕਾਂ ਦੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਇਸ ਸੂਚਨਾ ਦੇ ਅਧਾਰਤੇ ਜਦੋਂ ਵਿਭਾਗ ਦੀ ਟੀਮ ਵੀਰਵਾਰ ਨੂੰ ਠੇਕੇ ਦੀ ਚੈਕਿੰਗ ਕਰਨ ਤੇ ਨਮੂਨੇ ਲੈਣ ਪਹੁੰਚੀ ਤਾਂ ਉਥੇ ਮੌਜੂਦ ਕਰਮਚਾਰੀ ਨੇ ਪਹਿਲਾਂ ਠੇਕੇਦਾਰ ਨਾਲ ਗੱਲ ਕਰਨ ਦਾ ਹਵਾਲਾ ਦਿੱਤਾ। ਉਨ੍ਹਾਂ ਦੱਸਿਆ ਕਿ ਠੇਕੇਦਾਰ ਨੇ ਸਹਿਯੋਗ ਕਰਨ ਦੀ ਬਜਾਏ ਐਕਸਾਈਜ਼ ਪਾਲਿਸੀ ਦਾ ਤਰਕ ਪੇਸ਼ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਨੂੰ ਇਕੱਲਿਆਂ ਚੈਕਿੰਗ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਉਨ੍ਹਾਂ ਸ਼ਰਤ ਰੱਖੀ ਕਿ ਜੇਕਰ ਚੈਕਿੰਗ ਕਰਨੀ ਹੈ ਤਾਂ ਫੂਡ ਸੇਫਟੀ ਵਿਭਾਗ ਨੂੰ ਆਪਣੇ ਨਾਲ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਲੈ ਕੇ ਆਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਜਦ ਪਾਲਿਸੀ ਦੀ ਕਾਪੀ ਮੰਗੀ ਤਾਂ ਠੇਕੇਦਾਰ ਨੇ ਇਸ ਬਾਰੇ ਵੀ ਐਕਸਾਈਜ਼ ਵਿਭਾਗ ਨਾਲ ਹੀ ਤਾਲਮੇਲ ਕਰਨ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ। ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਸ਼ਰਾਬ ਤੇ ਬੀਅਰ ਵੀ ਖਾਣ-ਪੀਣ ਵਾਲੀਆਂ ਵਸਤਾਂ ਦੇ ਘੇਰੇ ’ਚ ਆਉਂਦੀਆਂ ਹਨ। ਇਸ ਲਈ ਵਿਭਾਗ ਕੋਲ ਕਿਸੇ ਵੀ ਸ਼ਰਾਬ ਦੇ ਠੇਕੇ ਦੀ ਚੈਕਿੰਗ ਕਰਨ ਤੇ ਨਮੂਨੇ ਲੈਣ ਦਾ ਪੂਰਾ ਕਾਨੂੰਨੀ ਅਧਿਕਾਰ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਨੂੰ ਕਾਨੂੰਨੀ ਪੱਖ ਸਮਝਾਉਣ ਦੇ ਬਾਵਜੂਦ ਵੀ ਜਦੋਂ ਉਨ੍ਹਾਂ ਨੇ ਚੈਕਿੰਗ ਨਹੀਂ ਕਰਨ ਦਿੱਤੀ ਤਾਂ ਟੀਮ ਨੂੰ ਮਜਬੂਰਨ ਵਾਪਸ ਮੁੜਨਾ ਪਿਆ।

ਜਾਣਕਾਰੀ ਦਿੰਦੇ ਫੂਡ ਸੇਫਟੀ ਇੰਸਪੈਕਟਰ ਚਰਨਜੀਤ ਸਿੰਘ


—ਉਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਰਿਪੋਰਟ
ਇਸ ਘਟਨਾ ਨੂੰ ਸਰਕਾਰੀ ਡਿਊਟੀ ’ਚ ਵਿਘਨ ਪਾਉਣ ਦੇ ਤੌਰ `ਤੇ ਵੀ ਦੇਖਿਆ ਜਾ ਰਿਹਾ ਹੈ। ਫੂਡ ਸੇਫਟੀ ਅਫ਼ਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਠੇਕੇਦਾਰ ਵਲੋਂ ਸਹਿਯੋਗ ਤੇ ਚੈਕਿੰਗ ਨਾ ਕਰਨ ਦੀ ਪੂਰੀ ਰਿਪੋਰਟ ਤਿਆਰ ਕਰਕੇ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਤਾਂ ਜੋ ਇਸ ਮਾਮਲੇ ’ਚ ਅਗਲੇਰੀ ਕਾਰਵਾਈ ਕੀਤੀ ਜਾ ਸਕੇ।
—ਐਕਸਾਈਜ ਵਿਭਾਗ ਦੀ ਹਾਜ਼ਰੀ ਤੋਂ ਬਿਨ੍ਹਾਂ ਨਹੀਂ ਹੋ ਸਕਦੀ ਚੈਕਿੰਗ: ਈਟੀਓ
ਇਸ ਮਾਮਲੇ ਸਬੰਧੀ ਆਬਕਾਰੀ ਵਿਭਾਗ ਦੇ ਈਟੀਓ ਨਵਜੋਤ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਐਕਸਾਈਜ ਪਾਲਸੀ ਤਹਿਤ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਤੋਂ ਬਿਨ੍ਹਾਂ ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਸਿਹਤ ਵਿਭਾਗ ਦੀ ਟੀਮ ਨਾਲ ਜਾ ਕੇ ਚੈਕਿੰਗ ਵੀ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਮਿਆਦ ਲੰਘੀ ਬੀਅਰ ਦੇ ਮਾਮਲੇ ’ਚ ਠੇਕੇ ਦਾ ਚਲਾਨ ਕੱਟਿਆ ਜਾ ਚੁੱਕਾ ਹੈ ਤੇ ਖੁਦ ਉਨ੍ਹਾਂ ਦੇ ਅਧਿਕਾਰੀਆਂ ਵਲੋਂ ਸਾਰੇ ਠੇਕਿਆਂ ਦੀ ਚੈਕਿੰਗ ਕੀਤੀ ਗਈ ਹੈ।

About The Author

You may have missed