ਕਾਂਗਰਸ ਨੇ ਆਪ ਸਰਕਾਰ ਦੇ ਗੱਪਾਂ ਦਾ ਪਰਦਾਫਾਸ਼ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਯੁੱਧ ਗੱਪਾਂ ਵਿਰੁੱਧ…!

PrimekhabarPunjab MLA dhillon

ਆਪ ਸਰਕਾਰ ਹਰ ਖੇਤਰ ’ਚ ਫੇਲ੍ਹ ਸਾਬਤ ਹੋਈ: ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ

ਸਰਕਾਰ ਔਰਤਾਂ ਦੇ ਖਾਤਿਆਂ `ਚ ਤੁਰੰਤ ਪਾਵੇ 48000 : ਕਾਲਾ ਢਿੱਲੋਂ

ਬਰਨਾਲਾ, 5 ਮਾਰਚ (ਰਾਕੇਸ਼ ਜੇਠੀ): ਕਾਂਗਰਸ ਪਾਰਟੀ ਨੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਗੱਪੀਆਂ ਦੀ ਸਰਕਾਰ ਦੱਸਦੇ ਹੋਏ ਯੁੱਧ ਗੱਪਾਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ। ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਰਿਹਾਇਸ਼ ਤੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਆਪ ਸਰਕਾਰ ਖ਼ਿਲਾਫ਼ ਸੂਬੇ ਦੇ ਲੋਕਾਂ ਨਾਲ ਵਾਅਦਾ ਖਿਲਾਫੀ ਦੇ ਦੋਸ਼ ਲਗਾਂਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਦੇ ਲੋਕਾਂ ਨਾਲ ਵੱਖ-ਵੱਖ ਗਰੰਟੀਆਂ ਦਾ ਵਾਅਦਾ ਕਰਕੇ ਸੱਤਾ ਚ ਆਈ। ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਇਹ ਗਰੰਟੀਆਂ ਗੁਮਰਾਹਕੁੰਨ ਨਿਕਲੀਆਂ।

ਉਨ੍ਹਾਂ ਕਿਹਾ ਕਿ ਆਪ ਨੇ ਸੂਬੇ ਦੀਆਂ ਔਰਤਾਂ ਨਾਲ ਪ੍ਰਤੀ ਮਹੀਨਾ 1000 ਰੁਪਏ ਦੀ ਗਰੰਟੀ ਦਿੱਤੀ ਸੀ। ਪ੍ਰੰਤੂ ਸਰਕਾਰ ਦੀ ਇਹ ਗਰੰਟੀ ਝੂਠੀ ਨਿਕਲੀ। ਉਨ੍ਹਾਂ ਸ਼ੰਕਾ ਪ੍ਰਗਟ ਕੀਤੀ ਕਿ ਆਪ ਸਰਕਾਰ ਔਰਤਾਂ ਦੀਆਂ ਅੱਖਾਂ ਪੂੰਝਣ ਲਈ ਬਜਟ ਤੋਂ ਬਾਅਦ ਔਰਤਾਂ ਦੇ ਖਾਤਿਆਂਚ ਦੋ ਕੁ ਹਜ਼ਾਰ ਰੁਪਏ ਪਾ ਸਕਦੀ ਹੈ। ਪਰ ਸਰਕਾਰ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਸਰਕਾਰ ਵੱਲ ਔਰਤਾਂ ਦਾ ਚਾਰ ਸਾਲਾਂ ਦਾ 48000 ਰੁਪਏ ਬਕਾਇਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਖ-ਵੱਖ ਸਮੱਸਿਆਵਾਂ ਦੇ ਖ਼ਿਲਾਫ਼ ਯੁੱਧ ਸ਼ੁਰੂ ਕਰਨ ਦਾ ਢੰਡੋਰਾ ਪਿੱਟ ਰਹੀ ਹੈ। ਪਰ ਅਸਲ ’ਚ ਸਰਕਾਰ ਹਰ ਖੇਤਰ ’ਚ ਫੇਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਸ਼ਾ ਤਸਕਰੀ, ਰਿਸ਼ਵਤਖੋਰੀ ਦੇ ਖ਼ਿਲਾਫ਼ ਸ਼ੁਰੂ ਕੀਤੇ ਜਾਣ ਵਾਲੇ ਯੁੱਧ ਦੀਆਂ ਮੁਹਿੰਮਾਂ ਆਪਣੇ ਆਪ ਸਪੱਸ਼ਟ ਕਰਦੀਆਂ ਹਨ ਕਿ ਪੰਜਾਬ ਆਪ ਸਰਕਾਰ ਦੇ ਕਾਰਜਕਾਲ ਦੇ ਚਾਰ ਸਾਲਾਂ ਦੌਰਾਨ ਵੀ ਨਸ਼ਾ ਤਸਕਰੀ ਤੇ ਰਿਸ਼ਵਤਖੋਰੀ ਦੀ ਦਲਦਲ ’ਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ। ਉਨਾਂ ਦੱਸਿਆ ਕਿ ਕਾਂਗਰਸ ਪਾਰਟੀ ਵਲੋਂ ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਭਾਂਡਾ ਭੰਨਣ ਲਈ ਗੱਪੀਆਂ ਦੀ ਸਰਕਾਰ ਦੇ ਖ਼ਿਲਾਫ਼ ਯੁੱਧ ਗੱਪਾਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਲੋਕਾਂ ’ਚ ਹੇਠਲੇ ਪੱਧਰ ਤੇ ਜਾ ਕੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ਦੇ ਵੱਡੇ ਆਪ ਆਗੂਆਂ ਤੇਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਗੱਪਾਂ ਦਾ ਪਰਦਾਫਾਸ਼ ਕੀਤਾ ਜਾਵੇਗਾ।

ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੇ ਅਮਨ ਕਾਨੂੰਨ ਦੇ ਹਾਲਾਤ ਬਦ ਤੋਂ ਬਦਤਰ ਹਨ। ਇਥੋਂ ਤਕ ਕਿ ਪੁਲਿਸ ਮੁਲਾਜ਼ਮਾਂ ਦੇ ਕਤਲ ਵੀ ਹੋ ਰਹੇ ਹਨ ਤੇ ਪੰਜਾਬ ਪੁਲਿਸ ਨੂੰ ਕਾਤਲ ਲੱਭ ਹੀ ਨਹੀਂ ਰਹੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਅਮਰੀਕਾ ਭਾਰਤ ਵਪਾਰ ਸਮਝੌਤਾ ਕਿਸਾਨਾਂ ਤੇ ਮਜ਼ਦੂਰਾਂ ਨੂੰ ਖ਼ਤਮ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਅਮਰੀਕਾ ਭਾਰਤ ਵਪਾਰ ਸਮਝੌਤੇ ਦੇ ਖ਼ਿਲਾਫ਼ ਸਾਜਿਸ਼ੀ ਚੁਪ ਧਾਰੀ ਹੋਈ ਹੈ। ਜਿਸ ਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ਼ਤਿਹਾਰਬਾਜ਼ੀ ਦੀ ਸਰਕਾਰ ਬਣ ਕੇ ਰਹਿ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਜ਼ਾਨੇ ਦੇ ਸਿਰ `ਤੇ ਆਪ ਆਗੂ ਆਪਣੀ ਮਸ਼ਹੂਰੀ ਕਰ ਰਹੇ ਹਨ। ਪਰ ਇਨ੍ਹਾਂ ਆਗੂਆਂ ਨੇ ਪੰਜਾਬ ਸਿਰ 4 ਲਖ ਕਰੋੜ ਦੇ ਕਰਜ਼ੇ ਤੋਂ ਅੱਖਾਂ ਫੇਰੀਆਂ ਹੋਈਆਂ ਹਨ। ਵਿਧਾਇਕ ਢਿੱਲੋਂ ਨੇ ਕਿਹਾ ਕਿ ਆਪ ਸਰਕਾਰ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਖ਼ਾਤਰ ਨਸ਼ਾ ਤਸਕਰੀ, ਰਿਸ਼ਵਤਖੋਰੀ, ਗੈਂਗਸਟਰਵਾਦ ਦੇ ਖ਼ਿਲਾਫ਼ ਨਕਲੀ ਯੁੱਧ ਸ਼ੁਰੂ ਕਰ ਰਹੀ ਹੈ।

ਪ੍ਰੰਤੂ ਹੁਣ ਕਾਂਗਰਸ ਸੂਬੇ ਦੀ ਸਰਕਾਰ ਦੇ ਕਲਾਕਾਰਾਂ ਖ਼ਿਲਾਫ਼ ਯੁੱਧ ਗੱਪਾਂ ਵਿਰੁੱਧ ਮੁਹਿੰਮ ਸ਼ੁਰੂ ਕਰਕੇ ਲੋਕਾਂ ਨੂੰ ਸਰਕਾਰ ਦਾ ਅਸਲੀ ਚਿਹਰਾ ਦਿਖਾਵੇਗੀ। ਵਿਧਾਇਕ ਢਿੱਲੋਂ ਨੇ ਮੰਗ ਕੀਤੀ ਕਿ ਸਰਕਾਰ 18 ਸਾਲ ਤੋਂ ਉੱਪਰ ਦੀਆਂ ਸੂਬੇ ਦੀਆਂ ਸਾਰੀਆਂ ਔਰਤਾਂ ਦੇ ਖਾਤਿਆਂ ’ਚ ਤੁਰੰਤ 48000 ਦੀ ਬਕਾਇਆ ਰਕਮ ਪਾਵੇ। ਜਿਹੜੀ ਕਿ ਇਨ੍ਹਾਂ ਨੇ ਗਰੰਟੀ ਦਿੱਤੀ ਸੀ। ਵਿਧਾਇਕ ਢਿੱਲੋਂ ਨੇ ਕਿਹਾ ਕਿ ਉਹ ਪੰਜਾਬ ਦੇ ਬਜਟ ਸੈਸ਼ਨ ਦੌਰਾਨ ਪੰਜਾਬ ਦੇ ਲੋਕਾਂ ਨਾਲ ਜੁੜੇ ਮੁੱਦਿਆਂ ਸਬੰਧੀ ਸਰਕਾਰ ਨੂੰ ਘੇਰਨਗੇ। ਇਸ ਮੌਕੇ ਨਰਿੰਦਰ ਸ਼ਰਮਾ, ਹਲਕਾ ਭਦੌੜ ਦੇ ਸੀਨੀਅਰ ਆਗੂ ਰਾਜਵਿੰਦਰ ਸਿੰਘ ਸ਼ੀਤਲ, ਡਿੰਪਲ ਜਿੰਦਲ ਤੋਂ ਇਲਾਵਾ ਵੱਡੀ ਗਿਣਤੀ ’ਚ ਆਗੂ ਤੇ ਵਰਕਰ ਹਾਜ਼ਰ ਸਨ।

About The Author

You may have missed